ਦਾ ਐਡੀਟਰ ਨਿਊਜ਼, ਚੰਡੀਗੜ੍ਹ ——– ਮੀਡੀਆ ਦੇ ਇੱਕ ਹਿੱਸੇ ਵੱਲੋਂ ਭਾਜਪਾ-ਅਕਾਲੀ ਗਠਜੋੜ ਹੋਣ ਸੰਬੰਧੀ ਖ਼ਬਰ ਪ੍ਰਕਾਸ਼ਿਤ ਕੀਤੇ ਅਨੁਸਾਰ, ਦਾ ਐਡੀਟਰ ਨੂੰ ਮਿਲੀ ਜਾਣਕਾਰੀ ਅਨੁਸਰ ਅਜੇ ਭਾਜਪਾ-ਅਕਾਲੀ ਗਠਜੋੜ ਹੋਣਾ ਦੂਰ ਦੀ ਗੱਲ ਹੈ। ਅਕਾਲੀ ਦਲ ਦੇ ਨੇੜਲੇ ਸੂਤਰਾਂ ਦੀ ਮੰਨੀਏ ਤਾਂ ਪਿਛਲੇ ਦਿਨਾਂ ‘ਚ ਅਕਾਲੀ ਦਲ ਅਤੇ ਭਾਜਪਾ ਦੇ ਕਿਸੇ ਵੀ ਲੀਡਰ ਦੀ ਗੱਲਬਾਤ ਨਹੀਂ ਹੋਈ ਹੈ ਅਤੇ ਇਸ ਸੰਬੰਧੀ ਪਾਰਟੀ ਦੇ ਸੀਨੀਅਰ ਨੇਤਾ ਡਾ. ਦਲਜੀਤ ਚੀਮਾ ਨੇ ਵੀ ਅਕਾਲੀ-ਭਾਜਪਾ ਗਠਜੋੜ ਦੀਆਂ ਸੰਭਾਵਨਾਵਾਂ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਅਕਾਲੀ ਦਲ ਦਾ ਗਠਜੋੜ ਬਸਪਾ ਨਾਲ ਕਾਇਮ ਹੈ। ਇੱਥੇ ਇਹ ਵੀ ਗੱਲ ਸੱਚ ਹੈ ਕਿ ਪਿਛਲੇ ਦਿਨੀਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੁਸ਼ਿਆਰਪੁਰ ਦੇ ਨੇਤਾਵਾਂ ਦੀ ਇੱਕ ਗੈਰ-ਰਸਮੀ ਮੀਟਿੰਗ ‘ਚ ਹੁਸ਼ਿਆਰਪੁਰ ਰਿਜ਼ਰਵ ਲੋਕ ਸਭਾ ਸੀਟ ਤੋਂ ਬਸਪਾ ਨੂੰ ਦੇਣ ਸੰਬੰਧੀ ਵੀ ਖੁੱਲ੍ਹ ਕੇ ਚਰਚਾ ਕੀਤੀ ਗਈ ਅਤੇ ਬਾਦਲ ਨੇ ਇਹ ਵੀ ਜਾਨਣ ਦੀ ਕੋਸ਼ਿਸ਼ ਕੀਤੀ ਸੀ ਕਿ ਇਸ ਸੀਟ ਤੋਂ ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਰਹੇ ਅਵਤਾਰ ਸਿੰਘ ਕਰੀਮਪੁਰੀ ਵਿੱਚੋਂ ਕਿਹੜਾ ਮਜ਼ਬੂਤ ਉਮੀਦਵਾਰ ਹੈ, ਜ਼ਿਆਦਾਤਰ ਅਕਾਲੀ ਨੇਤਾਵਾਂ ਨੇ ਗੜ੍ਹੀ ਦੇ ਨਾਂਅ ‘ਤੇ ਹੀ ਹਾਮੀ ਭਰੀ ਸੀ ਅਤੇ ਕਰੀਮਪੁਰੀ ਦੇ ਨਾਮ ‘ਤੇ ਇਸ ਕਰਕੇ ਲੀਕ ਮਾਰੀ ਗਈ, ਕਿ ਉਹ ਹੁਸ਼ਿਆਰਪੁਰ ਦੀ ਰਾਜਨੀਤੀ ‘ਚ ਰਹਿੰਦੀਆਂ ਬਸਪਾ ਦੀ ਅੰਦਰੂਨੀ ਧੜੇਬੰਦੀ ‘ਚ ਉਲਝੇ ਹੋਏ ਸਨ। ਹਾਲਾਂਕਿ ਇਸ ਸੀਟ ‘ਤੇ ਲੜਨ ਲਈ ਗੜ੍ਹੀ ਵੀ ਦਿਲਚਸਪੀ ਦਿਖਾ ਚੁੱਕੇ ਹਨ। ਉਸ ਮੀਟਿੰਗ ‘ਚ ਇਹ ਗੱਲ ਵੀ ਨਿੱਕਲ ਕੇ ਸਾਹਮਣੇ ਆਈ ਸੀ ਕਿ ਆਕਲੀ ਦਲ, ਬਸਪਾ ਨੂੰ ਜਲੰਧਰ ਅਤੇ ਹੁਸ਼ਿਆਰਪੁਰ ਦੋਵੇਂ ਸੀਟਾਂ ਛੱਡ ਸਕਦਾ ਹੈ ਕਿਉਂਕਿ ਦੋਵਾਂ ਸੀਟਾਂ ‘ਤੇ ਬਸਪਾ ਦਾ ਕਾਫੀ ਆਧਾਰ ਹੈ।
ਕੀ ਗਠਜੋੜ ਖ਼ਬਰ ਪਿੱਛੇ ਬਾਜਪਾ ?
ਪਿਛਲੇ ਕਾਫੀ ਦਿਨਾਂ ਤੋਂ ਭਾਜਪਾ-ਅਕਾਲੀ ਗਠਜੋੜ ਦੀਆਂ ਖਬਰਾਂ ਮੱਧਮ ਪੈ ਚੁੱਕੀਆਂ ਸਨ ਅਤੇ ਨਾ ਹੀ ਇਸ ਗਠਜੋੜ ਸੰਬੰਧੀ ਅਕਾਲੀ ਅਤੇ ਬਾਜਪਾ ਦਾ ਕੋਈ ਨੇਤਾ ਗੱਲ ਕਰ ਰਿਹਾ ਸੀ। ਪਰ ਅੱਜ ਹੀ ਅਚਾਨਕ ਇੱਕ ਹਿੰਦੀ ਦੀ ਅਖ਼ਬਾਰ ਦੇ ਇੱਕ ਸੰਪਾਦਕ ਵੱਲੋਂ ਭਾਜਪਾ-ਅਕਾਲੀ ਗਠਜੋੜ ਲਗਪਗ ਤੈਅ ਦੀ ਖਬਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ। ਜਦ ਕਿ ਅਕਾਲੀ ਦਲ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਖ਼ਬਰ ਭਾਜਪਾ ਵੱਲੋਂ ਪ੍ਰੋਜੈਕਟ ਕੀਤੀ ਗਈ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਖ਼ਬਰ ‘ਚ ਕੋਈ ਵੀ ਸਚਾਈ ਨਹੀਂ ਹੈ। ਇੱਥੇ ਇਹ ਗੱਲ ਕਰਨੀ ਵੀ ਵਾਜਬ ਹੋਵੇਗੀ ਕਿ ਖ਼ਬਰ ਪ੍ਰਕਾਸ਼ਿਤ ਕਰਨ ਵਾਲੇ ਸੰਪਾਦਕ ਦੀਆਂ ਨਜਦੀਕੀਆਂ ਭਾਜਪਾ ਨਾਲੋਂ ਲੁਕੀਆਂ ਹੋਈਆਂ ਨਹੀਂ ਹਨ।
ਹਾਸੋਹੀਣੀ ਅਤੇ ਹੈਰਾਨੀ ਜਨਕ ਖਬਰ ਉਸ ਸਮੇਂ ਪ੍ਰਕਾਸ਼ਿਤ ਹੋਈ ਹੈ ਜਦੋਂ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਮਾਮਲੇ ‘ਚ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਭਾਜਪਾ ਦੇ ਖਿਲਾਫ ਮੋਰਚਾ ਖੋਲ੍ਹ ਲਿਆ ਹੈ ਅਤੇ ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਅਕਾਲੀ ਨੇਤਾ ਡਾ. ਦਲਜੀਤ ਚੀਮਾ, ਰਾਜਿੰਦਰ ਸਿੰਘ ਮਹਿਤਾ ਸਮੇਤ ਸ਼੍ਰੋਮਣੀ ਕਮੇਟੀ ਦੇ ਕਈ ਹੋਰ ਮੈਂਬਰ ਇਸ ਮੁੱਦੇ ਨੂੰ ਲੈ ਕੇ ਮਹਾਰਾਸ਼ਟਰ ਜਾ ਰਹੇ ਹਨ।
ਸੌਖਾ ਨਹੀਂ ਹੋਵੇਗਾ ਅਕਾਲੀਆਂ ਦਾ ਭਾਜਪਾ ਨਾਲ ਸਮਝੌਤਾ
ਬੰਦੀ ਸਿੰਘਾਂ ਅਤੇ ਹਰਿਆਣਾ ਗੁਰਦੁਆਰਾ ਕਮੇਟੀ ਦਾ ਮਾਮਲਾ ਅਜੇ ਚੱਲ ਹੀ ਰਿਹਾ ਸੀ ਕਿ ਹੁਣ ਨਵਾਂ ਮੁੱਦਾ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਬੋਰਡ ਦਾ ਸਾਹਮਣੇ ਆ ਗਿਆ ਹੈ। ਹਾਲ ਹੀ ‘ਚ ਅਕਾਲੀ ਦਲ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਜਦ ਲੋਕ ਸਭਾ ‘ਚ ਭਾਈ ਬਲਵੰਤ ਸਿੰਘ ਦੀ ਰਿਹਾਈ ਦਾ ਮਾਮਲਾ ਚੁੱਕਿਆ ਗਿਆ ਸੀ ਤਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰਾਜੋਆਣਾ ਦੀ ਰਿਹਾਈ ਤੋਂ ਸਾਫ ਇਨਕਾਰ ਹੀ ਨਹੀਂ ਕੀਤਾ ਗਿਆ ਸੀ ਬਲਕਿ ਇਸ ਮਾਮਲੇ ‘ਚ ਬੜੇ ਤਿੱਖੇ ਤੇਵਰ ਦਿਖਾਏ ਸਨ ਅਤੇ ਉਸ ਦਿਨ ਇਹ ਗੱਲ ਸਾਫ ਹੋ ਗਈ ਕਿ ਅਜਿਹੇ ਸਮੇ ‘ਚ ਭਾਜਪਾ-ਅਕਾਲੀ ਗਠਜੋੜ ਦੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਸਨ। ਇਹ ਸਮਝੌਤਾ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਭਾਜਪਾ ਅਕਾਲੀ ਦਲ ਵੱਲੋਂ ਚੁੱਕੇ ਮੁੱਦਿਆਂ ਦਾ ਹੱਲ ਕਰਦੀ ਹੈ, ਜਿਸ ਦੀ ਸੰਭਾਵਨਾ ਕਾਫੀ ਹੱਦ ਤੱਕ ਮੱਧਮ ਲੱਗਦੀ ਹੈ।
ਸੁਖਬੀਰ ਅਤੇ ਮਜੀਠੀਆ ਦੀਆਂ ਰੈਲੀਆਂ ਨੇ ਬਦਲੀ ਤਸਵੀਰ
ਪਿਛਲੇ ਕੁੱਝ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਝੇ ਦੇ ਇਲਾਕੇ ‘ਚ ਪੰਜਾਬ ਬਚਾਓ ਯਾਤਰਾ ਕੱਢ ਰਹੇ ਹਨ। ਜਿਵੇਂ ਕਿ ਇਸ ਯਾਤਰਾ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਕਾਫੀ ਤੰਜ਼ ਵੀ ਕਸੇ ਸਨ, ਲੇਕਿਨ ਜਿਸ ਤਰ੍ਹਾਂ ਦਾ ਹੁੰਗਾਰਾ ਅਕਾਲੀ ਦਲ ਨੂੰ ਇਸ ਯਾਤਰਾ ‘ਚ ਮਿਲਿਆ ਹੈ, ਉਸ ਹੁੰਗਾਰੇ ਨੇ ਅਕਾਲੀ ਦਲ ਨੂੰ ਬਾਗੋਬਾਗ ਕਰ ਦਿੱਤਾ ਹੈ। ਬਹੁਤੇ ਅਕਾਲੀ ਦਲ ਦੇ ਨੇਤਾਵਾਂ ਦਾ ਇਹ ਮੰਨਣਾ ਹੈ ਕਿ ਇਸ ਵਾਰ ਅਕਾਲੀ ਦਲ ਆਪਣੇ ਬਲ-ਬੂਤੇ ‘ਤੇ ਹੀ ਲੋਕ ਸਭਾ ਚੋਣਾਂ ‘ਚ ਮੈਦਾਨ ‘ਚ ਉਤਰੇਗਾ, ਜੇ ਭਾਜਪਾ ਨਾਲ ਅਜਿਹੇ ਹਾਲਾਤਾਂ ‘ਚ ਗਠਜੋੜ ਹੁੰਦਾ ਹੈ ਤਾਂ ਸਿੱਖ ਵੋਟਾਂ ਦਾ ਹੀ ਨਹੀਂ ਸਗੋਂ ਕਿਸਾਨ ਵੋਟਾਂ ਦੀ ਵਿਰੋਧਤਾ ਦਾ ਅਕਾਲੀ ਦਲ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ।
ਮੀਟਿੰਗ ਨੂੰ ਲੈ ਕੇ ਪਈ ਰੌਲੀ……..
ਇਸੇ ਦੌਰਾਨ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਉਣ ਵਾਲੇ ਦਿਨਾਂ ‘ਚ ਅਮਿਤ ਸ਼ਾਹ ਅਤੇ ਸੁਖਬੀਰ ਬਾਦਲ ਦੀ 11 ਫਰਵਰੀ ਨੂੰ ਮੀਟਿੰਗ ਹੋ ਸਕਦੀ ਹੈ। ਜਿਸ ਦੇ ਬਾਰੇ ‘ਚ ਕਾਫੀ ਜ਼ਿਆਦਾ ਇਸ ਗੱਲ ਦਾ ਵੀ ਰੌਲਾ ਪਾਇਆ ਜਾ ਰਿਹਾ ਹੈ।