ਦਾ ਐਡੀਟਰ ਨਿਊਜ਼, ਚੰਡੀਗੜ੍ਹ —- ਹੁਣ ਪੰਜਾਬ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ ਇੱਕ ਵਾਰ ਮਿਡ-ਡੇ-ਮੀਲ ਵਿੱਚ ਕੇਲਿਆਂ ਦੀ ਬਜਾਏ ਮੌਸਮੀ ਫਲ ਦਿੱਤੇ ਜਾਣਗੇ। ਇਨ੍ਹਾਂ ਫਲਾਂ ਵਿੱਚ ਕਿੰਨੂ, ਅਮਰੂਦ, ਲੀਚੀ, ਆਲੂ-ਬੁਖਾਰਾ, ਸੇਬ ਅਤੇ ਅੰਬ ਸ਼ਾਮਲ ਹਨ। ਵਿਦਿਆਰਥੀਆਂ ਨੂੰ ਇਹ ਫਲ 12 ਫਰਵਰੀ ਤੋਂ ਮਿਲਣੇ ਸ਼ੁਰੂ ਹੋ ਜਾਣਗੇ। ਮੌਸਮੀ ਫਲਾਂ ਨੂੰ ਹੁਣ ਮਿਡ-ਡੇ-ਮੀਲ ਮੈਨਿਊ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਹਾਲਾਂਕਿ ਅਪਰੈਲ ਤੋਂ ਸ਼ੁਰੂ ਹੋ ਰਹੇ ਨਵੇਂ ਸੈਸ਼ਨ ਵਿੱਚ ਇਸ ਸਬੰਧੀ ਮੌਸਮੀ ਫਲਾਂ ਦੀ ਉਪਲਬਧਤਾ ਦੇ ਹਿਸਾਬ ਨਾਲ ਹੁਕਮ ਜਾਰੀ ਕੀਤੇ ਜਾਣਗੇ। ਇਸ ਤੋਂ ਪਹਿਲਾਂ ਜਨਵਰੀ ਵਿੱਚ ਕੇਲੇ ਦੇਣ ਦਾ ਫੈਸਲਾ ਲਿਆ ਗਿਆ ਸੀ। ਸਰਦੀਆਂ ਦੀਆਂ ਛੁੱਟੀਆਂ ਕਾਰਨ ਇਹ ਪ੍ਰਾਜੈਕਟ ਪੂਰਾ ਨਹੀਂ ਹੋ ਸਕਿਆ।
ਵਿਦਿਆਰਥੀਆਂ ਨੂੰ ਮੌਸਮੀ ਫਲ ਦੇਣ ਦਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਲਿਆ ਗਿਆ ਹੈ। ਇਸਦੇ ਪਿੱਛੇ ਕੋਸ਼ਿਸ਼ ਇਹ ਵੀ ਹੈ ਕਿ ਸੂਬੇ ਦੇ ਸਥਾਨਕ ਫਲ ਉਤਪਾਦਕਾਂ ਨੂੰ ਲਾਭ ਪਹੁੰਚਾਇਆ ਜਾਵੇ ਅਤੇ ਨਾਲ ਹੀ ਵਿਦਿਆਰਥੀਆਂ ਦੀ ਸਿਹਤ ਦਾ ਵੀ ਧਿਆਨ ਰੱਖਿਆ ਜਾਵੇ। ਇਹ ਮੁੱਦਾ ਵਿਧਾਇਕਾਂ ਅਤੇ ਖੇਤੀ ਮਾਹਿਰਾਂ ਵੱਲੋਂ ਲੰਬੇ ਸਮੇਂ ਤੋਂ ਉਠਾਇਆ ਜਾ ਰਿਹਾ ਸੀ। ਇਸ ਸਕੀਮ ਵਿੱਚ ਪ੍ਰਤੀ ਵਿਦਿਆਰਥੀ 5ਤੋਂ 6 ਰੁਪਏ ਖਰਚ ਕਰਨ ਦੀ ਯੋਜਨਾ ਹੈ। ਇਹ ਸਾਰੀ ਰਣਨੀਤੀ ਪੂਰੀ ਸੋਚ ਵਿਚਾਰ ਤੋਂ ਬਾਅਦ ਬਣਾਈ ਗਈ ਹੈ।
ਇਸ ਸਮੇਂ ਸੂਬੇ ਦੇ 19120 ਸਰਕਾਰੀ ਸਕੂਲਾਂ ਵਿੱਚ ਪ੍ਰੀ-ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੇ 18.35 ਲੱਖ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ। ਮੌਸਮੀ ਫਲਾਂ ‘ਤੇ ਪ੍ਰਤੀ ਵਿਦਿਆਰਥੀ 6 ਰੁਪਏ ਖਰਚ ਕੀਤੇ ਜਾਣਗੇ, ਇਸ ਤਰ੍ਹਾਂ ਸਾਲਾਨਾ 52.86 ਕਰੋੜ ਰੁਪਏ ਖਰਚ ਹੋਣਗੇ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਮਿਡ-ਡੇ-ਮੀਲ ਸਕੀਮ ਤਹਿਤ 456 ਕਰੋੜ ਰੁਪਏ ਖਰਚ ਕੀਤੇ ਜਾਂਦੇ ਹਨ। ਮਿਡ-ਡੇ-ਮੀਲ ਮੀਨੂ ਨੂੰ ਸਰਕਾਰ ਦੁਆਰਾ ਸੀਜ਼ਨ ਦੇ ਆਧਾਰ ‘ਤੇ ਸਾਲ ਵਿੱਚ 2 ਤੋਂ 3 ਵਾਰ ਬਦਲਿਆ ਜਾਂਦਾ ਹੈ।