ਦਾ ਐਡੀਟਰ ਨਿਊਜ਼. ਚੰਡੀਗੜ੍ਹ ——– ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਂਉਕੇ ਦੇ ਮਾਮਲੇ ਵਿੱਚ 2004 ਤੋਂ ਬਾਅਦ ਦੋ ਜਨਵਰੀ 2024 ਨੂੰ ਪੰਜਾਬ ਸਰਕਾਰ ਨੇ ਜਥੇਦਾਰ ਗੁਰਦੇਵ ਸਿੰਘ ਕਾਂਉਕੇੇ ਦੇ ਖਿਲਾਫ ਜਿੰਨੇ ਵੀ ਮਾਮਲੇ ਦਰਜ ਸਨ ਦੀ ਸਟੇਟਸ ਰਿਪੋਰਟ ਮੰਗੀ ਹੈ। ਦਾ ਐਡੀਟਰ ਨਿਊਜ਼ ਦੇ ਹੱਥ ਲੱਗੀ ਇਸ ਸਟੇਟਸ ਰਿਪੋਰਟ ਵਿੱਚ ਜਥੇਦਾਰ ਕਾਂਉਕੇ ਦੇ ਖਿਲਾਫ ਜਿੰਨੇ ਵੀ ਮਾਮਲੇ ਦਰਜ ਕੀਤੇ ਗਏ ਸਨ ਉਹਨਾਂ ਮਾਮਲਿਆਂ ਦੀ ਮੌਜੂਦਾ ਸਥਿਤੀ ਬਾਰੇ ਸਪੱਸ਼ਟ ਕੀਤਾ ਗਿਆ ਹੈ ਇਸ ਸਟੇਟਸ ਰਿਪੋਰਟ ਤੋਂ ਇਹ ਗੱਲ ਸਾਬਿਤ ਹੋ ਗਈ ਹੈ ਕਿ ਅੱਜ ਦੀ ਤਾਰੀਖ ਤੱਕ ਵੀ ਜਥੇਦਾਰ ਗੁਰਦੇਵ ਸਿੰਘ ਅਦਾਲਤ ਵੱਲੋਂ ਭਗੌੜੇ ਕਰਾਰ ਦਿੱਤੇ ਗਏ ਹਨ।
ਇਸ ਸਟੇਟਸ ਰਿਪੋਰਟ ਮੁਤਾਬਕ ਜਥੇਦਾਰ ਕਾਂਉਕੇ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ 6 ਮਾਮਲੇ 90 ਦੇ ਦਸ਼ਕ ਵਿੱਚ ਦਰਜ ਕੀਤੇ ਗਏ ਸਨ, ਇਸ ਰਿਪੋਰਟ ਵਿੱਚ ਪਹਿਲੇ ਨੰਬਰ ਤੇ ਮੁਕੱਦਮਾ ਨੰਬਰ 181 ਮਿਤੀ 8- 12- 1992 ਧਾਰਾ 302, 34, 25,27 ਅਸਲਾ ਐਕਟ ਥਾਣਾ ਸਦਰ ਜਗਰਾਓ, ਦੂਸਰਾ ਮੁਕੱਦਮਾ ਨੰਬਰ 151 ਮਿਤੀ 26 ਜੁਲਾਈ 1989 ਧਾਰਾ- 212-216-ਏ ਟਾਡਾ ਐਕਟ, ਤਿੰਨ-ਚਾਰ-ਪੰਜ ਥਾਣਾ ਸਦਰ ਜਗਰਾਓ, ਤੀਸਰੇ ਨੰਬਰ ਤੇ ਮੁਕੱਦਮਾ ਨੰਬਰ-172 ਮਿਤੀ- 21 ਨਵੰਬਰ 1992 ਅਸਲਾ ਐਕਟ ਥਾਣਾ ਸਦਰ ਜਗਰਾਓ, ਚੌਥਾ ਮੁਕੱਦਮਾ ਨੰਬਰ-32 ਮਿਤੀ 16 ਜਨਵਰੀ 1985 ਧਾਰਾ 307-34-120 ਅਸਲਾ ਐਕਟ ਥਾਣਾ ਦਾਖਾ, ਮੁਕੱਦਮਾ ਨੰਬਰ-59 ਮਿਤੀ 10 ਅਪ੍ਰੈਲ 1991 ਧਾਰਾ-302, 120-ਬੀ ਟਾਡਾ ਅਤੇ ਅਸਲਾ ਐਕਟ ਥਾਣਾ ਸਦਰ ਜਗਰਾਓ, ਪੰਜਵਾਂ ਨੰਬਰ ਮੁਕੱਦਮਾ ਨੰਬਰ 59, ਮਿਤੀ 2 ਜਨਵਰੀ 1993, 307- 353- 224- 34 ਅਸਲਾ ਐਕਟ ਥਾਣਾ ਸਿੱਧਵਾ ਵੇਟ, ਇਹ ਉਹ ਕੇਸ ਹੈ ਜਿਸ ਵਿੱਚ ਜਥੇਦਾਰ ਕਾਂਉਕੇ ਨੂੰ ਪੁਲਿਸ ਪਾਰਟੀ ਕੋਲੋਂ ਛੁਡਵਾਏ ਜਾਣ ਦਾ ਮਾਮਲਾ ਹੈ, ਜਿਸ ਵਿੱਚ ਪੁਲਿਸ ਨੇ ਇਹ ਦਾਅਵਾ ਕੀਤਾ ਸੀ ਕਿ ਜਥੇਦਾਰ ਕਾਂਉਕੇ ਨੂੰ ਕੁਝ ਖਾੜਕੂ ਪੁਲਿਸ ਹਿਰਾਸਤ ਵਿੱਚੋਂ ਭਜਾ ਕੇ ਲੈ ਗਏ ਸਨ, ਇਸ ਮੁਕੱਦਮੇ ਦੀ ਹੀ ਬੀ.ਪੀ. ਤਿਵਾੜੀ ਨੇ ਜਾਂਚ ਰਿਪੋਰਟ ਸੌਂਪੀ ਸੀ।

ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਇਨ੍ਹਾਂ ਮੁਕੱਦਮਿਆਂ ਵਿੱਚੋਂ ਦੋ ਅਜਿਹੇ ਮੁਕੱਦਮੇ ਹਨ ਜਿਨ੍ਹਾਂ ਵਿੱਚੋਂ ਜਥੇਦਾਰ ਕਾਂਉਕੇ ਨੂੰ ਭਗੋੜਾ ਕਰਾਰ ਕੀਤਾ ਹੋਇਆ ਹੈ। ਮੁਕੱਦਮਾ ਨੰਬਰ-181 ਵਿੱਚ ਐਸ.ਡੀ.ਜੇ.ਐੱਮ.ਜਗਰਾਓ ਦੀ ਅਦਾਲਤ ਵੱਲੋਂ ਜਥੇਦਾਰ ਕਾਂਉਕੇ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ, ਇਸੇ ਤਰ੍ਹਾਂ ਮੁਕੱਦਮਾ ਨੰਬਰ-01 ਵਿੱਚ ਵੀ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ, ਮੁਕੱਦਮਾ ਨੰਬਰ 151 ਵਿੱਚ ਐੱਮ.ਐੱਸ.ਆਹਲੂਵਾਲੀਆ ਵੱਲੋਂ ਕੇਸ ਵਾਪਿਸ ਲੈ ਲਿਆ ਗਿਆ ਸੀ, ਮੁਕੱਦਮਾ ਨੰਬਰ 172 ਵਿੱਚ ਐਸਡੀਜੇਐੱਮ ਜਗਰਾਓ ਵੱਲੋਂ ਜਥੇਦਾਰ ਕਾਂਉਕੇ ਨੂੰ ਇੱਕ ਸਾਲ ਦੀ ਕੈਦ ਤੇ ਇੱਕ ਹਜਾਰ ਰੁਪਏ ਜੁਰਮਾਨਾ ਕੀਤਾ ਗਿਆ, ਮੁਕੱਦਮਾ ਨੰਬਰ 32 ਵਿੱਚ ਐਫਆਈਆਰ ਪੁਸਤ ਖਰਾਬ ਹੋਣ ਕਰਕੇ ਮੁਕੱਦਮੇ ਦੀ ਸਟੇਜ ਕਲੀਅਰ ਨਹੀਂ ਹੋ ਸਕੀ,ਮੁਕੱਦਮਾ ਨੰਬਰ 59 ਵਿੱਚ ਜਥੇਦਾਰ ਕਾਂਉਕੇ ਨੂੰ ਲੁਧਿਆਣਾ ਦੀ ਅਦਾਲਤ ਵੱਲੋਂ ਬਰੀ ਕੀਤਾ ਗਿਆ ਸੀ, ਮੁਕੱਦਮਾ ਨੰਬਰ 47 ਜੋ ਕਿ ਟਾਡਾ ਐਕਟ ਤਹਿਤ ਥਾਣਾ ਸ਼ਾਹਬਾਦ ਵਿੱਚ ਦਰਜ ਸੀ ਉਸ ਬਾਰੇ ਵੀ ਕੋਈ ਤੱਥ ਮਿਲੇ ਨਹੀਂ ਹਨ।