ਦਾ ਐਡੀਟਰ ਨਿਊਜ਼, ਜੰਮੂ-ਕਸ਼ਮੀਰ —– ਜੰਮੂ-ਕਸ਼ਮੀਰ ਦੇ ਬਾਰਾਮੂਲਾ ਦੇ ਗੇਂਟਮੁਲਾ ‘ਚ ਐਤਵਾਰ (24 ਦਸੰਬਰ) ਦੀ ਸਵੇਰ ਨੂੰ ਅੱਤਵਾਦੀਆਂ ਨੇ ਇਕ ਮਸਜਿਦ ‘ਤੇ ਗੋਲੀਬਾਰੀ ਕੀਤੀ। ਜਿਸ ‘ਚ ਸੇਵਾਮੁਕਤ ਐਸਐਸਪੀ ਮੁਹੰਮਦ ਸ਼ਫੀ ਦੀ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ।
ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਸੇਵਾਮੁਕਤ ਐਸਐਸਪੀ ਮਸਜਿਦ ਵਿੱਚ ਨਮਾਜ਼ ਅਦਾ ਕਰ ਰਹੇ ਸਨ। ਇਸ ਦੌਰਾਨ ਅੱਤਵਾਦੀ ਮਸਜਿਦ ਦੇ ਅੰਦਰ ਦਾਖਲ ਹੋ ਗਏ ਅਤੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਮੌਤ ਹੋ ਗਈ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅੱਤਵਾਦੀ ਫਰਾਰ ਹੋ ਗਏ। ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜੰਮੂ ‘ਚ ਪਿਛਲੇ ਚਾਰ ਦਿਨਾਂ ‘ਚ ਇਹ ਤੀਜੀ ਵੱਡੀ ਅੱਤਵਾਦੀ ਘਟਨਾ ਹੈ।
ਇਸ ਤੋਂ ਪਹਿਲਾਂ 23 ਦਸੰਬਰ ਨੂੰ ਅੱਤਵਾਦੀਆਂ ਨੇ ਅਖਨੂਰ ‘ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ। 21 ਦਸੰਬਰ ਨੂੰ ਰਾਜੌਰੀ ‘ਚ ਅੱਤਵਾਦੀਆਂ ਨੇ ਫੌਜ ਦੇ ਕਾਫਲੇ ‘ਤੇ ਹਮਲਾ ਕੀਤਾ ਸੀ। ਇਸ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ ਸਨ। ਦੋ ਸਿਪਾਹੀ ਜ਼ਖਮੀ ਹੋਏ ਸਨ।