ਦਾ ਐਡੀਟਰ ਨਿਊਜ਼, ਟਾਂਡਾ ਉੜਮੁੜ (ਹੁਸ਼ਿਆਰਪੁਰ) ——- ਇਸ ਖ਼ਬਰ ਦੇ ਨਾਲ ਇਸਤੇਮਾਲ ਕੀਤੀ ਗਈ ਤਸਵੀਰ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਦੀ ਹੈ ਅਤੇ ਇਹ ਤਸਵੀਰ ਆਪ ਆਦਮੀ ਪਾਰਟੀ ਦੇ ਹਾਲਾਤਾਂ ਨੂੰ ਦਰਸਾਉਂਦੀ ਹੈ ਕਿ ਸੀ ਐਮ ਦੀ ਇਸ ਤਸਵੀਰ ‘ਚ 78 ਬੰਦੇ ਪੁਲਿਸ ਦੇ ਹਨ ਜਦ ਕਿ ਆਮ ਲੋਕ ਆਟੇ ‘ਚ ਲੂਣ ਬਰਾਬਰ ਨਜ਼ਰ ਆ ਰਹੇ ਹਨ। ਸੀ ਐਮ ਦੇ ਇਸ ਰੋਡ-ਸ਼ੋਅ ‘ਚ ਤਿੰਨ ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਵੱਖ-ਵੱਖ ਥਾਵਾਂ ‘ਤੇ ਤੈਨਾਤ ਕੀਤਾ ਗਿਆ ਸੀ ਅਤੇ ਆਮ ਕਿਸੇ ਵਿਅਕਤੀ ਨੂੰ ਸੀ ਐਮ ਦੇ ਲਾਗੇ ਫੜਕਣ ਨਹੀਂ ਦਿੱਤਾ ਗਿਆ। ਅੱਜ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਟਾਂਡਾ ਕਸਬੇ ‘ਚ ਆਮ ਆਦਮੀ ਪਾਰਟੀ ਦੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਢਿਆ ਗਿਆ ਰੋਡ-ਸ਼ੋਅ ਫਲਾਪ ਹੋ ਗਿਆ ਅਤੇ ਇਹ ਸ਼ੋਅ ਪੰਜਾਬ ਪੁਲਿਸ ਦਾ ਹੀ ਸ਼ੋਅ ਬਣ ਕੇ ਰਹਿ ਗਿਆ। ਇਸ ਤੋਂ ਪਹਿਲਾਂ ਚੱਬੇਵਾਲ ਦੇ ਹੱਕ ‘ਚ ਫਗਵਾੜਾ ‘ਚ ਰੱਖਿਆ ਰੋਡ-ਸ਼ੋਅ ਵੀ ਫਲਾਪ ਹੋ ਗਿਆ ਸੀ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਡਾ. ਰਾਜ ਕੁਮਾਰ ਚੱਬੇਵਾਲ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਏ ਸੀ। ਮੌਜੂਦਾ ਪ੍ਰਸਥਿਤੀਆਂ ਚੱਬੇਵਾਲ ਦੇ ਖੇਮੇ ‘ਚ ਨਿਰਾਸ਼ਾ ਦਾ ਆਲਮ ਛਾਇਆ ਹੋਇਆ ਹੈ, ਕਿਉਂਕਿ ਆਸ ਦੇ ਮੁਤਾਬਿਕ ਚੱਬੇਵਾਲ ਨੂੰ ਲੋਕਾਂ ਵੱਲੋਂ ਬੜਾ ਮੱਠਾ ਹੁੰਗਾਰਾ ਮਿਲ ਰਿਹਾ ਹੈ।


ਮੰਤਰੀ ਦੀ ਇੱਕ ਵਾਰ ਫੇਰ ਕਿਰਕਿਰੀ……
ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਲਈ ਟਾਂਡਾ ਹਲਕਾ ਕਾਫੀ ਸ਼ਰਮਿੰਦਗੀ ਦਾ ਸਬੱਬ ਬਣਦਾ ਆ ਰਿਹਾ ਹੈ। ਅੱਜ ਇੱਕ ਵਾਰ ਫੇਰ ਜਿੰਪਾ ਦੇ ਹਾਲਾਤ ਇੱਕ ਵਾਰ ਫੇਰ ਪਤਲੀ ਹੋ ਗਏ ਜਦੋਂ ਸੀ ਐਮ ਦੀ ਗੱਡੀ ‘ਚ ਚੜ੍ਹਨ ਤੋਂ ਰੋਕ ਦਿੱਤਾ ਗਿਆ। ਸੀ ਐਮ ਦੇ ਨਾਲ ਸਿਰਫ ਡਾ. ਰਾਜ ਕੁਮਾਰ ਚੱਬੇਵਾਲ ਅਤੇ ਟਾਂਡਾ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਹੀ ਮੌਜੂਦ ਸਨ। ਹਾਲਾਂਕਿ ਇਸ ਤੋਂ ਪਹਿਲਾਂ ਵੀ ਜਦ ਸੀ ਐਮ ਹੜ੍ਹਾਂ ਦਾ ਮੁਆਇਨਾ ਕਰਨ ਟਾਂਡਾ ਹਲਕੇ ‘ਚ ਆਏ ਸਨ ਤਾਂ ਉਸ ਵਕਤ ਵੀ ਸੀ ਐਮ ਮਾਨ ਨੇ ਜਿੰਪਾ ਦੀ ਕਲਾਸ ਲਾਈ ਸੀ ਅਤੇ ਜਿਪਾ ਨੂੰ ਹੱਥ ਜੋੜ ਕੇ ਮੁਆਫੀ ਮੰਗਣੀ ਪਈ ਸੀ।
ਕਿਸਾਨਾਂ ‘ਚ ਰੋਸ………
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਚੋਣ ਪ੍ਰਚਾਰ ਲਈ ਜ਼ਿਲ੍ਹਾ ਹੁਸ਼ਿਆਰਪੁਰ ਪੁੱਜੇ ਹੋਏ ਸਨ ਤੇ ਇਸੇ ਦੌਰਾਨ ਜਦੋਂ ਉਹ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਉੜਮੁੜ ਵਿੱਚ ਪੈਂਦੇ ਸ਼ਹਿਰ ਟਾਂਡਾ ਪੁੱਜੇ ਉੱਥੇ ਸਥਾਨਕ ਆਪ ਵਿਧਾਇਕ ਜਸਬੀਰ ਸਿੰਘ ਰਾਜਾ ਦੀ ਅਗਵਾਈ ਹੇਠ ਜਿੱਥੇ ਲੋਕਾਂ ਵੱਲੋਂ ਮੁੱਖ ਮੰਤਰੀ ਦਾ ਭਰਵਾਂ ਸਵਾਗਤ ਕੀਤਾ ਗਿਆ ਉੱਥੇ ਹੀ ਕਿਸਾਨੀ ਮੰਗਾਂ ਨੂੰ ਲੈ ਕੇ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਆਗੂ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਮੁੱਖ ਮੰਤਰੀ ਦੀ ਇਸ ਫੇਰੀ ਦਾ ਵਿਰੋਧ ਕੀਤਾ ਗਿਆ, ਇਸ ਮੌਕੇ ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਮੁੱਖ ਮੰਤਰੀ ਨਾਲ ਕਿਸਾਨ ਆਗੂਆਂ ਦੀ ਮੁਲਾਕਾਤ ਜਰੂਰ ਕਰਵਾਈ ਜਾਵੇਗੀ, ਲੇਕਿਨ ਪੁਲਿਸ ਪ੍ਰਸ਼ਾਸਨ ਨੇ ਵਾਅਦਾ ਖਿਲਾਫੀ ਕੀਤੀ ਹੈ ਤੇ ਆਪਣੇ ਆਪ ਨੂੰ ਆਮ ਘਰਾਂ ਦਾ ਪੁੱਤ ਦੱਸਣ ਵਾਲਾ ਮੁੱਖ ਮੰਤਰੀ ਸਾਨੂੰ ਮਿਲਣ ਤੋਂ ਮੁਨਕਰ ਹੋਇਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਆਪ ਦੇ ਆਗੂਆਂ ਨੂੰ ਪਿੰਡਾਂ ਵਿੱਚ ਘੇਰ ਕੇ ਸਵਾਲ ਕੀਤੇ ਜਾਣਗੇ ਕਿਉਂਕਿ ਨਾ ਤਾਂ ਪੰਜਾਬ ਦੇ ਕਿਸਾਨਾਂ ਦੇ ਮਸਲੇ ਹੱਲ ਹੋਏ, ਨਾ ਪੰਜਾਬ ਵਿਚੋਂ ਨਸ਼ਾ ਖਤਮ ਹੋਇਆ ਤੇ ਨਾ ਹੀ ਰੇਤ ਮਾਫੀਆ ’ਤੇ ਕੋਈ ਸ਼ਿਕੰਜਾ ਕੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕੀਤੀ ਗਈ ਵਾਅਦਾ ਖਿਲਾਫੀ ਦੇ ਨਤੀਜੇ ਭੁਗਤਣੇ ਪੈਣਗੇ। ਜਿਕਰਯੋਗ ਹੈ ਕਿ ਟਾਂਡਾ ਵਿੱਚ ਮੁੱਖ ਮੰਤਰੀ ਦੀ ਆਮਦ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਨੂੰ ਤੈਨਾਤ ਕੀਤਾ ਗਿਆ ਸੀ ਜਿਸ ਨੇ ਕਿਸਾਨਾਂ ਨੂੰ ਮੁੱਖ ਮੰਤਰੀ ਦੇ ਕਾਫਿਲੇ ਤੋਂ ਬਹੁਤ ਦੂਰ ਹੀ ਡੱਕੀ ਰੱਖਿਆ ਜਿਸ ਕਾਰਨ ਕਿਸਾਨ ਆਗੂਆਂ ਵਿੱਚ ਰੋਸ ਦੀ ਭਾਵਨਾ ਹੈ।
ਅਰੁਣ ਕੁਮਾਰ ਮਿੱਕੀ ਡੋਗਰਾ ਨੇ ਕੀਤੀ ਨਿਖੇਧੀ…..
ਹੁਸ਼ਿਆਰਪੁਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਐਮ ਐਲ ਏ ਅਰੁਣ ਕੁਮਾਰ ਮਿੱਕੀ ਡੋਗਰਾ ਨੇ ਅੱਜ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸਰਕਾਰ ਨਾਦਰਸ਼ਾਹੀ ਪੂਰਨਿਆਂ ‘ਤੇ ਚੱਲ ਰਹੀ ਹੈ ਅਤੇ ਸਰਕਾਰ ਅੰਦਰ ਖੌਫ ਦਾ ਇਨ੍ਹਾਂ ਆਲਮ ਹੈ ਕਿ ਕਈ ਆਗੂਆਂ ਨੂੰ ਭਗਵੰਤ ਮਾਨ ਦੀ ਇਸ ਫੇਰੀ ਕਰਕੇ ਪੁਲਿਸ ਨੇ ਉਨ੍ਹਾਂ ਨੂੰ ਘਰੋਂ ਚੱਕ ਲਿਆ। ਅਰੁਣ ਕੁਮਾਰ ਮਿੱਕੀ ਡੋਗਰਾ ਨੇ ਜਸਵੀਰ ਸਿੰਘ ਤਲਵਾੜਾ ਸੂਬਾ ਕਨਵੀਨਰ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੰਜਾਬ ਅਤੇ ਰਾਜੀਵ ਸ਼ਰਮਾ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, (ਪੰਜਾਬ) ਬਲਾਕ ਤਲਵਾੜਾ ਪ੍ਰਧਾਨ ਨੂੰ ਘਰੋਂ ਚੱਕਣ ਦੀ ਨਿਖੇਧੀ ਕੀਤੀ ਹੈ।