ਨਾਜਾਇਜ਼ ਅਸਲੇ ਦੀ ਸਪਲਾਈ ਕਰਨ ਵਾਲੇ ਗੈਂਗ ਦੇ 7 ਮੈਂਬਰ ਗ੍ਰਿਫਤਾਰ
ਜਲੰਧਰ-ਕਮਿਸ਼ਨਰੇਟ ਪੁਲਿਸ ਨੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਇਕ ਅੰਤਰਰਾਜੀ ਗੈਂਗ ਦਾ ਪਰਦਾਫਾਸ਼ ਕਰਦਿਆਂ ਸੱਤ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨਾਂ ਤੋਂ .32 ਬੋਰ ਦੀਆਂ 12 ਨਾਜਾਇਜ਼ ਪਿਸਤੌਲਾਂ ਅਤੇ 15 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਹ ਸਾਰੇ ਮੈਂਬਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਨਾਜਾਇਜ਼ ਹਥਿਆਰਾਂ ਦੀ ਸਪਲਾਈ ਦਾ ਕਾਰੋਬਾਰ ਚਲਾ ਰਹੇ ਸਨ। ਗ੍ਰਿਫਤਾਰ ਮੁਲਜ਼ਮਾਂ ਦੀ ਪਹਿਚਾਣ ਨਿਊ ਰਾਜਨ ਨਗਰ ਦੇ 21 ਸਾਲਾ ਸੂਰਜ, ਆਦਮਪੁਰ ਦੇ 25 ਸਾਲਾ ਵਿਜੇ ਕੁਮਾਰ, ਅੰਮ੍ਰਿਤਸਰ ਦੇ ਅਰਜਨਮੰਗਾ ਪਿੰਡ ਦੇ 22 ਸਾਲਾ ਜੋਬਨਜੀਤ ਸਿੰਘ, ਪਠਾਨਕੋਟ ਦੇ ਪ੍ਰੇਮ ਨਗਰ ਦੇ 27 ਸਾਲਾ ਸਾਹਿਲ ਸੈਣੀ, ਬਟਾਲਾ ਦੇ ਭੋਮਾ ਤੋਂ 24 ਸਾਲਾ ਅੰਮ੍ਰਿਤਪਾਲ ਸਿੰਘ, ਹਕੀਮੀ ਗੇਟ ਅੰਮ੍ਰਿਤਸਰ ਤੋਂ 23 ਸਾਲਾ ਕੇਸ਼ਨ ਖੇੜਾ ਅਤੇ ਫਤਹਿਗੜ ਸਾਹਿਬ ਦੇ ਖੇੜੀ ਵੀਰ ਸਿੰਘ ਤੋਂ 24 ਸਾਲਾ ਹਰਮਨਦੀਪ ਸਿੰਘ ਵਜੋਂ ਹੋਈ ਹੈ। ਗੈਂਗ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 9 ਸਤੰਬਰ ਨੂੰ ਪੁਲਿਸ ਵਿਭਾਗ ਨੂੰ ਸਥਾਨਕ ਗਲੋਬਲ ਹਸਪਤਾਲ ਤੋਂ ਪੀਲੀਭੀਤ ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਅਭਿਨਵ ਮਿਸ਼ਰਾ ਦੇ ਗੋਲੀ ਲੱਗਣ ਨਾਲ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ, ਜਿਸ ‘ਤੇ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਤੇ ਜਾਂਚ ਸ਼ੁਰੂ ਕੀਤੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਸੂਰਜ ਨੇ ਨਾਜਾਇਜ਼ ਹਥਿਆਰਾਂ ਦੀ ਵਰਤੋਂ ਕਰਦਿਆਂ ਅਭਿਨਵ ‘ਤੇ ਗੋਲੀਆਂ ਚਲਾਈਆਂ ਸਨ ਕਿਉਂਕਿ ਉਸ ਨੂੰ ਸੂਰਜ ‘ਤੇ ਪਰਿਵਾਰ ਦੀਆਂ ਔਰਤਾਂ ‘ਤੇ ਮਾੜੀ ਨਜ਼ਰ ਰੱਖਣ ਦਾ ਸ਼ੱਕ ਸੀ। ਉਨਾਂ ਦੱਸਿਆ ਕਿ ਇਸ ਸੁਰਾਗ ਦਾ ਪਿੱਛਾ ਕਰਦਿਆਂ ਪੁਲਿਸ ਨੇ ਸੂਰਜ ਨੂੰ ਕਾਬੂ ਕੀਤਾ ਅਤੇ ਪੁੱਛਗਿੱਛ ਸ਼ੁਰੂ ਕੀਤੀ। ਇਸ ਤੋਂ ਬਾਅਦ ਉਸ ਤੋਂ ਨਾਜਾਇਜ਼ ਹਥਿਆਰਾਂ ਬਾਰੇ ਪੁੱਛ-ਪੜਤਾਲ ਕੀਤੀ, ਜਿਸ ਵਿੱਚ ਪਤਾ ਲੱਗਿਆ ਕਿ ਉਹ ਅਭਿਨਵ ਨਾਲ ਮਿਲ ਕੇ ਪੰਜਾਬ ਵਿੱਚ ਨਾਜਾਇਜ਼ ਹਥਿਆਰਾਂ ਤੇ ਅਸਲੇ ਦੀ ਸਪਲਾਈ ਦਾ ਕੰਮ ਕਰਦਾ ਹੈ। ਇਹ ਹਥਿਆਰ ਉਹ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਲੈ ਕੇ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਸਪਲਾਈ ਕਰ ਰਿਹਾ ਸੀ। ਉਹ ਹੁਣ ਤੱਕ ਕਈ ਲੋਕਾਂ ਨੂੰ ਹਥਿਆਰ ਮੁਹੱਈਆ ਕਰਵਾ ਚੁੱਕਾ ਹੈ। ਝੱਜਰ ਸਥਿਤ ਸੂਰਜ ਦੇ ਘਰ ਤੋਂ ਪੁਲਿਸ ਨੇ 4 ਪਿਸਤੌਲਾਂ, 9 ਜ਼ਿੰਦਾ ਕਾਰਤੂਸ, ਇਕ ਖਾਲੀ ਹੋਲ ਬਰਾਮਦ ਕੀਤਾ। ਇਤੇ ਤਰਾਂ 2 ਪਿਸਤੌਲਾਂ ਅਤੇ 2 ਜ਼ਿੰਦਾ ਕਾਰਤੂਸ ਜੋਬਨਜੀਤ ਅਤੇ ਅੰਮ੍ਰਿਤਪਾਲ ਤੋਂ ਬਰਾਮਦ ਹੋਏ, ਇਕ ਪਿਸਤੌਲ ਤੇ 2 ਕਾਰਤੂਸ ਸਾਹਿਲ ਤੋਂ ਅਤੇ ਇਕ-ਇਕ ਪਿਸਤੌਲ ਕੇਸ਼ਵ, ਵਿਜੇ ਕੁਮਾਰ ਅਤੇ ਹਰਮਨਦੀਪ ਸਿੰਘ ਤੋਂ ਬਰਾਮਦ ਹੋਈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੂਰਜ, ਜੋਬਨਜੀਤ ਅਤੇ ਕੇਸ਼ਨ ਖੇੜਾ ਦੇ ਖਿਲਾਫ ਪਹਿਲਾਂ ਹੀ ਦੋ ਅਪਰਾਧਿਕ ਮਾਮਲੇ ਦਰਜ ਹਨ ਅਤੇ ਵਿਜੇ ਕੁਮਾਰ ਖਿਲਾਫ ਅੱਠ ਕੇਸ ਦਰਜ ਹਨ। ਵਿਜੇ ਕੁਮਾਰ ਨੂੰ ਪੁਲਿਸ ਕਪੂਰਥਲਾ ਜੇਲ ਅਤੇ ਜੋਬਨਜੀਤ ਨੂੰ ਗੁਰਦਾਸਪੁਰ ਜੇਲ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਈ ਸੀ। ਉਨਾਂ ਦੱਸਿਆ ਕਿ ਸਾਹਿਲ ਤੇ ਹਰਮਨਦੀਪ ਸਿੰਘ ਗ੍ਰੈਜੂਏਟ ਹਨ ਅਤੇ ਬਾਕੀ ਮੁਲਜ਼ਮ ਦਸਵੀਂ ਅਤੇ ਬਾਰਵੀਂ ਪਾਸ ਹਨ। ਉਨਾਂ ਦੱਸਿਆ ਕਿ ਸੂਰਜ ਹਿਰਾਸਤ ਵਿੱਚ ਹੈ ਜਲਦਿ ਅਭਿਨਵ ਦਾ ਇਲਾਜ ਚੱਲ ਰਿਹਾ ਹੈ ਹਾਲਾਂਕਿ ਬਾਕੀ ਮੁਲਜ਼ਮਾਂ ਨੂੰ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਸੀਨੀਅਰ ਅਧਿਕਾਰੀਆਂ ਵੱਲੋਂ ਸੂਰਜ ਤੋਂ ਹੋਰ ਪੱਛਗਿੱਛ ਜਾਰੀ ਹੈ, ਜਿਸ ਵੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਭਿਨਵ ਦੀ ਹਾਲਤ ਸੁਧਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਪੁੱਛ-ਪੜਤਾਲ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਨ ਵਾਲੀ ਸੀਆਈਏ ਟੀਮ ਅਤੇ ਉਨਾਂ ਦੇ ਇੰਚਾਰਜ ਦੇ ਨਾਮ ਦੀ ਸਿਫਾਰਸ਼ ਡੀਜੀਪੀ ਸਪੈਸ਼ਲ ਡਿਸਕ ਲਈ ਲਈ ਕੀਤੀ ਜਾਵੇਗੀ। ਪੁਲਿਸ ਨੇ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 307, 188 ਅਤੇ 25-54-59 ਆਰਮਜ਼ ਐਕਟ, ਐਪੀਡੈਮਿਕ ਡਿਸੀਜ਼ ਐਕਟ ਦੀ ਧਾਰਾ 3 ਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੀ ਧਾਰਾ 51 ਤਹਿਤ ਕੇਸ ਦਰਜ ਲਿਆ ਹੈ।