ਦਾ ਐਡੀਟਰ ਨਿਊਜ. ਹੁਸ਼ਿਆਰਪੁਰ —— ਹੁਸ਼ਿਆਰਪੁਰ ਦੇ ਸ਼ਰਾਬ ਕਾਰੋਬਾਰ ਵਿੱਚੋਂ ਦੀਪ ਮਲਹੋਤਰਾ ਦਾ ਬਿਸਤਰਾ ਗੋਲ ਕਰਨ ਵਾਲਿਆਂ ਵਿੱਚੋਂ ਇੱਕ ਨਾਮ ਸਰਤਾਜ ਹੁਣ ਫਿਰ ਸੁਰਖੀਆਂ ਵਿੱਚ ਹੈ ਕਿਉਂਕਿ ਮੌਜੂਦਾ ਸਮੇਂ ਹੁਸ਼ਿਆਰਪੁਰ ਦੇ ਇੱਕ ਸਰਕਲ ਦਾ ਠੇਕਾ ਪ੍ਰਾਪਤ ਕਰਨ ਵਾਲੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਜਿਸਦਾ ਨਾਮ ਭੀਮ ਟਾਂਕ ਹੱਤਿਆ ਕਾਂਡ ਵਿੱਚ ਪ੍ਰਮੁੱਖਤਾ ਨਾਲ ਆਇਆ ਸੀ ਉਸ ਵੱਲੋਂ ਇਸੇ ਸਰਤਾਜ ਨੂੰ ਹੁਸ਼ਿਆਰਪੁਰ ਵਿੱਚ ਸ਼ਰਾਬ ਕਾਰੋਬਾਰ ਦੀ ਕਮਾਂਡ ਸੰਭਾਲੀ ਗਈ ਹੈ ਤੇ ਬੀਤੇ ਕੱਲ੍ਹ ਇਸ ਵੱਲੋਂ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਸੰਜੀਵ ਦੁੱਗਲ ਉਰਫ ਸੰਨੀ ਨਾਮ ਦੇ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਤੇ ਉਸਦੀ ਸਕੂਟਰੀ ਵੀ ਖੋਹ ਲਈ ਹੈ, ਇਸ ਮਾਮਲੇ ਸਬੰਧੀ ਬਕਾਇਦਾ ਤੌਰ ਉੱਪਰ ਸੰਜੀਵ ਦੁੱਗਲ ਨੇ ਇੱਕ ਸ਼ਿਕਾਇਤ ਐਸ.ਡੀ.ਐੱਮ.ਹੁਸ਼ਿਆਰਪੁਰ ਨੂੰ ਕੀਤੀ ਹੈ ਜਿਸ ਵਿੱਚ ਉਸ ਵੱਲੋਂ ਸਰਤਾਜ ਸਿੰਘ, ਦਵਿੰਦਰ ਸਿੰਘ, ਜੱਸਾ, ਪਾਲਾ ਤੇ ਸਲੀਮ ਉੱਪਰ ਦੋਸ਼ ਲਗਾਇਆ ਗਿਆ ਹੈ ਕਿ ਇਨ੍ਹਾਂ ਲੋਕਾਂ ਨੇ ਆਪਣੇ ਕੁਝ ਹੋਰ ਸਾਥੀਆਂ ਨੂੰ ਨਾਲ ਲੈ ਕੇ ਉਸਦੀ ਕੁੱਟਮਾਰ ਕੀਤੀ ਤੇ ਜਾਨੋ ਮਾਰਨ ਤੱਕ ਦੀਆਂ ਧਮਕੀਆਂ ਵੀ ਦਿੱਤੀਆਂ।
ਸੰਜੀਵ ਦੁੱਗਲ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਜਦੋਂ ਆਪਣੇ ਬੱਚੇ ਨੂੰ ਟਿਊਸ਼ਨ ਛੱਡ ਕੇ ਸਕੂਟਰੀ ’ਤੇ ਘਰ ਵਾਪਿਸ ਜਾ ਰਿਹਾ ਸੀ ਤਦ ਇਨ੍ਹਾਂ ਲੋਕਾਂ ਨੇ ਉਸ ਨੂੰ ਵਿਸ਼ਵਕਰਮਾ ਚੌਂਕ ਕੋਲ ਰੋਕਿਆ ਤੇ ਧੱਕੇ ਨਾਲ ਸਕੂਟਰੀ ਦੀ ਤਲਾਸ਼ੀ ਲਈ ਪਰ ਇਨ੍ਹਾਂ ਨੂੰ ਮੇਰੇ ਕੋਲੋ ਕੁਝ ਵੀ ਨਹੀਂ ਮਿਲਿਆ ਜਿਸ ਦੀ ਸੀਸੀਟੀਵੀ ਵੀਡੀਓ ਵੀ ਬਣੀ ਹੋਈ ਹੈ, ਇਸ ਉਪਰੰਤ ਇਹ ਲੋਕ ਮੈਨੂੰ ਧੱਕੇ ਨਾਲ ਕ੍ਰਿਸ਼ਨਾ ਨਗਰ ਆਪਣੇ ਦਫਤਰ ਵਿੱਚ ਲੈ ਗਏ ਜਿੱਥੇ ਲੋਹੇ ਦੀ ਰਾਡ ਨਾਲ ਮੈਨੂੰ ਕੁੱਟਿਆ ਗਿਆ, ਇਸ ਉਪਰੰਤ ਇਹ ਲੋਕ ਮੈਨੂੰ ਥਾਣਾ ਮਾਡਲ ਟਾਊਨ ਲੈ ਗਏ ਪਰ ਪੁਲਿਸ ਨੇ ਇਸ ਦੱਸੀ ਕਹਾਣੀ ਨੂੰ ਝੂਠ ਪਾਇਆ ਤੇ ਮਾਮਲਾ ਦਰਜ ਕਰਨ ਤੋਂ ਮਨ੍ਹਾਂ ਕਰ ਦਿੱਤਾ। ਸੰਜੀਵ ਦੁੱਗਲ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਲੋਕਾਂ ਵੱਲੋਂ ਮੇਰੇ ਨਾਲ ਕੀਤੀ ਮਾਰਕੁੱਟ, ਅਗਵਾ ਕਰਨ ਤੇ ਮੇਰੀ ਸਕੂਟਰੀ ਖੋਹਣ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇ।

ਸੀਸੀਟੀਵੀ ਫੁਟੇਜ ਵੀ ਸੌਂਪੀ ਅਧਿਕਾਰੀ ਨੂੰ
ਸੰਜੀਵ ਦੁੱਗਲ ਜਿਸ ਵੱਲੋਂ ਮਾਰਕੁੱਟ ਹੋਣ ਉਪਰੰਤ ਪਰਿਵਾਰ ਦੀ ਮਦਦ ਨਾਲ ਸਿਵਲ ਹਸਪਤਾਲ ਤੋਂ ਆਪਣਾ ਮੈਡੀਕਲ ਕਰਵਾਇਆ ਗਿਆ ਹੈ ਉਸ ਦੀ ਰਿਪੋਰਟ, ਇਸ ਪੂਰੇ ਘਟਨਾਕ੍ਰਮ ਦੀ ਸੀਸੀਟੀਵੀ ਫੁਟੇਜ ਵੀ ਐੱਸ.ਡੀ.ਐੱਮ.ਦਫਤਰ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੈ, ਜਿਸ ਦੇ ਆਧਾਰ ਉੱਪਰ ਪੁਲਿਸ ਕਿਸੇ ਸਮੇਂ ਵੀ ਮਾਮਲਾ ਦਰਜ ਕਰ ਸਕਦੀ ਹੈ।
ਕੀ ਭੀਮ ਹੱਤਿਆ ਕਾਂਡ ਦਹਰਾਉਣਾ ਚਾਹੁੰਦੇ ਨੇ ਡੋਡਾ
ਸ਼ਿਵ ਲਾਲ ਡੋਡਾ ਜੋ ਕਿ ਭੀਮ ਟਾਂਕ ਹੱਤਿਆ ਕਾਂਡ ਕਾਰਨ ਪਹਿਲਾ ਵੀ ਕਾਫੀ ਬਦਨਾਮ ਹਨ ਦੇ ਹੁਸ਼ਿਆਰਪੁਰ ਦੇ ਇੱਕ ਸ਼ਰਾਬ ਸਰਕਲ ਵਿੱਚ ਉਸ ਦੇ ਕਰਿੰਦਿਆਂ ਸਰਤਾਜ ਸਿੰਘ ਤੇ ਸਾਥੀਆਂ ਵੱਲੋਂ ਸ਼ਰੇਆਮ ਦਿਨ ਦਿਹਾੜੇ ਸ਼ਹਿਰ ਵਿੱਚੋ ਇੱਕ ਬੰਦੇ ਨੂੰ ਚੁੱਕਣਾ ਤੇ ਫਿਰ ਉਸ ਦੀ ਕੁੱਟਮਾਰ ਕਰਕੇ ਛੱਡਣਾ ਕੀ ਇਸ ਗੱਲ ਦਾ ਇਸ਼ਾਰਾ ਹੈ ਕਿ ਡੋਡਾ ਹੁਸ਼ਿਆਰਪੁਰ ਵਿੱਚ ਵੀ ਭੀਮ ਟਾਂਕ ਹੱਤਿਆ ਕਾਂਡ ਵਰਗੀ ਕੋਈ ਵਾਰਦਾਤ ਕਰਵਾਉਣਾ ਚਾਹੁੰਦੇ ਹਨ। ਪੁਲਿਸ ਪ੍ਰਸ਼ਾਸ਼ਨ ਨੂੰ ਇਸ ਮਾਮਲੇ ਵਿੱਚ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਕਿਉਂਕਿ ਸੂਬੇ ਵਿੱਚ ਲੋਕ ਸਭਾ ਚੋਣਾ ਦੇ ਮੱਦੇਨਜ਼ਰ ਲੱਗੇ ਹੋਏ ਚੋਣ ਜ਼ਾਬਤੇ ਵਿੱਚ ਵੀ ਜੇਕਰ ਸ਼ਰਾਬ ਕਾਰੋਬਾਰੀਆਂ ਦੇ ਕਰਿੰਦਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਤਾਂ ਫਿਰ ਇਹ ਸੋਚ ਵਿਚਾਰ ਦਾ ਵਿਸ਼ਾ ਹੈ।
ਅਸੀਂ ਤਾਂ ਨਹੀਂ ਕੀਤੀ ਕੁੱਟਮਾਰ – ਸਰਤਾਜ
ਸ਼ਰਾਬ ਕਾਰੋਬਾਰੀ ਦੇ ਮੁੱਖ ਕਰਿੰਦੇ ਸਰਤਾਜ ਨਾਲ ਜਦੋਂ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੰਜੀਵ ਦੁੱਗਲ ਨਾਲ ਅਸੀਂ ਕੋਈ ਕੁੱਟਮਾਰ ਨਹੀਂ ਕੀਤੀ ਪਰ ਇਹ ਵੀ ਕਿਹਾ ਕਿ ਨਜਾਇਜ਼ ਸ਼ਰਾਬ ਨਹੀਂ ਵੇਚਣੀ ਚਾਹੀਦੀ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਗਰ ਕੋਈ ਨਜਾਇਜ਼ ਸ਼ਰਾਬ ਵੇਚਦਾ ਹੈ ਤਾਂ ਉਸ ਨਾਲ ਕੁੱਟਮਾਰ ਕਰਨ ਦਾ ਕੋਈ ਕਾਨੂੰਨੀ ਅਧਿਕਾਰ ਤੁਹਾਡੇ ਕੋਲ ਹੈ ਜਾਂ ਫਿਰ ਇਹ ਪੁਲਿਸ ਦਾ ਕੰਮ ਹੈ ਤਾਂ ਇਸ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ।