ਦਾ ਐਡੀਟਰ ਨਿਊਜ਼, ਕੋਲਕਾਤਾ ———- ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ‘ਤੇ ਖੇਡੇ ਗਏ ਦੂਜੇ ਸੈਮੀਫਾਈਨਲ ‘ਚ ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਆਸਟ੍ਰੇਲੀਆਈ ਟੀਮ 8ਵੀਂ ਵਾਰ ਵਿਸ਼ਵ ਕੱਪ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚੀ ਹੈ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਇੱਕ ਵਾਰ ਫਿਰ ਵੱਡੇ ਟੂਰਨਾਮੈਂਟ ਵਿੱਚ ਚੋਕਰਸ ਟੀਮ ਸਾਬਤ ਹੋਈ ਹੈ। ਇਹ ਪੰਜਵੀਂ ਵਾਰ ਹੈ ਜਦੋਂ ਅਫਰੀਕੀ ਟੀਮ ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਹਾਰੀ ਹੈ।
ਵੀਰਵਾਰ ਨੂੰ ਹੋਏ ਇਸ ਮੈਚ ‘ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ 49.4 ਓਵਰਾਂ ਵਿੱਚ 212 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਡੇਵਿਡ ਮਿਲਰ ਨੇ ਸਭ ਤੋਂ ਵੱਧ 101 ਦੌੜਾਂ ਬਣਾਈਆਂ। ਮਿਸ਼ੇਲ ਸਟਾਰਕ ਅਤੇ ਪੈਟ ਕਮਿੰਸ ਨੇ 3-3 ਵਿਕਟਾਂ ਲਈਆਂ। ਜਵਾਬ ‘ਚ ਆਸਟ੍ਰੇਲੀਆ ਨੇ 47.2 ਓਵਰਾਂ ‘ਚ 7 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੇ 48 ਗੇਂਦਾਂ ‘ਤੇ 62 ਦੌੜਾਂ ਦੀ ਹਮਲਾਵਰ ਪਾਰੀ ਖੇਡੀ। ਇਸ ਦੌਰਾਨ ਸਟੀਵ ਸਮਿਥ ਨੇ 30 ਅਤੇ ਜੋਸ਼ ਇੰਗਲਿਸ ਨੇ 28 ਦੌੜਾਂ ਬਣਾਈਆਂ।
ਹੁਣ ਆਸਟਰੇਲਿਆਈ ਟੀਮ ਐਤਵਾਰ ਨੂੰ ਅਹਿਮਦਾਬਾਦ ਵਿੱਚ ਹੋਣ ਵਾਲੇ ਫਾਈਨਲ ਮੈਚ ਵਿੱਚ ਭਾਰਤ ਨਾਲ ਭਿੜੇਗੀ। ਭਾਰਤ ਨੇ ਬੁੱਧਵਾਰ ਨੂੰ ਖੇਡੇ ਗਏ ਪਹਿਲੇ ਸੈਮੀਫਾਈਨਲ ‘ਚ ਨਿਊਜ਼ੀਲੈਂਡ ਨੂੰ ਹਰਾਇਆ ਸੀ।
ਦੱਖਣੀ ਅਫ਼ਰੀਕਾ ਦੀ ਟੀਮ ਲਗਾਤਾਰ 5ਵੀਂ ਵਾਰ ਹਾਰ ਕੇ ਸੈਮੀਫਾਈਨਲ ਤੋਂ ਬਾਹਰ ਹੋ ਗਈ ਹੈ। ਇਸ ਤੋਂ ਪਹਿਲਾਂ ਟੀਮ 1992, 1999, 2007 ਅਤੇ 2015 ਵਿਸ਼ਵ ਕੱਪ ਦੇ ਸੈਮੀਫਾਈਨਲ ਤੋਂ ਹਾਰ ਕੇ ਬਾਹਰ ਹੋ ਗਈ ਸੀ। ਅਫਰੀਕੀ ਟੀਮ ਹੁਣ ਤੱਕ 5 ਵਾਰ ਵਿਸ਼ਵ ਕੱਪ ਦੇ ਟਾਪ-4 ਵਿੱਚ ਪਹੁੰਚ ਚੁੱਕੀ ਹੈ।
ਆਸਟ੍ਰੇਲੀਆਈ ਟੀਮ 8ਵੀਂ ਵਾਰ ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚੀ ਹੈ। ਟੀਮ ਨੇ 7 ਵਿੱਚੋਂ 5 ਫਾਈਨਲ ਜਿੱਤੇ ਹਨ। ਆਸਟਰੇਲੀਆਈ ਟੀਮ ਪਿਛਲੇ 27 ਸਾਲਾਂ ਤੋਂ ਵਿਸ਼ਵ ਕੱਪ ਫਾਈਨਲ ਵਿੱਚ ਨਹੀਂ ਹਾਰੀ ਹੈ। ਟੀਮ ਨੇ ਪਿਛਲੇ 24 ਸਾਲਾਂ ਵਿੱਚ ਆਪਣੇ ਸਾਰੇ 4 ਫਾਈਨਲ ਜਿੱਤੇ ਹਨ। ਟੀਮ ਆਖਰੀ ਵਾਰ 1996 ਵਿੱਚ ਲਾਹੌਰ ਵਿੱਚ ਸ਼੍ਰੀਲੰਕਾ ਤੋਂ ਫਾਈਨਲ ਵਿੱਚ 7 ਵਿਕਟਾਂ ਨਾਲ ਹਾਰ ਗਈ ਸੀ।