ਲੰਗਾਹ ਦੀ ਕਾਰਵਾਈ ‘ਤੇ ਭੜਕੇ ਜਥੇਦਾਰ, ਕਰੀਬੀਆਂ ਨੂੰ ਦਿੱਤਾ ਤਨਖਾਹੀਏ ਕਰਾਰ, ਜਿਨਾਂ ਅਮ੍ਰਿਤ ਛਕਾਇਆ ਉਨਾਂ ‘ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੰਭੀਰ ਚੁੱਪੀ
-ਲੋਕਾਂ ਦੇ ਜਥੇਦਾਰ ਨੂੰ ਸਵਾਲ, ਮੁਆਫੀ ਮੰਗਣ ‘ਤੇ ਵੀ ਕਿਉ ਨਹੀਂ ਦਿੱਤੀ
-ਸੁਖਜਿੰਦਰ ਦੇ ਖਿਲਾਫ ਦੋ ਸ਼ਿਕਾਇਤਾਂ, ਰੰਧਾਵਾ ਨੂੰ ਅੱਜ ਤੱਕ ਨਹੀਂ ਕੀਤਾ ਗਿਆ ਤਲਬ
-ਪੰਥਕ ਹਲਕਿਆਂ ‘ਚ ਚਰਚਾ ਗਿਆਨੀ ਹਰਪ੍ਰੀਤ ਸਿੰਘ ਤੇ ਰੰਧਾਵਾ ਦੀ ਹੋ ਚੁੱਕੀ ਹੈ ਗੁਪਤ ਮੀਟਿੰਗ
-ਪਾਰਟੀ ਅੰਦਰੋ ਹੀ ਰਚੀ ਜਾ ਰਹੀ ਲੰਗਾਹ ਖਿਲਾਫ ਸਾਜਿਸ਼, ਵੱਡੇ ਅਕਾਲੀ ਆਗੂ ਨੇ ਮੁਲਾਜਿਮ ਕਰਵਾਏ ਸਸਪੈਂਡ, ਤਨਖਾਹੀਏ ਕਰਾਰ ਦਿਵਾਉਣ ਪਿੱਛੇ ਰੰਧਾਵਾ ਤੇ ਅਕਾਲੀ ਵਿਧਾਇਕ ਹੋਏ ਇਕੱਠੇ
ਦਾ ਐਡੀਟਰ ਬਿਊਰੋ, ਅੰਮ੍ਰਿਤਸਰ-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁੱਚਾ ਸਿੰਘ ਲੰਗਾਹ ਬੀਤੇ ਕੱਲ ਸਿੱਖ ਪੰਥ ਵਿਚ ਸ਼ਾਮਿਲ ਹੋ ਗਏ ਹਨ ਤੇ ਉਨਾਂ ਨੇ ਬਕਾਇਦਾ ਤੌਰ ‘ਤੇ ਬਾਬਾ ਤਰਸੇਮ ਸਿੰਘ ਤਰਨਾ ਦਲ ਦੇ ਪੰਜ ਪਿਆਰਿਆਂ ਤੋਂ ਅਮ੍ਰਿਤ ਛਕਿਆ ਤੇ ਸੇਵਾ ਲਵਾਈ ਤੇ ਹੁਣ ਲੰਗਾਹ 21 ਦਿਨ ਇਤਹਾਸਿਕ ਗੁਰਦੁਆਰਾ ਗੜੀ ਗੁਰਦਾਸ ਨੰਗਲ (ਗੁਰਦਾਸਪੁਰ) ਵਿਖੇ ਸੇਵਾ ਕਰਨਗੇ, ਜਦੋਂ ਹੀ ਇਹ ਮਾਮਲਾ ਸਭ ਦੇ ਸਾਹਮਣੇ ਆਇਆ ਤਾਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਲੰਗਾਹ ਦੇ ਬੇਹੱਦ ਕਰੀਬੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਤੇ ਇਕ ਵਿਅਕਤੀ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਦੀ ਇਸ ਜਲਦਬਾਜੀ ਵਿਚ ਕੀਤੀ ਗਈ ਕਾਰਵਾਈ ‘ਤੇ ਸਵਾਲ ਖੜੇ ਹੋ ਗਏ ਹਨ ਕਿ ਇਨਾਂ ਤਿੰਨਾਂ ਵਿਅਕਤੀਆਂ ਦਾ ਕਸੂਰ ਸਿਰਫ ਇੰਨਾਂ ਹੀ ਸੀ ਕਿ ਉਹ ਉਸ ਸਮਾਗਮ ਦੇ ਵਿਚ ਸ਼ਾਮਿਲ ਸਨ ਜਿੱਥੇ ਪੰਥਕ ਰਿਵਾਇਤਾਂ ਮੁਤਾਬਿਕ ਲੰਗਾਹ ਨੇ ਪੰਜ ਪਿਆਰਿਆਂ ਤੋਂ ਆਪਣੀ ਭੁੱਲ ਬਖਸ਼ਾਈ ਸੀ, ਜਥੇਦਾਰ ਦੀ ਇਸ ਕਾਰਵਾਈ ਨੂੰ ਇਕ ਰਾਜਨੀਤਿਕ ਸਾਜਿਸ਼ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ ਤੇ ਜਥੇਦਾਰ ਦੀ ਇਸ ਕਾਰਵਾਈ ਨੇ ਕਈ ਤਰਾਂ ਦੇ ਰਾਜਨੀਤਿਕ ਸ਼ੰਕੇ ਖੜੇ ਕਰ ਦਿੱਤੇ ਹਨ ਤੇ ਲੋਕ ਜਥੇਦਾਰ ਨੂੰ ਇਹ ਸਵਾਲ ਕਰਨ ਲੱਗ ਪਏ ਹਨ ਕਿ ਉਨਾਂ ਨੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਆਈਆਂ ਦੋ ਸ਼ਿਕਾਇਤਾਂ ‘ਤੇ ਹੁਣ ਤੱਕ ਕੋਈ ਕਾਰਵਾਈ ਕਿਉ ਨਹੀਂ ਕੀਤੀ, ਜਿਸ ਵਿਚ ਸੁਖਜਿੰਦਰ ਰੰਧਾਵਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤੁਲਨਾ ਪਹਿਲੇ ਪਾਤਿਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਕਰ ਦਿੱਤੀ ਸੀ ਤੇ ਦੂਸਰੀ ਵਿਚ ਉਨਾਂ ਗੁਰਬਾਣੀ ਦੀ ਤੁਕ ਇਕ ਮਜਾਕ ਦੇ ਲਹਿਜੇ ਵਿਚ ਉਚਾਰ ਦਿੱਤੀ ਸੀ ਤੇ ਇਹ ਸ਼ਿਕਾਇਤਾਂ ਰਜਿੰਦਰ ਸਿੰਘ ਮਹਿਤਾ ਤੇ ਅਜੈਬ ਸਿੰਘ ਅਭਿਆਸੀ ਵੱਲੋਂ ਕੀਤੀਆਂ ਗਈਆਂ ਸਨ। ਜਥੇਦਾਰ ਦੀ ਇਸ ਕਾਰਵਾਈ ‘ਤੇ ਕਿੰਤੂ-ਪ੍ਰੰਤੂ ਕਰਦਿਆ ਪੰਥਕ ਲੀਡਰ ਮਝੈਲ ਜੁਗਰਾਜ ਸਿੰਘ ਨੇ ਸਵਾਲ ਖੜਾਂ ਕੀਤਾ ਹੈ ਕਿ ਰਣਜੀਤ ਸਿੰਘ ਢੱਡਰੀਆ ਵਾਲੇ ਨੇ ਸਿੱਖ ਸਿਧਾਂਤਾਂ ਦੇ ਖਿਲਾਫ ਕਈ ਵਾਰ ਬੋਲਿਆ ਹੈ ਤੇ ਜਥੇਦਾਰ ਨੇ ਉਨਾਂ ਖਿਲਾਫ ਅੱਜ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਨਾਂ ਤਿੰਨਾਂ ਵਿਅਕਤੀਆਂ ਨੂੰ ਤਨਖਾਹੀਆਂ ਕਰਾਰ ਦੇ ਕੇ ਬੁਰੀ ਤਰਾਂ ਨਾਲ ਘਿਰ ਗਏ ਹਨ ਤੇ ਆਉਣ ਵਾਲੇ ਦਿਨਾਂ ਵਿਚ ਇਹ ਮਾਮਲਾ ਵੱਡਾ ਤੂਲ ਫੜ ਸਕਦਾ ਹੈ।
ਕੀ ਇਸ ਕਾਰਵਾਈ ਦੇ ਪਿੱਛੇ ਸੁਖਜਿੰਦਰ ਰੰਧਾਵਾ ਤੇ ਇਕ ਅਕਾਲੀ ਵਿਧਾਇਕ ?
‘ਦਾ ਐਡੀਟਰ’ ਨੂੰ ਮਿਲੀ ਜਾਣਕਾਰੀ ਅਨੁਸਾਰ ਕੁਝ ਮਹੀਨੇ ਪਹਿਲਾ ਜਥੇਦਾਰ ਹਰਪ੍ਰੀਤ ਸਿੰਘ ਦੀ ਇਕ ਗੁਪਤ ਮੀਟਿੰਗ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨਾਲ ਹੋਈ ਦੱਸੀ ਜਾ ਰਹੀ ਹੈ ਤੇ ਇਸ ਮੀਟਿੰਗ ਦੀ ਪੰਥਕ ਹਲਕਿਆਂ ਵਿਚ ਬੜੇ ਵੱਡੇ ਪੱਧਰ ‘ਤੇ ਚਰਚਾ ਵੀ ਛਿੜੀ ਹੋਈ ਹੈ। ਲੰਗਾਹ ਦੇ ਇਸ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਜਿਹੜੇ 3 ਮੁਲਾਜਿਮ 3 ਅਗਸਤ ਨੂੰ ਸਸਪੈਂਡ ਕੀਤੇ ਸਨ, ਉਸ ਸਬੰਧੀ ਵੀ ਇਕ ਵੱਡੇ ਅਕਾਲੀ ਆਗੂ ਨੇ ਅਹਿਮ ਭੂਮਿਕਾ ਨਿਭਾਈ ਹੈ ਤੇ ਉਸ ਨੇ ਹੀ ਐਸ.ਜੀ.ਪੀ.ਸੀ.ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਫੋਨ ਕਰਕੇ ਸਸਪੈਂਡ ਕਰਨ ਲਈ ਕਿਹਾ ਸੀ ਤੇ ਅੱਜ ਜਿਹੜੇ ਦੋ ਵਿਅਕਤੀ ਤਨਖਾਹੀਆ ਕਰਾਰ ਦਿੱਤੇ ਗਏ ਹਨ, ਉਸ ਪਿੱਛੇ ਵੀ ਮੰਤਰੀ ਸੁਖਜਿੰਦਰ ਰੰਧਾਵਾ ਤੇ ਗੁਰਦਾਸਪੁਰ ਨਾਲ ਸਬੰਧਿਤ ਇਕ ਅਕਾਲੀ ਵਿਧਾਇਕ ਦੀ ਅਹਿਮ ਭੂਮਿਕਾ ਦੱਸੀ ਜਾ ਰਹੀ ਹੈ ਕਿਉਂਕਿ ਤਨਖਾਹੀਆ ਕਰਾਰ ਦਿੱਤੇ ਗਏ ਐਸ.ਜੀ.ਪੀ.ਸੀ.ਮੈਂਬਰ ਗੁਰਵਿੰਦਰ ਸਿੰਘ ਗੋਰਾ ਤੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੈਂਬਰ ਰਤਨ ਸਿੰਘ ਜੱਫਰਵਾਲ ਲੰਗਾਹ ਦੇ ਵੱਡੇ ਕਰੀਬੀ ਦੱਸੇ ਜਾਂਦੇ ਹਨ।
ਪੰਜ ਪਿਆਰਿਆਂ ਤੇ ਬਾਬਾ ਤਰਸੇਮ ਸਿੰਘ ਮਾਮਲੇ ‘ਤੇ ਜਥੇਦਾਰ ਦੀ ਚੁੱਪੀ ਕਿਉ
ਸੁੱਚਾ ਸਿੰਘ ਲੰਗਾਹ ਨੇ ਕੱਲ ਨਿਹੰਗ ਸਿੰਘਾਂ ਦੇ ਤਰਨਾ ਦਲ ਦੇ ਮੁੱਖੀ ਬਾਬਾ ਤਰਸੇਮ ਸਿੰਘ ਦੀ ਸੰਪ੍ਰਦਾਏ ਵੱਲੋਂ ਕਰਵਾਏ ਗਏ ਅਮ੍ਰਿਤ ਸੰਚਾਰ ਵਿਚ ਅਮ੍ਰਿਤ ਛਕਿਆ ਸੀ ਤੇ ਪੰਜ ਪਿਆਰੇ ਵੀ ਤਰਨਾ ਦਲ ਨਾਲ ਹੀ ਸਬੰਧਿਤ ਸਨ, ਅੱਜ ਜੋ ਤਨਖਾਹੀਆ ਕਰਾਰ ਦੇਣ ਵਾਲਾ ਪੱਤਰ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਾਰੀ ਕੀਤਾ ਉਸ ਵਿਚ ਬਾਬਾ ਤਰਸੇਮ ਸਿੰਘ ਤੇ ਪੰਜ ਪਿਆਰਿਆਂ ਬਾਰੇ ਕੋਈ ਜਿਕਰ ਨਹੀਂ ਕੀਤਾ ਗਿਆ।ਜਥੇਦਾਰ ਦੀ ਕਾਰਵਾਈ ‘ਤੇ ਇਹ ਵੀ ਸਵਾਲ ਖੜਾਂ ਹੋ ਰਿਹਾ ਹੈ ਕਿ ਜੇਕਰ ਉੱਥੇ ਮੌਜੂਦ ਦੋ ਅਕਾਲੀ ਆਗੂਆਂ ਨੂੰ ਤਾਂ ਤਨਖਾਹੀਆ ਕਰਾਰ ਦੇ ਦਿੱਤਾ ਹੈ ਲੇਕਿਨ ਜਿਨਾਂ ਨੇ ਲੰਗਾਹ ਨੂੰ ਦੁਬਾਰਾ ਅਮ੍ਰਿਤ ਛਕਾਇਆ ਹੈ, ਉਨਾਂ ਖਿਲਾਫ ਇਹ ਕਾਰਵਾਈ ਕਿਉ ਨਹੀਂ ਕੀਤੀ ਗਈ।
ਆਖਿਰ ਦੋ ਵਾਰ ਮੁਆਫੀ ਮੰਗਣ ‘ਤੇ ਵੀ ਕਿਉ ਨਹੀਂ ਦਿੱਤੀ ਮੁਆਫੀ
ਪੰਥ ਵਿਚੋ ਛੇਕੇ ਜਾਣ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਨੇ ਦੋ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੁਆਫੀ ਦੀਆਂ ਚਿੱਠੀਆਂ ਲਿਖੀਆਂ, ਇੱਥੋ ਤੱਕ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਅਗਰ ਕੋਈ ਵੀ ਤਨਖਾਹੀਆਂ ਜਾ ਫਿਰ ਪੰਥ ਵਿਚੋ ਛੇਕਿਆ ਹੋਇਆ ਵਿਅਕਤੀ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਨਤਮਸਤਕ ਹੋ ਕੇ ਪੇਸ਼ ਹੁੰਦਾ ਹੈ ਤਾਂ ਉਨਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰ ਕੇ ਉਨਾਂ ਨੂੰ ਪੰਥ ਵਿਚ ਸ਼ਾਮਿਲ ਹੋਣ ਦਾ ਮੌਕਾ ਦਿੱਤਾ ਜਾਵੇਗਾ, ਜਥੇਦਾਰ ਦੇ ਇਸ ਐਲਾਨ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਖੁਦ ਆਪ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਮੁਆਫੀ ਲਈ ਅਰਜੀ ਦੇਣ ਗਏ ਲੇਕਿਨ ਲੰਗਾਹ ਦੀਆਂ ਇਨਾਂ ਚਿੱਠੀਆਂ ‘ਤੇ ਅਕਾਲ ਤਖਤ ਦੇ ਜਥੇਦਾਰ ਨੇ ਬਿਲਕੁਲ ਗੌਰ ਨਹੀਂ ਕੀਤਾ ਤੇ ਪੰਥਕ ਹਲਕਿਆਂ ਵਿਚ ਇਹ ਗੱਲ ਕਹੀ ਜਾ ਰਹੀ ਹੈ ਕਿ ਰਹਿਤ-ਮਰਿਆਦਾ ਵਿਚ ਇਸ ਗੱਲ ਦਾ ਕਿਤੇ ਜਿਕਰ ਨਹੀਂ ਹੈ ਕਿ ਅਗਰ ਕੋਈ ਚੱਲ ਕੇ ਮੁਆਫੀ ਮੰਗਣ ਆਉਦਾ ਹੈ ਤਾਂ ਉਸ ਨੂੰ ਮੁਆਫ ਨਹੀਂ ਕੀਤਾ ਜਾਵੇ, ਜਥੇਦਾਰ ਦੀ ਇਹ ਕਾਰਵਾਈ ਵੀ ਕਈ ਤਰਾਂ ਦੇ ਸ਼ੰਕੇ ਖੜੇ ਕਰ ਰਹੀ ਹੈ ਕਿ ਮੁਆਫੀ ਮੰਗਣ ‘ਤੇ ਵੀ ਲੰਗਾਹ ਨੂੰ ਮੁਆਫ ਕਿਉਂ ਨਹੀਂ ਕੀਤਾ ਜਾ ਰਿਹਾ।
ਕੀ ਲੰਗਾਹ ਦੀ ਇਹ ਕਾਰਵਾਈ ਅਕਾਲ ਤਖਤ ਨੂੰ ਚੁਣੌਤੀ ਹੈ ?
ਲੰਗਾਹ ਦੇ ਰਾਜਨੀਤਿਕ ਵਿਰੋਧੀਆਂ ਨੇ ਇਹ ਹੰਗਾਮਾ ਖੜਾ ਕਰ ਦਿੱਤਾ ਕਿ ਲੰਗਾਹ ਦੀ ਇਹ ਕਾਰਵਾਈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿੱਧੀ ਚੁਣੌਤੀ ਹੈ ਤੇ ਤੱਤੇ-ਤੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਇਹ ਕਹਿ ਦਿੱਤਾ ਕਿ ਉਨਾਂ ਵੱਲੋਂ ਜਾਰੀ ਕੀਤਾ ਗਿਆ ਹੁਕਮਨਾਮਾ ਉਸੇ ਤਰਾਂ ਹੀ ਕਾਇਮ ਹੈ ਤੇ ਹੁਣ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਇਹ ਮਾਮਲਾ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ ਲੇਕਿਨ ਸਵਾਲ ਇਸ ਗੱਲ ਦਾ ਖੜਾਂ ਹੋ ਜਾਂਦਾ ਹੈ ਕਿ ਇਹ ਬੱਜਰ ਕੁਰਹਿਤ ਦਾ ਮਾਮਲਾ ਕੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਜਥੇਦਾਰਾਂ ਵੱਲੋਂ ਵਿਚਾਰਿਆ ਜਾ ਸਕਦਾ ਹੈ? ਜਿਸ ਦਿਨ ਲੰਗਾਹ ਨੂੰ ਪੰਥ ਵਿਚੋ ਛੇਕਿਆ ਗਿਆ ਸੀ ਉਸ ਚਿੱਠੀ ਵਿਚ ਇਸ ਗੱਲ ਦਾ ਕਿਤੇ ਜਿਕਰ ਨਹੀਂ ਕੀਤਾ ਗਿਆ ਕਿ ਲੰਗਾਹ ਦੁਬਾਰਾ ਅਮ੍ਰਿਤ ਨਹੀਂ ਛਕ ਸਕਦਾ, ਇੱਥੇ ਇਹ ਗੱਲ ਵਰਨਣਯੋਗ ਹੈ ਕਿ ਜਿਸ ਦਿਨ ਸੁੱਚਾ ਸਿੰਘ ਲੰਗਾਹ ਦੀ ਵੀਡੀਓ ਸਾਹਮਣੇ ਆਉਦੀ ਹੈ ਤੇ ਉਸ ਉਪਰੰਤ ਦੋ ਦਿਨਾਂ ਵਿਚ ਹੀ ਲੰਗਾਹ ਨੂੰ ਪੰਥ ਵਿਚੋ ਛੇਕ ਦਿੱਤਾ ਜਾਂਦਾ ਹੈ ਤੇ ਇਸ ਤੇਜ ਕਾਰਵਾਈ ‘ਤੇ ਇਹ ਵੀ ਸਵਾਲ ਖੜਾਂ ਹੋਇਆ ਸੀ ਕਿ ਆਖਿਰਕਾਰ ਇੰਨੀ ਛੇਤੀ ਇਹ ਫੈਸਲਾ ਕਿਉਂ ਲਿਆ ਗਿਆ ਤੇ ਹੁਣ ਜਦੋ ਲੰਗਾਹ ਨੇ ਪੰਜ ਪਿਆਰਿਆਂ ਤੋਂ ਆਪਣੀ ਭੁੱਲ ਬਖਸ਼ਾ ਲਈ ਤੇ ਪੰਥ ਵਿਚ ਵਾਪਸੀ ਕਰ ਲਈ ਤਾਂ ਇਹ ਆਉਣ ਵਾਲੇ ਦਿਨਾਂ ਵਿਚ ਵੱਡਾ ਪੰਥਕ ਮੁੱਦਾ ਬਣਨੇ ਵਾਲਾ ਹੈ ਕਿ ਬੱਜਰ ਕੁਰਹਿਤ ਦੀ ਮੁਆਫੀ ਪੰਜ ਪਿਆਰਿਆਂ ਤੋਂ ਹੈ ਜਾਂ ਫਿਰ ਅਕਾਲ ਤਖਤ ਸਾਹਿਬ ਤੋਂ ਹੀ ਹੈ, ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੀ ਵੈਬਸਾਈਟ ‘ਤੇ ਪਏ ਰਹਿਤ ਮਰਿਆਦਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਇਹ ਗੱਲ ਸਪੱਸ਼ਟ ਹੈ ਕਿ ਬੱਜਰ ਕੁਰਹਿਤਾਂ ਦੀ ਮੁਆਫੀ ਸੰਗਤ ਵੱਲੋਂ ਤੈਅ ਕੀਤੇ ਪੰਜ ਪਿਆਰੇ ਮੁਆਫ ਕਰ ਸਕਦੇ ਹਨ ਤੇ ਸੋਧ ਦੀ ਅਰਦਾਸ ਵੀ ਤੇ ਮੁਆਫੀ ਵੇਲੇ ਪੰਜ ਪਿਆਰੇ ਜਾਂ ਫਿਰ ਸੰਗਤ ਹੱਠ ਨਹੀਂ ਕਰਨਗੇ ਤੇ ਨਾ ਹੀ ਇਸ ਗੱਲ ਦਾ ਜਿਕਰ ਹੈ ਕਿ ਬੱਜਰ ਕੁਰਹਿਤ ਵਾਲੇ ਨੂੰ ਪੰਥ ਵਿਚੋ ਛੇਕਿਆ ਜਾਵੇ, ਪੰਥਕ ਹਲਕਿਆਂ ਵਿਚ ਇਸ ਗੱਲ ਦੀ ਵੀ ਚਰਚਾ ਹੈ ਕਿ ਲੰਗਾਹ ਨੇ ਬੱਜਰ ਕੁਰਹਿਤ ਕੀਤੀ ਸੀ ਤੇ ਅਕਾਲ ਤਖਤ ਸਾਹਿਬ ਵੱਲੋਂ ਸੁਣਾਇਆ ਗਿਆ ਫੈਸਲਾ ਹੀ ਗਲਤ ਸੀ, ਉਹ ਸਿਰਫ ਪੰਜ ਪਿਆਰਿਆਂ ਦੇ ਹੀ ਅਧੀਨ ਆਉਦਾ ਹੈ।
ਲੰਗਾਹ ਨੂੰ ਪੰਥ ‘ਚੋ ਛੇਕਣ ਵਾਲਿਆਂ ‘ਚ ਇਕ ‘ਤੇ ਲੱਗਾ ਸੀ ਖੁਦ ਬਲਾਤਕਾਰੀ ਦਾ ਆਰੋਪ
ਪੰਥ ਦੀ ਤ੍ਰਾਸਦੀ ਇਸ ਗੱਲ ‘ਤੇ ਵੀ ਹੈ ਕਿ ਜਿਨਾਂ ਪੰਜ ਜਥੇਦਾਰਾਂ ਨੇ ਲੰਗਾਹ ਨੂੰ ਪੰਥ ‘ਚੋ ਛੇਕਿਆ ਸੀ ਉਨਾਂ ਵਿਚ ਇਕ ਜਥੇਦਾਰ ‘ਤੇ ਬਾਹਰਲੇ ਮੁਲਕ ਵਿਚ ਕਿਸੇ ਗ੍ਰੰਥੀ ਦੀ ਧਰਮ ਪਤਨੀ ਨਾਲ ਬਲਾਤਕਾਰ ਕਰਨ ਦਾ ਆਰੋਪ ਲੱਗਾ ਸੀ ਤੇ ਇਹ ਗੱਲ ਉਸ ਜਥੇਦਾਰ ਨੇ ਪੰਜ ਪਿਆਰਿਆਂ ਕੋਲ ਮੰਨੀ ਸੀ ਤੇ ਦੁਬਾਰਾ ਅਮ੍ਰਿਤ ਛਕਿਆ ਸੀ ਤੇ ਪੰਜ ਪਿਆਰਿਆਂ ਨੇ ਇਹ ਆਦੇਸ਼ ਦਿੱਤਾ ਸੀ ਕਿ ਉਹ ਕਿਸੇ ਵੀ ਪੰਥਕ ਅਹੁੱਦੇ ‘ਤੇ ਕੰਮ ਨਹੀਂ ਕਰੇਗਾ ਲੇਕਿਨ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਸ ਜਥੇਦਾਰ ਨੂੰ ਸ਼੍ਰੋਮਣੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੈਡ ਗ੍ਰੰਥੀ ਲਗਾਉਣ ਲਈ ਪੂਰੀ ਤਰਾਂ ਤਤਪਰ ਸੀ।
ਕਿਸ ਤਰਾਂ ਦੇ ਫੈਸਲੇ ਕਰ ਰਹੇ ਨੇ ਜਥੇਦਾਰ-ਮੇਜਰ ਸਿੰਘ (ਪਿਆਰਾ)
ਕਿਸੇ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਵਿਚ ਸ਼ਾਮਿਲ ਰਹੇ ਪਿਆਰੇ ਮੇਜਰ ਸਿੰਘ ਨੇ ਇਸ ਮੁੱਦੇ ‘ਤੇ ਜਥੇਦਾਰ ਹਰਪ੍ਰੀਤ ਸਿੰਘ ‘ਤੇ ਟਿੱਪਣੀ ਕਰਦਿਆ ਕਿਹਾ ਕਿ ਜਥੇਦਾਰ ਕਿਸ ਤਰਾਂ ਦੇ ਫੈਸਲੇ ਲੈ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਲੰਗਾਹ ਨੂੰ ਪੰਥ ਵਿਚੋ ਛੇਕਣ ਵਾਲੀ ਚਿੱਠੀ ਵਿਚ ਹੀ ਇਸ ਗੱਲ ਦੀ ਰੋਕ ਨਹੀਂ ਲਗਾਈ ਕਿ ਉਹ ਦੁਬਾਰਾ ਅਮ੍ਰਿਤ ਨਹੀਂ ਛਕ ਸਕਦੇ ਤਾਂ ਹੁਣ ਜੇਕਰ ਲੰਗਾਹ ਨੇ ਦੁਬਾਰਾ ਅਮ੍ਰਿਤ ਛੱਕ ਲਿਆ ਤਾਂ ਉਸ ਨੂੰ ਵੱਡਾ ਮੁੱਦਾ ਕਿਉ ਬਣਾਇਆ ਜਾ ਰਿਹਾ ਹੈ, ਉਨਾਂ ਕਿਹਾ ਕਿ ਜਥੇਦਾਰ ਕਦੇ ਕਮੇਟੀਆਂ ਨਹੀਂ ਬਣਾਇਆ ਕਰਦੇ ਤੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਕੋਈ ਕਮੇਟੀ ਨਹੀਂ ਬਣਾਈ ਸੀ ਤਾਂ ਇਹ ਜਥੇਦਾਰ ਤਾਂ ਕਮੇਟੀਆਂ ਹੀ ਬਣਾਈ ਜਾ ਰਿਹਾ ਹੈ।
ਸ਼੍ਰੀ ਅਕਾਲ ਤਖਤ ਸਾਹਿਬ ਸੁਪਰੀਮ ਹੈ-ਗੁਰਦਰਸ਼ਨ ਸਿੰਘ ਢਿੱਲੋ
ਉੱਘੇ ਸਿੱਖ ਵਿਦਵਾਨ ਗੁਰਦਰਸ਼ਨ ਸਿੰਘ ਢਿੱਲੋ ਨੇ ਇਸ ਮਾਮਲੇ ਵਿਚ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਸੁਪਰੀਮ ਹੈ ਤੇ ਕੋਈ ਵੀ ਉਸ ਨੂੰ ਚੁਣੌਤੀ ਨਹੀਂ ਦੇ ਸਕਦਾ। ਉਨਾਂ ਕਿਹਾ ਕਿ ਰਹਿਤ ਮਰਿਆਦਾ ਆਪਣੀ ਜਗਾਂ ਹੈ ਜੋ ਕਿ ਸਿੱਖਾਂ ਦੀ ਇਕ ਜੀਵਨ ਜਾਚ ਹੈ ਤੇ ਰਹਿਤ ਮਰਿਆਦਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ।
ਆਪਣਾ ਪੱਖ ਰੱਖਾਂਗੇ-ਗੁਰਿੰਦਰਪਾਲ ਸਿੰਘ ਗੋਰਾ
ਤਨਖਾਹੀਆ ਕਰਾਰ ਦਿੱਤੇ ਗਏ ਐਸਜੀਪੀਸੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਨੇ ਇਸ ਮੁੱਦੇ ‘ਤੇ ਆਪਣਾ ਪਹਿਲਾ ਪ੍ਰਤੀਰਕਮ ਦਿੰਦਿਆ ਕਿਹਾ ਕਿ ਉਨਾਂ ਲਈ ਸ਼੍ਰੀ ਅਕਾਲ ਤਖਤ ਸਾਹਿਬ ਸਰਵਉੱਚ ਹੈ ਤੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਆਪਣਾ ਪੱਖ ਰੱਖਣਗੇ।