ਦਾ ਐਡੀਟਰ ਨਿਊਜ਼, ਚੰਡੀਗੜ੍ਹ ——– ਆਉਣ ਵਾਲੇ ਕੁੱਝ ਦਿਨਾਂ ‘ਚ ਪੰਜਾਬ ਦੀ ਰਾਜਨੀਤੀ ‘ਚ ਵੱਡਾ ਧਮਾਕਾ ਹੋਣ ਦੀਆਂ ਚਰਚਾਵਾਂ ਜ਼ੋਰਾਂ ‘ਤੇ ਹਨ ਅਤੇ ਇਸ ਗੱਲ ਦੀ ਚਰਚਾ ਜ਼ੋਰਾਂ ‘ਤੇ ਹੈ ਕਿ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ 22 ਫਰਵਰੀ ਤੋਂ ਬਾਅਦ ਭਾਜਪਾ ‘ਚ ਸ਼ਾਮਿਲ ਹੋ ਸਕਦੇ ਹਨ। ਪਿਛਲੇ ਕੁੱਝ ਘੰਟਿਆਂ ਤੋਂ ਰਾਜਨੀਤੀ ‘ਚ ਇਹ ਚਰਚਾ ਜ਼ੋਰਾਂ ‘ਤੇ ਹੈ ਕਿ ਨਵਜੋਤ ਸਿੱਧੂ ਆਪਣੇ ਨਾਲ ਤਿੰਨ ਵਧਾਇਕ ਵੀ ਲੈ ਕੇ ਜਾ ਰਹੇ ਹਨ। ਹਾਲਾਂਕਿ ਇਸ ਮਾਮਲੇ ‘ਤੇ ਨਵਜੋਤ ਸਿੰਘ ਸਿੱਧੂ ਕੁੱਝ ਨਹੀਂ ਬੋਲ ਰਹੇ। ਲੇਕਿਨ ਜਿਸ ਤਰੀਕੇ ਨਾਲ ਉਹ ਪਿਛਲੇ ਕੁੱਝ ਮਹੀਨਿਆਂ ‘ਚ ਆਪਣੀਆਂ ਰਾਜਨੀਤਕ ਸਰਗਰਮੀਆਂ ਅਤੇ ਰੈਲੀਆਂ ਕਰ ਰਹੇ ਸਨ, ਉਹ ਇਸ ਗੱਲ ਨੂੰ ਕਾਫੀ ਹਵਾ ਦੇਣ ‘ਚ ਕਰਗਾਰ ਸਿੱਧ ਹੋ ਰਹੀਆਂ ਹਨ। 11 ਫਰਵਰੀ ਨੂੰ ਕਾਂਗਰਸ ਦੀ ਸਮਰਾਲਾ ਰੈਲੀ ‘ਚ ਨਵਜੋਤ ਸਿੰਘ ਸਿੱਧੂ ਸ਼ਾਮਿਲ ਨਹੀਂ ਹੋਏ ਸਨ। ਇਸ ਗੱਲ ਨੇ ਵੀ ਰਾਜਨੀਤਕ ਹਲਕਿਆਂ ‘ਚ ਖੂਬ ਚਰਚਾ ਛੇੜ ਦਿੱਤੀ ਕਿ ਨਵਜੋਤ ਸਿੰਘ ਵਾਕਿਆ ਹੀ ਭਾਜਪਾ ‘ਚ ਜਾ ਸਕਦੇ ਹਨ।
ਹਾਲਾਂਕਿ ਕਿ ਨਵਜੋਤ ਸਿੱਧੂ ਨੇ ਇੱਕ ਟਵੀਟ ਕੀਤਾ ਸੀ ਜਿਸ ‘ਚ ਉਨ੍ਹਾਂ ਨੇ ਇਨ੍ਹਾਂ ਚਰਚਾਵਾਂ ‘ਤੇ ਵਿਰਾਮ ਲਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਕਿ ਉਹ ਆਪਣੇ ਲੀਡਰਾਂ ਅਤੇ ਪਾਰਟੀ ਨੂੰ ਛੱਡ ਕੇ ਕੀਤੇ ਨਹੀਂ ਜਾ ਸਕਦੇ। ਹਾਲਾਂਕਿ ਇਸ ‘ਤੇ ਰਾਜਨੀਤਕ ਪੰਡਿਤਾਂ ਦਾ ਕਹਿਣਾ ਹੈ ਕਿ ਲੀਡਰਾਂ ਦੀ ਕਿਸੇ ਵੀ ਗੱਲ ਦਾ ਯਕੀਨ ਨਹੀਂ ਕੀਤਾ ਜਾ ਸਕਦਾ, ਇਹ ਸਵੇਰ ਵੇਲੇ ਕੋਈ ਹੋਰ ਗੱਲ ਕਹਿੰਦੇ ਹਨ ਅਤੇ ਸ਼ਾਮ ਵੇਲੇ ਹੋਰ ਗੱਲ ਕਹਿੰਦੇ ਹਨ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਪਿਛਲੇ ਕਾਫੀ ਦਿਨਾਂ ਤੋਂ ਕਾਂਗਰਸ ਤੋਂ ਬਾਗੀ ਹੋ ਕੇ ਲਗਾਤਾਰ ਰੈਲੀਆਂ ਕਰ ਰਹੇ ਹਨ, ਹਾਲਾਂਕਿ ਇਹ ਰੈਲੀਆਂ ਦਾ ਆਯੋਜਨ ਵੀ ਕਾਂਗਰਸੀਆਂ ਵੱਲੋਂ ਹੀ ਕੀਤਾ ਗਿਆ ਸੀ। ਜਿਨ੍ਹਾਂ ਦੀ ਪਿਛਲੇ ਕੁਝ ਸਮੇਂ ਤੋਂ ਕਾਂਗਰਸ ਪਾਰਟੀ ‘ਚ ਪੁੱਛ-ਗਿੱਛ ਖਤਮ ਹੋ ਗਈ ਸੀ।
ਪੰਜਾਬ ਦੇ ਇਕ ਵੱਡੇ ਲੀਡਰ ਨੇ ਦੱਸਿਆ ਕਿ ਪੰਜਾਬ ਦੀ ਸਾਰੀ ਕਾਂਗਰਸ ਲਗਪਗ ਸਿੱਧੂ ਦੇ ਖਿਲਾਫ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਸਿੱਧੂ ਨੇ ਕਾਂਗਰਸ ਦਾ ਫਾਇਦਾ ਘੱਟ ਕੀਤਾ ਹੈ ਪਰ ਨੁਕਸਾਨ ਵੱਧ ਕੀਤਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਨੂੰ ਲਾਂਭੇ ਕਰਨ ‘ਚ ਵੀ ਸਿੱਧੂ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਆਗੂ ਦਾ ਮੰਨਣਾ ਹੈ ਕਿ ਕਾਂਗਰਸ ਦੇ ਜ਼ਿਆਦਾਤਰ ਆਗੂ ਇਹ ਮੰਨ ਰਹੇ ਹਨ ਕਿ ਸਿੱਧੂ ਨੂੰ ਪਾਰਟੀ ‘ਚੋਂ ਕੱਢਣ ਦੀ ਬਜਾਏ ਜੇ ਉਹ ਆਪ ਹੀ ਕਾਂਗਰਸ ਪਾਰਟੀ ਨੂੰ ਛੱਡ ਜਾਣ ਤਾਂ ਜ਼ਿਆਦਾ ਚੰਗਾ ਹੈ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਪਾਰਟੀ ‘ਚੋਂ ਕੱਢ ਕੇ ਸਿੱਧੂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਲੇਕਿਨ ਇਸੇ ਦੌਰਾਨ ਇਹ ਵੀ ਚਰਚਾ ਜ਼ੋਰਾਂ ‘ਤੇ ਹੈ ਕਿ ਪਹਿਲਾਂ ਤੋਂ ਭਾਜਪਾ ‘ਚ ਮੌਜੂਦ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਨੂੰ ਬੀਜੇਪੀ ‘ਚ ਕਿਸ ਤਰ੍ਹਾਂ ਬਰਦਾਸ਼ਤ ਕਰਨਗੇ।
ਜਦੋਂ ਦਾ ਐਡੀਟਰ ਨਿਊਜ਼ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨਾਲ ਫੋਨ ‘ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਭਾਜਪਾ ‘ਚ ਸ਼ਾਮਿਲ ਹੋਣ ਦੀਆਂ ਕੋਰੀਆਂ ਅਫਵਾਹਾਂ ਹਨ, ਜਿਨ੍ਹਾਂ ‘ਚ ਕੋਈ ਵੀ ਸੱਚਾਈ ਨਹੀਂ ਹੈ।
ਇਸ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਟਕਸਾਲੀ ਆਗੂ ਅਤੇ ਮੌਜੂਦਾ ਐਮ ਪੀ ਮਨੀਸ਼ ਤਿਵਾੜੀ ਦੇ ਵੀ ਬੀਜੇਪੀ ‘ਚ ਸ਼ਾਮਿਲ ਹੋਣ ਦੀਆਂ ਚਰਚਾਵਾਂ ਹਨ।