ਦਾ ਐਡੀਟਰ ਨਿਊਜ਼, ਗੁਰਦਾਸਪੁਰ —— ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਅੱਜ ਗੁਰਦਾਸਪੁਰ ਦੇ ਕਲਾਨੌਰ ਵਿੱਚ ਇੱਕ ਵੱਡੀ ਰੈਲੀ ਕਰਕੇ ਜਿੱਥੇ ਅਕਾਲੀ ਦਲ ਅੰਦਰ ਕਾਲੀਆਂ ਭੇਡਾਂ ਅਤੇ ਪੰਜਾਬ ਦੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤਿੱਖੇ ਹਮਲੇ ਕੀਤੇ, ਉਥੇ ਹੀ ਉਹਨਾਂ ਇਕੱਠ ਦੀਆਂ ਬਾਹਾਂ ਖੜੀਆਂ ਕਰਵਾ ਕੇ ਅਕਾਲੀ ਦਲ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਲੰਗਾਹ ਨੇ ਆਪਣੇ ਰਵਾਇਤੀ ਸੁਭਾਅ ਮੁਤਾਬਿਕ ਗੁਰਦਾਸਪੁਰ ਤੋਂ ਬਾਕੀ ਅਕਾਲੀ ਨੇਤਾਵਾਂ ਨੂੰ ਵੰਗਾਰਦਿਆਂ ਇਹ ਐਲਾਨ ਕੀਤਾ ਸੀ ਕਿ ਉਹ 22 ਮਈ ਨੂੰ ਇਕੱਠ ਕਰਨ ਜਾ ਰਹੇ ਹਨ, ਜੇਕਰ ਕਿਸੇ ਦੇ ਮਾਈ ਦੇ ਲਾਲ ਵਿੱਚ ਦਮ ਹੈ ਤਾਂ ਉਹ ਮੇਰੇ ਜਿੰਨਾ ਇਕੱਠ ਕਰਕੇ ਦਿਖਾਉਣ, ਲੰਗਾਹ ਨੇ ਅੱਜ ਇਕੱਠ ਕਰਕੇ ਇਹ ਸਾਬਤ ਕਰ ਦਿੱਤਾ ਕਿ ਗੁਰਦਾਸਪੁਰ ਦਾ ਜਰਨੈਲ ਉਹ ਹੀ ਹਨ, ਉਹਨਾਂ ਕਿਹਾ ਕਿ ਕਾਂਗਰਸ ਦੀ ਗੋਦੀ ਵਿੱਚ ਆਪਣਾ ਬਚਪਨ ਪੂਰਾ ਕਰਕੇ ਜਿਹੜੇ ਅਕਾਲੀ ਬਣੇ ਫਿਰਦੇ ਹਨ ਉਹਨਾਂ ਨੂੰ ਹੁਣ ਭਜਾਉਣ ਦਾ ਸਮਾਂ ਆ ਗਿਆ ਹੈ। ਉਹਨਾਂ ਰਵੀਕਰਨ ਸਿੰਘ ਕਾਹਲੋ ਦਾ ਨਾਮ ਨਾ ਲਏ ਬਗੈਰ ਕਿਹਾ ਕਿ ਇੱਕ ਤਾਂ ਭੱਜ ਗਿਆ ਬਾਕੀਆਂ ਨੂੰ ਭਜਾਉਣਾ ਹੈ ਤਾਂ ਹੀ ਗੁਰਦਾਸ ਪੁਰ ਵਿੱਚ ਅਕਾਲੀ ਦਲ ਜਿਉਂਦਾ ਰਹਿ ਸਕਦਾ ਹੈ।


ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਕਲਾਨੌਰ ਵਿੱਚ ਤਾਕਤ ਦਾ ਪ੍ਰਦਰਸ਼ਨ ਕੀਤਾ। ਇਸ ਵਿੱਚ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਲੰਗਾਹ ਨੇ ਕਿਹਾ ਕਿ ਉਹ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾਂ ਨਾ ਹੋਣ ਪਰ ਉਹ ਸਮੂਹ ਅਕਾਲੀ ਦਲ ਅਤੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਵੋਟਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਅਕਾਲੀ ਦਲ ਦਾ ਸਾਥ ਦੇਣ।

ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਹ ਕਾਂਗਰਸ ਦੇ ਵਿਰੋਧੀ ਹਨ। ਕਾਂਗਰਸ ਉਨ੍ਹਾਂ ਦਾ ਦੁਸ਼ਮਣ ਨੰਬਰ ਇੱਕ ਹੈ। ਮੈਂ ਕਿਸੇ ਕੀਮਤ ‘ਤੇ ਕਾਂਗਰਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਦੂਜੇ ਜਿਹੜੇ ਜੰਮੇ ਕਾਂਗਰਸੀ ਦੇ ਘਰਾਂ ‘ਚ, ਕਾਂਗਰਸ ਦੀਆਂ ਹੀ ਲੋਰੀਆਂ ਲਈਆਂ ਅਤੇ ਅੱਜ ਉਹ ਲੀਡਰ ਬਣ ਗਏ ਅਕਾਲੀ ਦਲ ਦੇ ਅਤੇ ਅਕਾਲੀ ਦਲ ਦੇ ਚੌਧਰੀ ਬਣ ਗਏ ਨੇ। ਅਜਿਹੇ ਲੀਡਰ ਜੋ ਕਾਂਗਰਸ ‘ਚੋਂ ਆ ਜੇ ਅਕਾਲੀ ਬਣੇ ਉਨ੍ਹਾਂ ਨੇ ਗੁਰਦਾਸਪੁਰ ‘ਚ ਅਕਾਲੀ ਦਲ ਦੇ ਸੱਤਿਆਨਾਸ਼ ਕਰ ਦਿੱਤਾ ਅਤੇ ਤੀਲਾ-ਤੀਲਾ ਖਿਲਾਰ ਕੇ ਰੱਖ ਦਿੱਤਾ। ਪਰ ਅਫਸੋਸ ਕਿਸੇ ਨੇ ਕਿਹਾ ਕਿ ਸੱਜਣਾ ਨੇ ਫੁਲ ਮਾਰਿਆ ਸਾਡੀ ਰੂਹ ਅੰਬਰਾਂ ‘ਚੋਂ ਰੋਈ। ਲੋਕਾਂ ਜਾਂ ਪੱਥਰਾਂ ਦੀ ਸਾਨੂੰ ਪੀੜ ਜਮ੍ਹਾਂ ਨਾ ਹੋਈ। ਇਹੀ ਕਾਰਨ ਹੈ ਕਿ ਜਿਹੜੇ ਕਾਂਗਰਸੀ ਅਕਾਲੀ ਬਣੇ ਉਹ ਡਾ. ਚੀਮਾ ਸਾਬ੍ਹ ਦੇ ਮੋਢੇ-ਨਾਲ ਮੋਢਾ ਲਾ ਕੇ ਤੁਰੇ ਹੀ ਨਹੀਂ ਅਤੇ ਰੁੱਸੇ ਰਹੇ ਕਿ ਮੈਂ ਚੱਲਿਆ ਬੀਜੇਪੀ ‘ਚ, ਮੈਂ ਆਪ ਚੱਲਿਆ ਆਮ ਆਦਮੀ ਪਾਰਟੀ ‘ਚ, ਇਹੋ ਖੇਡਾਂ ਖੇਡ ਦਿਆਂ ਵੋਟਾਂ ਦਾ ਸਮਾਂ ਗੁਆ ਦਿੱਤਾ। ਮੈਂ ਉਨ੍ਹਾਂ ਦੇ ਖਿਲਾਫ ਬਹੁਤ ਕੁੱਝ ਨਹੀਂ ਕਹਿਣਾ। ਪਰ ਅਜਿਹੇ ਲੋਕ ਪਹਿਲਾਂ ਕੁੱਝ ਦਿਨ ਮੇਰੇ ਨਾਲ ਰਹੇ, ਮੇਰੇ ਤੋਂ ਬਾਅਦ ਕਾਂਗਰਸ ਦੇ ਨਾਲ ਰਹੇ, ਕਾਂਗਰਸ ਤੋਂ ਬਾਅਦ ਕਾਹਲੋਂ ਨਾਲ ਰਹੇ, ਤੇ ਅੱਜ ਉਹ ਸੁੱਖੀ ਰੰਧਾਵੇ ਦੇ ਕਹਿਣ ‘ਤੇ ਵਿਰੋਧ ਕਰਦੇ ਨੇ ਕਿ ਲੰਗਾਹ ਨੂੰ ਨਾ ਦੇਖਿਓ। ਮੈਂ ਜਿਸ ਬੂਟੇ ਦੀ ਛਾਂ ਮਾਣੀ ਹੈ, ਜਿਸ ਬੂਟੇ ਨੇ ਮੈਨੂੰ ਸਤਿਕਾਰ ਦਿੱਤਾ, ਜਿਸ ਨੇ ਮੈਨੂੰ ਪ੍ਰਕਾਸ਼ ਸਿੰਘ ਬਾਦਲ ਦੇ ਰਹਿਨੁਮਾਈ ‘ਚ ਚਾਰ ਵਾਰ ਕਮੇਟੀ ਦਾ ਮੈਂਬਰ ਬਣਾਇਆ, 32 ਸਾਲ ਜ਼ਿਲ੍ਹੇ ਦਾ ਜਥੇਦਾਰ ਰਿਹਾ, ਦੋ ਵਾਰ ਕੈਬਨਿਟ ਦਾ ਵਜ਼ੀਰ ਰਿਹਾ ਹਾਂ, ਐਸੀ ਪਾਰਟੀ ਦਾ ਵਿਰੁੱਧ ਕਰਨਾ ਆਤਮ-ਹੱਤਿਆ ਕਰਨ ਵਾਲੀ ਗੱਲ ਹੈ। ਇਸ ਲਈ ਮੈਂ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਦਾ ਐਲਾਨ ਕਰਦਾ ਹਾਂ।

ਇਸ ਮੌਕੇ ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਪਰਮਬੀਰ ਸਿੰਘ ਲਾਡੀ ਮੈਂਬਰ ਕੋਰ ਕਮੇਟੀ, ਕੰਵਲਪ੍ਰੀਤ ਸਿੰਘ ਕਾਕੀ ਮੈਂਬਰ ਕੋਰ ਕਮੇਟੀ, ਗੁਰਿੰਦਰ ਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ, ਜਸਵੀਰ ਕੌਰ ਮੈਂਬਰ ਸ਼੍ਰੋਮਣੀ ਕਮੇਟੀਹਰਦੇਵ ਸਿੰਘ ਬਾਜੇਚੱਕ, ਬਾਬਾ ਸੁਖਵਿੰਦਰ ਸਿੰਘ ਮਲਕਪੁਰ ਅਤੇ ਬਾਬਾ ਏਕੜ ਸਿੰਘ ਨਿਹੰਗ ਹਾਜ਼ਰ ਸਨ।

