-ਬਰਿੰਦਰ ਢਿੱਲੋ ਦਿੱਲੀ ‘ਚ ਟਰੈਕਟਰ ਸਾੜ ਫਸੇ, ਪੁਲਿਸ ਗ੍ਰਿਫਤਾਰੀ ਲਈ ਅੜੀ
ਦਿੱਲੀ-ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋ ਦਿੱਲੀ ਵਿਖੇ ਟਰੈਕਟਰ ਸਾੜਨ ਦੇ ਮਾਮਲੇ ਵਿਚ ਬੁਰੀ ਤਰਾਂ ਫਸ ਗਏ ਹਨ ਕਿਉਂਕਿ ਦਿੱਲੀ ਦੇ ਤਿਲਕ ਨਗਰ ਪੁਲਿਸ ਸਟੇਸ਼ਨ ਵਿਚ ਉਨਾਂ ਖਿਲਾਫ ਸਬ-ਇੰਸਪੈਕਟਰ ਰੋਹਤਾਸ਼ ਸਿੰਘ ਦੀ ਸ਼ਿਕਾਇਤ ‘ਤੇ ਵੱਖ-ਵੱਖ ਧਾਰਾਵਾਂ ਤਹਿਤ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲਾ ਦਰਜ ਹੋਣ ਪਿੱਛੋ ਢਿੱਲੋ ਕਾਂਗਰਸ ਦੇ ਦਫਤਰ ਤੋਂ ਬਾਹਰ ਨਹੀਂ ਨਿੱਕਲ ਰਹੇ ਜਦੋਂ ਕਿ ਦਿੱਲੀ ਪੁਲਿਸ ਦਫਤਰ ਦੇ ਬਾਹਰ ਉਨਾਂ ਨੂੰ ਗ੍ਰਿਫਤਾਰ ਕਰਨ ਲਈ ਉਡੀਕ ਕਰ ਰਹੀ ਹੈ।
ਦਾ ਐਡੀਟਰ ਕੋਲ ਐਫ.ਆਈ.ਆਰ. ਦ ਕਾਪੀ ਮੌਜੂਦ ਹੈ ਜਿਸ ਵਿਚ ਦਿੱਲੀ ਪੁਲਿਸ ਨੇ ਦੱਸਿਆ ਹੈ ਕਿ ਇਨਾਂ ਲੋਕਾਂ ਨੇ ਜਿੱਥੇ ਧਾਰਾ-144 ਦੀ ਉਲੰਘਣਾ ਕੀਤੀ, ਉੱਥੇ ਹੀ ਸੋਸ਼ਲ ਡਿਸਟੇਸਿੰਗ ਨੂੰ ਵੀ ਭੰਗ ਕੀਤਾ ਗਿਆ ਤੇ ਪ੍ਰਦਰਸ਼ਨਕਾਰੀ ਬਿਨਾਂ ਮਾਸਕ ਤੋਂ ਖੇਤੀ ਬਿੱਲਾਂ ਦੇ ਵਿਰੋਧ ਵਿਚ ਨਾਰੇਬਾਜੀ ਕਰ ਰਹੇ ਸਨ ਤੇ ਇਨਾਂ ਕੋਲ ਪੰਜਾਬ ਪੁਲਿਸ ਦੀ ਸਰਕਾਰੀ ਜਿਪਸੀ ਨੰਬਰ ਪੀ-ਬੀ-12,ਐਚ- 5478 ਸਮੇਤ 15 ਹੋਰ ਨਿੱਜੀ ਗੱਡੀਆਂ ਵੀ ਮੌਜੂਦ ਸਨ। ਕਾਂਗਰਸੀ ਸੂਤਰਾਂ ਮੁਤਾਬਿਕ ਇਕ ਹੀ ਟਰੈਕਟਰ ਨੂੰ ਵਾਰ-ਵਾਰ ਕਾਂਗਰਸੀ ਥਾਂ-ਥਾਂ ਸਾੜ ਰਹੇ ਹਨ ਤੇ ਜਿਹੜਾ ਟਰੈਕਟਰ ਅੱਜ ਦਿੱਲੀ ਸਾੜਿਆ ਗਿਆ ਹੈ ਉਹੀ ਕੁਝ ਦਿਨ ਪਹਿਲਾ 20 ਸਿਤੰਬਰ ਨੂੰ ਇਸੇ ਨੰਬਰ ਤੇ ਕੰਪਨੀ ਦਾ ਟਰੈਕਟਰ ਕਾਂਗਰਸੀ ਅੰਬਾਲੇ ਵੀ ਸਾੜ ਚੁੱਕੇ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬਾਅਦ ਵਿਚ ਦੇਰ ਰਾਤ ਢਿੱਲੋ ਦੇ ਗੰਨਮੈਨਾਂ ਤੇ ਜਿਪਸੀ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ ਤੇ ਦਿੱਲੀ ਦੇ ਤਿਲਕ ਨਗਰ ਥਾਣੇ ਵਿਚ ਕੁਝ ਯੂਥ ਕਾਂਗਰਸੀਆਂ ਦੀ ਦਿੱਲੀ ਪੁਲਿਸ ਵੱਲੋਂ ਛਿੱਤਰ ਪਰੇਡ ਵੀ ਹੋਈ ਦੱਸੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਢਿੱਲੋ ਦੇ ਆਈ.ਟੀ. ਵਿੰਗ ਸੰਭਾਲਣ ਵਾਲੇ ਵਿਅਕਤੀ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਪਤਾ ਲੱਗਾ ਹੈ ਕਿ ਬਰਿੰਦਰ ਢਿੱਲੋ ਨੇ ਕੁਝ ਆਗੂਆਂ ਨੂੰ ਹਨੇਰੇ ਵਿਚ ਰੱਖਿਆ ਤੇ ਨਾ ਹੀ ਦੱਸਿਆ ਕਿ ਉਹ ਦਿੱਲੀ ਵਿਚ ਟਰੈਕਟਰ ਸਾੜਨ ਚੱਲੇ ਹਨ। ਭਾਵੇਂ ਦਿੱਲੀ ਪੁਲਿਸ ਇਸ ਮਾਮਲੇ ਵਿਚ ਖੁੱਲ ਕੇ ਗੱਲ ਨਹੀਂ ਕਰ ਰਹੀ ਲੇਕਿਨ ਤਿਲਕ ਨਗਰ ਪੁਲਿਸ ਸਟੇਸ਼ਨ ਦੇ ਐਸ.ਆਚ.ਓ. ਬਿਕਰਮਜੀਤ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।