ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ——– ਪੰਜਾਬ ਦੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਹੁਸ਼ਿਆਰਪੁਰ ਵਿੱਚ ਸੋਨਾਲੀਕਾ ਗਰੁੱਪ ਦੀਆਂ 1300 ਕਰੋੜ ਰੁਪਏ ਦੀਆਂ ਅਗਾਹਾਂਵਧੂ ਅਤੇ ਆਧੁਨਿਕ ਯੋਜਨਾਵਾਂ ਦੇ ਵਿਸਥਾਰ ਦੀ ਘੁੰਡ ਚੁਕਾਈ ਕੀਤੀ ਜੋਕਿ ਸੂਬੇ ਦੇ ਉਦਯੋਗਿਕ ਦ੍ਰਿਸ਼ਟੀਕੋਣ ਦੇ ਮਾਮਲੇ ਵਿੱਚ ਇੱਕ ਮੀਲ ਪੱਥਰ ਸਾਬਤ ਹੋਣਗੀਆਂ।
ਮੰਗਲਵਾਰ ਨੂੰ ਹੁਸ਼ਿਆਰਪੁਰ ਵਿੱਚ ਸੋਨਾਲੀਕਾ ਆਈਟੀਐਲ ਪਲਾਂਟ ਦੀ ਫੇਰੀ ਦੌਰਾਨ ਸ਼੍ਰੀ ਮਾਨ ਨੇ 1000 ਕਰੋੜ ਰੁਪਏ ਦੇ ਕ੍ਰਾਂਤੀਕਾਰੀ ਨਿਵੇਸ਼ ਦਾ ਨੀਂਹ ਪੱਥਰ ਰੱਖਿਆ, ਤੇ ਇਹ ਪੈਸਾ ਇਕ ਅਤਿਆਧੁਨਿਕ ਸਹੂਲਤ ਤੇ ਖਰਚ ਹੋਵੇਗਾ ਜਿਸ ਨਾਲ ਸਾਲਾਨਾ ਇੱਕ ਲੱਖ ਵਾਧੂ ਟਰੈਕਟਰਾਂ ਦੀ ਅਸੈਂਬਲਿੰਗ ਕਰਕੇ ਉਹਨਾਂ ਦਾ ਨਿਰਯਾਤ ਕੀਤਾ ਜਾਵੇਗਾ।


ਇੱਕ ਨਵੀਂ ਟ੍ਰੈਕਟਰ ਅਸੈਂਬਲੀ ਸਹੂਲਤ ਦੇ ਨੀਂਹ ਪੱਥਰ ਤੋਂ ਅਲਾਵਾ, ਮੁੱਖਮੰਤਰੀ ਮਾਨ ਨੇ ਸੋਨਾਲੀਕਾ ਗਰੁੱਪ ਦੇ ਹਾਈ-ਪ੍ਰੈਸ਼ਰ ਫਾਊਂਡਰੀ ਪਲਾਂਟ ਦੀ ਵੀ ਘੁੰਡ ਚੁਕਾਈ ਕੀਤੀ। ਇਹ ਇੱਕ 300 ਕਰੋੜ ਰੁਪਏ ਦੇ ਨਿਵੇਸ਼ ਵਾਲੀ ਯੋਜਨਾ ਹੈ ਜੋ ਕਿ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ ਤੇ ਇਸਦਾ ਨਾਂਅ ਮੈਸਰਜ ਦਰਾਸ ਰੱਖਿਆ ਗਿਆ ਹੈ ਜੋ ਕਿ ਉੱਤਰੀ ਭਾਰਤ ਦਾ ਸਭਤੋਂ ਵੱਡਾ ਕਾਸਟਿੰਗ ਪਲਾਂਟ ਹੈ।

1300 ਕਰੋੜ ਦੇ ਨਵੇਂ ਨਿਵੇਸ਼ ਦੇ ਨਾਲ ਇਸ ਦੂਰਅੰਦੇਸ਼ੀ ਵਿਸਥਾਰ ਯੋਜਨਾ ਦੇ ਨਾਲ ਸੋਨਾਲੀਕਾ ਆਈਟੀਐਲ ਦੀ ਕੁੱਲ ਉਦਯੋਗਿਕ ਉਤਪਾਦਨ (ਨਿਰਮਾਣ) ਸਮਰੱਥਾ 3. 5 ਲੱਖ ਟ੍ਰੈਕਟਰ ਸਾਲਾਨਾ ਤੋਂ ਜ਼ਿਆਦਾ ਹੋ ਜਾਵੇਗੀ, ਇਸ ਨਾਲ ਇਸਦੀ ਸਤਿਥੀ, ਸੰਸਾਰ ਪੱਧਰ ਤੇ ਸਭ ਤੋਂ ਵੱਡੇ ਏਕੀਕ੍ਰਿਤ ਟਰੈਕਟਰ ਪਲਾਂਟ ਦੇ ਰੂਪ ਵਿੱਚ ਹੋਰ ਪੁਖ਼ਤਾ ਹੋ ਜਾਵੇਗੀ। ਜਪਾਨ ਦੇ ਇੰਜੀਨੀਅਰਾਂ ਵੱਲੋਂ ਡਿਜ਼ਾਈਨ ਕੀਤੀਆਂ ਗਈਆਂ ਨਵੀਆਂ ਸਹੂਲਤਾਂ ਸਖ਼ਤ ਉਤਪਾਦਨ (ਨਿਰਮਾਣ) ਮਾਪਦੰਡਾਂ ਦਾ ਪਾਲਣ ਕਰਦੀਆਂ ਹਨ ਜੋ 150 ਦੇਸ਼ਾਂ ਵਿੱਚ ਸੋਨਾਲੀਕਾ ਦੀਆਂ ਪੈੜਾਂ ਦਾ ਵਿਸਥਾਰ ਕਰਨ ਲਈ ਅਦੁਤੀ ਗੁਣਵੱਤਾ ਤੇ ਕਾਰਜ ਕੁਸ਼ਲਤਾ ਨੂੰ ਯਕੀਨੀ ਬਣਾਉਂਦੀਆਂ ਹਨ।

ਹੁਸ਼ਿਆਰਪੁਰ ਫੇਰੀ ਦੌਰਾਨ ਮੁੱਖਮੰਤਰੀ ਭਗਵੰਤ ਸਿੰਘ ਮਾਨ ਨੇ ਸੋਨਾਲੀਕਾ ਗਰੁੱਪ ਦੇ ਟਰੈਕਟਰ ਉਤਪਾਦਨ ਸਹੂਲਤ (ਪਲਾਂਟ) ਦਾ ਦੌਰਾ ਵੀ ਕੀਤਾ, ਤੇ ਸੋਨਾਲੀਕਾ ਦੀ ਹਰ ਦੋ ਮਿੰਟ ਵਿੱਚ ਇੱਕ ਨਵਾਂ ਟਰੈਕਟਰ ਬਣਾਉਣ ਦੀ ਕਮਾਲ ਦੀ ਕਾਰੀਗਰੀ ਤੇ ਹੈਰਾਨੀ ਪ੍ਰਕਟ ਕੀਤੀ। ਉਹਨਾਂ ਨੇ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਸੋਨਾਲੀਕਾ ਗਰੁੱਪ ਦੀ ਮਹੱਤਵਪੂਰਨ ਭੂਮਿਕਾ ਨੂੰ ਕਬੂਲ ਕਰਦੇ ਹੋਏ, ਉਹਨਾਂ ਦੇ ਕੰਮ ਕਰਨ ਦੇ ਪੈਮਾਨੇ ਅਤੇ ਕਾਰੀਗਰੀ ਦੀ ਸ਼ਲਾਘਾ ਕੀਤੀ।

ਸੋਨਾਲੀਕਾ ਗਰੁੱਪ ਦੇ ਵਾਈਸ ਚੇਅਰਮੈਨ ਡਾ. ਅੰਮ੍ਰਿਤ ਸਾਗਰ ਮਿੱਤਲ ਨੇ ਪੰਜਾਬ ਵਿੱਚ ਨਵੀਆਂ ਪਰਿਯੋਜਨਾਵਾਂ ਦੀ ਸਥਾਪਨਾ ਲਈ ਸੁਵਿਧਾ ਦੇਣ ਵਾਸਤੇ ਤੇ ਖ਼ਾਸ ਤੌਰ ਤੇ ਸਿੰਗਲ ਵਿੰਡੋ ਚੈਨਲ ਰਾਹੀਂ ਇਹ ਸਹੁਲਤ ਦੇਣ ਲਈ ਸਰਕਾਰ ਦਾ ਧੰਨਵਾਦ ਕੀਤਾ। ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਾਰੋਬਾਰ ਦੇ ਵਿਕਾਸ ਅਤੇ ਨਵੀਨਤਾ ਲਿਆਉਣ ਵਿੱਚ ਮਾਕੂਲ ਮਾਹੌਲ ਪੈਦਾ ਕਰਨ ਲਈ, ਨਿਜੀ ਖੇਤਰ ਅਤੇ ਸਰਕਾਰ ਦਰਮਿਆਨ ਸਹਿਯੋਗ ਕਰਨ ਦੀਆਂ ਕੋਸ਼ਿਸ਼ਾਂ ਬਰਕਰਾਰ ਰਹਿਣ।

ਵਿਕਾਸ ਅਤੇ ਵਪਾਰਕ ਵਿਭਾਗ ਦੇ ਡਾਇਰੈਕਟਰ ਅਸ਼ੋਕ ਸਾਂਗਵਾਨ ਨੇ ਇਸ ਮੌਕੇ ਇਹ ਗੱਲ ਸਾਂਝੀ ਕੀਤੀ ਕਿ ਸੋਨਾਲੀਕਾ ਦਾ ਨਵਾਂ ਕਾਸਟਿੰਗ ਪਲਾਂਟ ਹਰ ਸਾਲ ਇੱਕ ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ (ਲੋਹਾ) ਪਿਘਲਾਉਣ ਦੀ ਸਮਰੱਥਾ ਨਾਲ ਲੈਸ ਹੈ। ਅਤਿਆਧੁਨਿਕ ਤੇ ਜਪਾਨ ‘ਚ ਬਣੀ ਕੁੰਕੇਲ ਵੈਗਨਰ ਹਾਈ-ਪ੍ਰੈਸ਼ਰ ਮੋਲਡਿੰਗ ਲਾਈਨ ਦੀ ਖ਼ਾਸੀਅਤ ਦੇ ਨਾਲ ਲੈਸ, ਮੈੱਸਰਜ ਦਰਾਸ, ਬਹੁਤ ਹੀ ਵਧੀਆ ਗੁਣਵੱਤਾ ਵਾਲੀ ਕਾਸਟਿੰਗ ਦੇ ਉਤਪਾਦਨ ਦੇ ਜ਼ਰੀਏ ਟਰੈਕਟਰਾਂ ਦੀ ਗੁਣਵੱਤਾ ਨੂੰ ਹੋਰ ਵਧਾਉਣ ਲਈ ਤਿਆਰ ਬਰ ਤਿਆਰ ਹੈ।

