ਦਾ ਐਡੀਟਰ ਨਿਊਜ਼, ਗੁਰਦਾਸਪੁਰ —- ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਸਥਿਤੀ ਅਜੇ ਵੀ ਤਣਾਅਪੂਰਨ ਬਾਣੀ ਹੋਈ ਹੈ। ਕੈਦੀਆਂ ਦੇ ਦੋ ਧੜੇ ਆਪਸ ਵਿੱਚ ਭਿੜ ਗਏ ਅਤੇ ਜਦੋਂ ਕੈਦੀਆਂ ਨੂੰ ਸ਼ਾਂਤ ਕਰਨ ਲਈ ਪੁਲੀਸ ਫੋਰਸ ਬੁਲਾਈ ਗਈ ਤਾਂ ਕੈਦੀ ਹੋਰ ਭੜਕ ਗਏ ਅਤੇ ਉਨ੍ਹਾਂ ਨੇ ਪੁਲੀਸ ਫੋਰਸ ’ਤੇ ਵੀ ਹਮਲਾ ਕਰ ਦਿੱਤਾ। ਜਿਸ ‘ਚ ਧਾਰੀਵਾਲ ਪੁਲੀਸ ਥਾਣਾ ਸਦਰ ਦੇ ਐਸ ਐਚ ਓ ਮਨਦੀਪ ਸਿੰਘ ਸਲਹੋਤਰਾ ਅਤੇ ਜਗਦੀਪ ਸਿੰਘ ਏ ਐਸ ਆਈ ਦੇ ਜ਼ਖਮੀ ਹੋਣ ਦੀ ਖਬਰ ਹੈ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਵਾਧੂ ਪੁਲਿਸ ਫੋਰਸ ਮੰਗਵਾਉਣ ਤੋਂ ਬਾਅਦ ਕਰੀਬ 300 ਭੜਕੇ ਹੋਏ ਕੈਦੀਆਂ ਵੱਲੋਂ ਜੇਲ੍ਹ ਦੀ ਬੈਰਕ ਨੂੰ ਅੱਗ ਲਾਉਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਕੈਦੀਆਂ ਨੂੰ ਕਾਬੂ ਕਰਨ ਲਈ ਗੈਸ ਦੇ ਗੋਲੇ ਵੀ ਦਾਗੇ ਜਾ ਰਹੇ ਹਨ, ਜਿਸ ਕਾਰਨ ਕੇਂਦਰੀ ਜੇਲ੍ਹ ‘ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਸਥਿਤੀ ਨੂੰ ਕਾਬੂ ਕਰਨ ਲਈ ਬਾਹਰੋਂ ਹੋਰ ਪੁਲਿਸ ਫੋਰਸ ਬੁਲਾਈ ਜਾ ਰਹੀ ਹੈ।