ਦਾ ਐਡੀਟਰ ਨਿਊਜ਼, ਨੋਇਡਾ ——- ਨੋਇਡਾ ‘ਚ ਕ੍ਰਿਕਟ ਖੇਡਦੇ ਸਮੇਂ ਪਿੱਚ ‘ਤੇ 34 ਸਾਲਾ ਬੱਲੇਬਾਜ਼ ਨੂੰ ਦਿਲ ਦਾ ਦੌਰਾ ਪੈ ਗਿਆ। ਸਾਥੀ ਬੱਲੇਬਾਜ਼ ਅਤੇ ਫੀਲਡਿੰਗ ਟੀਮ ਦੇ ਖਿਡਾਰੀਆਂ ਉਸ ਨੂੰ ਸੀਪੀਆਰ ਵੀ ਦਿੱਤੀ, ਪਰ ਖਿਡਾਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਕਾਸ ਨੇਗੀ (34) ਇੱਕ ਇੰਜੀਨੀਅਰ ਸੀ ਜੋ ਨੋਇਡਾ ਵਿੱਚ ਕਾਰਪੋਰੇਟ ਲੀਗ ਮੈਚ ਖੇਡ ਰਿਹਾ ਸੀ।
ਨੋਇਡਾ ‘ਚ ਕਾਰਪੋਰੇਟ ਲੀਗ ਦੌਰਾਨ ਮਾਵੇਰਿਕਸ ਇਲੈਵਨ ਅਤੇ ਬਲੇਜ਼ਿੰਗ ਬੁਲਸ ਵਿਚਾਲੇ ਮੈਚ ਚੱਲ ਰਿਹਾ ਸੀ। ਮਾਵਰਿਕਸ ਟੀਮ ਬੱਲੇਬਾਜ਼ੀ ਕਰ ਰਹੀ ਸੀ। ਉਮੇਸ਼ ਕੁਮਾਰ ਅਤੇ ਵਿਕਾਸ ਪਿੱਚ ‘ਤੇ ਸਨ। 14ਵਾਂ ਓਵਰ ਚੱਲ ਰਿਹਾ ਸੀ। ਵਿਕਾਸ ਨਾਨ-ਸਟ੍ਰਾਈਕਰ ਰਨ ਲੈਣ ਲਈ ਦੌੜਿਆ ਅਤੇ ਉਮੇਸ਼ ਨੇ ਚੌਕਾ ਲਗਾਇਆ।ਜਿਸ ਤੋਂ ਬਾਅਦ ਵਿਕਾਸ ਵਧਾਈ ਦੇਣ ਲਈ ਸਟ੍ਰਾਈਕਰ ਐਂਡ ‘ਤੇ ਗਿਆ ਅਤੇ ਵਿਕਾਸ ਵਾਪਿਸ ਕਰੀਜ ‘ਤੇ ਪਹੁੰਚਣ ਤੋਂ ਪਹਿਲਾਂ ਹੀ ਪਿੱਚ ‘ਤੇ ਡਿੱਗ ਗਿਆ।
ਇਹ ਦੇਖ ਕੇ ਦੋਵੇਂ ਟੀਮਾਂ ਦੇ ਖਿਡਾਰੀ ਪਿੱਚ ‘ਤੇ ਦੌੜ ਕੇ ਗਏ। ਕੁਝ ਖਿਡਾਰੀਆਂ ਨੇ ਵਿਕਾਸ ਦੀ ਜਾਨ ਬਚਾਉਣ ਲਈ ਉਸ ਨੂੰ ਸੀ.ਪੀ.ਆਰ. ਵੀ ਦਿੱਤੀ ਅਤੇ ਉਸ ਨੂੰ ਕੁਝ ਦੇਰ ਜ਼ਮੀਨ ‘ਤੇ ਬਿਠਾ ਕੇ ਵੀ ਰੱਖਿਆ ਗਿਆ। ਜਦੋਂ ਉਸ ਦੀ ਸਿਹਤ ‘ਚ ਸੁਧਾਰ ਨਹੀਂ ਹੋਇਆ ਤਾਂ ਉਸ ਨੂੰ ਨੋਇਡਾ ਦੇ ਨਜ਼ਦੀਕੀ ਹਸਪਤਾਲ ‘ਚ ਲਿਜਾਇਆ ਗਿਆ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ, ਹਸਪਤਾਲ ਪਹੁੰਚਦੇ ਹੀ ਡਾਕਟਰਾਂ ਨੇ ਵਿਕਾਸ ਨੂੰ ਮ੍ਰਿਤਕ ਐਲਾਨ ਦਿੱਤਾ।
ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਵਿਕਾਸ ਆਪਣੀ ਟੀਮ ਲਈ 7 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਸਨ। ਉਸ ਨੇ 6 ਗੇਂਦਾਂ ਖੇਡੀਆਂ ਸਨ ਤਾਂ ਉਸ ਦੀ ਟੀਮ ਦਾ ਸਕੋਰ 13.5 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 143 ਦੌੜਾਂ ਸੀ। ਮੈਚ ਦਾ ਯੂ-ਟਿਊਬ ‘ਤੇ ਲਾਈਵ ਪ੍ਰਸਾਰਣ ਕੀਤਾ ਜਾ ਰਿਹਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬਲੇਜ਼ਿੰਗ ਬੁਲਸ ਨੇ 19.2 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 183 ਦੌੜਾਂ ਬਣਾਈਆਂ ਸਨ।
ਦੋਵਾਂ ਟੀਮਾਂ ਵਿਚਾਲੇ ਇਹ ਮੈਚ S&B ਇੰਡੀਆ ਸਾਲਾਨਾ ਕ੍ਰਿਕਟ ਟੂਰਨਾਮੈਂਟ ‘ਚ ਹੋ ਰਿਹਾ ਸੀ। ਹਾਦਸੇ ਤੋਂ ਬਾਅਦ ਟੂਰਨਾਮੈਂਟ ਰੋਕ ਦਿੱਤਾ ਗਿਆ।