ਜਲੰਧਰ ‘ਚ ਕਰੋਨਾ ਸੈਂਪਲ ਲੈਣ ਦੀ ਗਿਣਤੀ ਤਿੰਨ ਗੁਣਾ ਵਧਾਈ
ਜਲੰਧਰ-ਜ਼ਿਲੇ ਵਿੱਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਅਤੇ ਜ਼ਿਲਾ ਵਾਸੀਆਂ ਲਈ ਸਿਹਤ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲਾ ਪ੍ਰਸ਼ਾਸਨ ਵਲੋਂ ਕੋਵਿਡ-19 ਦੇ ਸੈਂਪਲ ਲੈਣ ਨੂੰ ਤਿੰਨ ਗੁਣਾ ਤੱਕ ਵਧਾ ਦਿੱਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਅੱਜ ਮੁੱਖ ਸਕੱਤਰ ਸ਼੍ਰੀਮਤੀ ਵਿੰਨੀ ਮਹਾਜਨ ਦੀ ਪ੍ਰਧਾਨਗੀ ਹੇਠ ਕੋਵਿਡ-19 ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੀਤੀ ਜਾ ਰਹੀ ਵੀਡੀਓ ਕਾਨਫਰੰਸਿੰਗ ਦੌਰਾਨ ਦਿੱਤੀ ਗਈ। ਉਨਾਂ ਕਿਹਾ ਕਿ ਪਹਿਲਾਂ ਜ਼ਿਲੇ ਵਿੱਚ 1000 ਤੋਂ 1200 ਤੱਕ ਸੈਂਪਲ ਰੋਜ਼ਾਨਾ ਲਏ ਜਾਂਦੇ ਸਨ ਜਿਨਾਂ ਨੂੰ ਹੁਣ ਵਧਾ ਕੇ 3600 ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕੋਵਿਡ ਸਬੰਧੀ ਲਏ ਗਏ ਸੈਂਪਲਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 4 ਸਤੰਬਰ ਨੂੰ ਜ਼ਿਲੇ ਵਿੱਚ 3790 ਸੈਂਪਲ ਲਏ ਗਏ ਹਨ ਸਨ, ਜਿਨਾਂ ਵਿਚੋਂ ਆਰ.ਟੀ.ਪੀ.ਸੀ.ਆਰ. ਤਹਿਤ 1270 ਅਤੇ ਐਨ.ਆਰ.ਡੀ.ਡੀ.ਐਲ. ਰਾਹੀਂ 129, ਟਰੂਨਾਟ ਰਾਹੀਂ 13, ਐਂਟੀਜੈਨ ਰਾਹੀਂ 2507 ਸੈਂਪਲ ਸ਼ਾਮਿਲ ਹਨ, ਜਦਕਿ 5 ਸਤੰਬਰ ਨੂੰ ਲਏ ਗਏ 3617 ਸੈਂਪਲਾਂ ਵਿੱਚ ਆਰ.ਟੀ.ਪੀ.ਸੀ.ਆਰ. ਦੇ 1760, ਐਨ.ਆਰ.ਡੀ.ਡੀ.ਐਲ. ਦੇ 144, ਟਰੂਨਾਟ ਦੇ 15, ਐਂਟੀਜੈਨ ਦੇ 1842 ਸੈਂਪਲ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਨੀਤੀ ਅਨੁਸਾਰ ਹੁਣ ਕਿਸੇ ਵੀ ਕੋਵਿਡ-19 ਪ੍ਰਭਾਵਿਤ ਵਿਅਕਤੀ ਦੇ ਘਰ ਦੇ ਬਾਹਰ ਇਕਾਂਤਵਾਸ ਦਾ ਸਟਿੱਕਰ ਨਹੀਂ ਲਗਾਇਆ ਜਾਵੇਗਾ। ਉਨਾਂ ਦੱਸਿਆ ਕਿ ਕੋਵਿਡ-19 ਨਾਲ ਨਜਿੱਠਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਬੈਡ ਮੌਜੂਦ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਸਬੀਰ ਸਿੰਘ, ਜੁਆਇੰਟ ਕਮਿਸ਼ਨਰ ਨਗਰ ਨਿਗਮ ਹਰਚਰਨ ਸਿੰਘ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਦਰਬਾਰਾ ਸਿੰਘ, ਉਪ ਮੰਡਲ ਮੈਜਿਸਟਰੇਟ ਗੌਤਮ ਜੈਨ, ਉਪ ਮੰਡਲ ਮੈਜਿਸਟਰੇਟ ਸ਼ਾਹਕੋਟ ਸੰਜੀਵ ਸ਼ਰਮਾ, ਅਸਟੇਟ ਅਫ਼ਸਰ ਪੁੱਡਾ ਨਵਨੀਤ ਕੌਰ ਬੱਲ ਅਤੇ ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਵੀ ਮੌਜੂਦ ਸਨ।