ਦਾ ਐਡੀਟਰ ਨਿਊਜ਼, ਜਲੰਧਰ —— ਜਲੰਧਰ-ਦਿਹਾਤੀ ਦੀ ਪੁਲਿਸ ਵਲੋਂ ਬੰਬੀਹਾ ਗੈਂਗ ਦੇ ਭਗੋੜੇ ਦੋ ਸ਼ਾਰਪ ਸ਼ੂਟਰ ਗ੍ਰਿਫਤਾਰ ਕੀਤੇ ਗਏ ਹਨ। ਦੋਵਾਂ ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ਤੇ ਵਾਰਦਾਤ ‘ਚ ਵਰਤੀ ਸਵਿਫਟ ਕਾਰ ਅਤੇ 2 ਪਿਸਟਲ ਸਮੇਤ 5 ਰੌਂਦ ਬ੍ਰਾਮਦ ਕੀਤੇ ਗਏ ਹਨ। ਫੜੇ ਗਏ ਗੈਂਗਸਟਰਾਂ ਦੀ ਪਛਾਣ ਰਵਿੰਦਰ ਸਿੰਘ ਉੇਰਫ ਹੈਰੀ ਰਾਜਪੁਰਾ ਅਤੇ ਹਰਜੀਤ ਸਿੰਘ ਉਰਫ ਹੈਰੀ ਮੋੜ ਵੱਜੋਂ ਹੋਈ ਹੈ।
ਮੁੱਖਵਿੰਦਰ ਸਿੰਘ ਭੁੱਲਰ ਪੀ ਪੀ ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨੇ ਪ੍ਰੈਸ ਕਾਨਫਰੰਸ ‘ਚ ਪੂਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 14.03.2022 ਨੂੰ ਪਿੰਡ ਮੱਲੀਆਂ ਖੁਰਦ ਵਿਖੇ ਨਾਮਵਾਰ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆ ਦਾ 5 ਸਵਿੱਫਟ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਗਰਾਊਂਡ ਦੇ ਬਾਹਰ ਅੰਨੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਦੇ ਸਬੰਧ ‘ਚ ਪੁਲਿਸ ਵੱਲੋਂ ਪਰਚਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਸਬੰਧ ‘ਚ ਵਾਰਦਾਤ ਦੇ ਮਾਸਟਰ ਮਾਈਂਡ ਗੈਂਗਸਟਰਾਂ ਨੂੰ ਗਿਰਫ਼ਤਾਰ ਕੀਤਾ ਗਿਆ ਸੀ। ਸੰਦੀਪ ਸਿੰਘ ਨੰਗਲ ਅੰਬੀਆ ਨੂੰ ਗੋਲੀਆਂ ਮਾਰਨ ਵਾਲੇ ਸ਼ੂਟਰ ਰਵਿੰਦਰ ਸਿੰਘ ਉੇਰਫ ਹੈਰੀ ਰਾਜਪੁਰਾ ਪੁੱਤਰ ਪ੍ਰੀਤਮ ਸਿੰਘ ਵਾਸੀ ਗੋਪਾਲਪੁਰ ਥਾਣਾ ਗੰਡਿਆਲ ਖੇੜੀ ਜ਼ਿਲ੍ਹਾ ਪਟਿਆਲਾ ਅਤੇ ਹਰਜੀਤ ਸਿੰਘ ਉਰਫ ਹੈਰੀ ਮੋੜ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਮੋੜ ਕਲਾਂ ਥਾਣਾ ਮੋੜ ਜ਼ਿਲ੍ਹਾ ਬਠਿੰਡਾ ਨੂੰ ਜਲੰਧਰ ਦਿਹਾਤੀ ਦੀ ਪੁਲਿਸ ਵਲੋਂ ਬਠਿੰਡਾ ਜੇਲ੍ਹ ਤੋ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਮਿਤੀ 07-02-2024 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਹਨਾ ਨੂੰ ਪੇਸ਼ ਅਦਾਲਤ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਮਸ਼ਹੂਰ ਕੱਬਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਨੂੰ ਪਿੰਡ ਮੱਲੀਆਂ ਖੁਰਦ ਕੱਬਡੀ ਮੈਚ ਦੋਰਾਨ ਮਾਰਨ ਦੀ ਸਾਜਿਸ਼ ਵੱਖ ਵੱਖ ਜੇਲ੍ਹਾਂ ‘ਚ ਬੰਦ ਗੈਂਗਸਟਰ ਕੌਸ਼ਲ ਚੌਧਰੀ, ਅਮਿਤ ਡਾਗਰ, ਫਤਿਹ ਨਾਗਰੀ, ਜੁਝਾਰ ਸਿੰਘ ਉਰਫ ਸਮਿਰਨਜੀਤ ਸਿੰਘ ਆਦਿ ਨੇ ਜੇਲ੍ਹ ਵਿੱਚੋਂ ਅਤੇ ਵਿਦੇਸ਼ ਵਿੱਚ ਬੈਠੇ ਕੱਬਡੀ ਪਰਮੋਟਰ ਸਨਾਵਰ ਢਿੱਲੋ, ਗੈਂਗਸਟਰ ਲੱਕੀ ਪਟਿਆਲ, ਗੈਗਸਟਰ ਸੁੱਖਾ ਦੁਨੇਕੇ (ਜਿਸ ਦਾ ਵਿਦੇਸ਼ ਕਨੇਡਾ ‘ਚ ਕਤਲ ਹੋ ਗਿਆ ਹੈ) ਨੇ ਸਾਜਿਸ਼ ਰਲ ਕੇ ਬਣਾਈ ਸੀ। ਸੁੱਖਾ ਦੁਨੇਕੇ ਦੇ ਕਹਿਣ ਤੇ ਹਰਜੀਤ ਸਿੰਘ ਉਰਫ ਹੈਰੀ ਮੋੜ ਇਸ ਵਾਰਦਾਤ ‘ਚ ਸ਼ਾਮਲ ਹੋਇਆ ਸੀ ਅਤੇ ਫਤਿਹ ਨਾਗਰੀ (ਜੋ ਸੰਗਰੂਰ ਜੇਲ੍ਹ ਵਿੱਚ ਬੰਦ ਸੀ) ਦੇ ਕਹਿਣ ਤੇ ਰਵਿੰਦਰ ਸਿੰਘ ਉਰਫ ਹੈਰੀ ਰਾਜਪੁਰਾ ਇਸ ਵਾਰਦਾਤ ‘ਚ ਸ਼ਾਮਲ ਹੋਇਆ ਸੀ।