ਦਾ ਐਡੀਟਰ ਨਿਊਜ. ਹੁਸ਼ਿਆਰਪੁਰ —— ਪੁਰਾਣੀਆਂ ਕਚਿਹਰੀਆਂ ਦੀ ਖਾਲ੍ਹੀ ਹੋਈ ਜਗ੍ਹਾਂ ਉੱਪਰ ਪਾਰਕ ਬਣਾਉਣ ਦੀ ਮੰਗ ਕਰ ਰਹੇ ਫਿੱਟ ਬਾਈਕਰ ਕਲੱਬ ਵੱਲੋਂ ਇਸ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਹੁਸ਼ਿਆਰਪੁਰ ਦੇ ਲੋਕਾਂ ਦਾ ਤਾਂ ਭਰਪੂਰ ਸਮਰਥਨ ਮਿਲ ਰਿਹਾ ਹੈ ਲੇਕਿਨ ਪੰਜਾਬ ਸਰਕਾਰ ਹੱਥ ਫੜਾਉਦੀ ਦਿਖਾਈ ਨਹੀਂ ਦੇ ਰਹੀ ਕਿਉਂਕਿ ਪਿਛਲੇ ਦਿਨਾਂ ਦੌਰਾਨ ਕਲੱਬ ਮੈਂਬਰਾਂ ਵੱਲੋਂ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਦੀ ਅਗਵਾਈ ਹੇਠ ਜਿੱਥੇ ਪਾਰਕ ਦੀ ਮੰਗ ਨੂੰ ਲੈ ਕੇ ਸਥਾਨਕ ਸੈਸ਼ਨ ਚੌਂਕ ਤੋਂ ਲੈ ਕੇ ਘੰਟਾਘਰ ਚੌਂਕ ਤੱਕ ਕੈਂਡਲ ਮਾਰਚ ਕੱਢਿਆ ਗਿਆ ਸੀ, ਉੱਥੇ ਹੀ 23 ਅਕਤੂਬਰ ਦੀ ਸ਼ਾਮ ਨੂੰ ਸਥਾਨਕ ਸ਼ਿਮਲਾ ਪਹਾੜੀ ਚੌਂਕ ਨਜ਼ਦੀਕ ਦਸਤਖਤ ਮੁਹਿੰਮ ਚਲਾਈ ਗਈ ਜਿਸ ਦੌਰਾਨ ਇੱਕ ਮੰਗ ਪੱਤਰ ਉੱਪਰ ਸ਼ਹਿਰ ਦੇ 4 ਹਜਾਰ ਦੇ ਕਰੀਬ ਲੋਕਾਂ ਵੱਲੋਂ ਦਸਤਖਤ ਕੀਤੇ ਗਏ ਤੇ ਅਗਲੇ ਦਿਨ 24 ਅਕਤੂਬਰ ਨੂੰ ਇਹ ਮੰਗ ਪੱਤਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੌਂਪਿਆ ਜਾਣਾ ਸੀ ਜੋ ਕਿ ਦੁਸਹਿਰੇ ਦੇ ਤਿਉਹਾਰ ਵਿੱਚ ਸ਼ਾਮਿਲ ਹੋਣ ਲਈ 24 ਅਕਤੂਬਰ ਨੂੰ ਹੁਸ਼ਿਆਰਪੁਰ ਪੁੱਜੇ ਸਨ ਲੇਕਿਲ ਕਲੱਬ ਮੈਂਬਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਮੁੱਖ ਮੰਤਰੀ ਨਾਲ ਮੁਲਾਕਾਤ ਦਾ ਸਮਾਂ ਨਹੀਂ ਮਿਲਿਆ ਜਦੋਂ ਕਿ ਮੁਲਾਕਾਤ ਦੀ ਮੰਗ ਨੂੰ ਲੈ ਕੇ ਕਲੱਬ ਮੈਂਬਰ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਵੀ ਮਿਲੇ ਸਨ। ਜਿਕਰਯੋਗ ਹੈ ਕਿ 24 ਅਕਤੂਬਰ ਤੋਂ ਪਹਿਲਾ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਇਸ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਤੇ ਹੁਸ਼ਿਆਰਪੁਰ ਤੋਂ ਆਪ ਦੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਜੋ ਕਿ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ ਨੂੰ ਵੀ ਮਿਲੇ ਸਨ ਲੇਕਿਨ ਸਰਕਾਰ ਵੱਲੋਂ ਹਾ ਪੱਖੀ ਹੁੰਗਾਰਾ ਨਹੀਂ ਮਿਲਿਆ।
ਸਰਕਾਰ ਮਾਲ ਬਣਾਉਣ ਦੇ ਹੱਕ ਵਿੱਚ, ਸ਼ਹਿਰ ਵਾਸੀ ਪਾਰਕ ਮੰਗ ਰਹੇ
ਇਸ ਮਾਮਲੇ ਵਿੱਚ ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਖਾਲ੍ਹੀ ਹੋਈ ਕਈ ਏਕੜ ਜਗ੍ਹਾਂ ਵਿੱਚ ਕੋਈ ਮਾਲ ਵਗੈਰਾ ਦੀ ਉਸਾਰੀ ਕਰਕੇ ਸਰਕਾਰੀ ਖਜਾਨੇ ਨੂੰ ਭਰਨਾ ਚਾਹੁੰਦੀ ਹੈ ਲੇਕਿਨ ਸ਼ਹਿਰ ਵਾਸੀ ਇਸ ਜਗ੍ਹਾਂ ਪਾਰਕ ਬਣਾਉਣ ਦੀ ਮੰਗ ਕਰ ਰਹੇ ਹਨ ਤੇ ਫਿੱਟ ਬਾਈਕਰ ਕਲੱਬ ਦਾ ਤਰਕ ਹੈ ਕਿ ਸ਼ਹਿਰ ਵਿੱਚ ਲੋਕਾਂ ਦੇ ਸੈਰ ਕਰਨ ਲਈ ਕੋਈ ਪਾਰਕ ਮੌਜੂਦ ਨਹੀਂ ਹੈ ਜਿਸ ਕਾਰਨ ਲੋਕ ਸਵੇਰੇ-ਸ਼ਾਮ ਸੜਕਾਂ ਕਿਨਾਰੇ ਸੈਰ ਕਰਦੇ ਹਨ ਤੇ ਨਿੱਤ ਦਿਨ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਸਥਾਨਕ ਪੁਲਿਸ ਲਾਈਨ ਦੀ ਗਰਾਂਊਡ ਜੋ ਕਿ ਸ਼ਹਿਰ ਦੇ ਵਿੱਚ ਹੈ ਵਿਖੇ ਲੋਕ ਸੈਰ ਕਰਨ ਜਾਂਦੇ ਹਨ ਲੇਕਿਨ ਵਾਰ-ਵਾਰ ਸੁਰੱਖਿਆ ਕਾਰਨਾਂ ਕਰਕੇ ਲੋਕਾਂ ਨੂੰ ਇੱਥੇ ਸੈਰ ਕਰਨ ਤੋਂ ਰੋਕ ਦਿੱਤਾ ਜਾਂਦਾ ਹੈ।
ਆਉਂਦੇ ਸਮੇਂ ਵਿੱਚ ਸਰਕਾਰ ਤੇ ਲੋਕ ਆਹਮੋ-ਸਾਹਮਣੇ ਹੋਣਗੇ
ਫਿੱਟ ਬਾਈਕਰ ਕਲੱਬ ਜਿਸਦੇ ਪ੍ਰਧਾਨ ਕਾਰੋਬਾਰੀ ਤੇ ਸਮਾਜਸੇਵੀ ਪਰਮਜੀਤ ਸਿੰਘ ਸੱਚਦੇਵਾ ਹਨ ਨੂੰ ਇਸ ਮਾਮਲੇ ਵਿੱਚ ਸ਼ਹਿਰ ਵਾਸੀਆਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ, ਵੱਖ-ਵੱਖ ਸਮਾਜਿਕ ਜਥੇਬੰਦੀਆਂ ਤੇ ਆਮ ਲੋਕ ਪਾਰਕ ਬਣਾਉਣ ਦੀ ਮੰਗ ਨੂੰ ਲੈ ਕੇ ਜਥੇਬੰਦ ਹੋ ਰਹੇ ਹਨ ਤੇ ਇਸ ਗੱਲ ਦੀ ਵੱਡੀ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਪਾਰਕ ਦੇ ਮਾਮਲੇ ਵਿੱਚ ਆਪ ਦੀ ਸਥਾਨਕ ਲੀਡਰਸ਼ਿਪ ਤੇ ਸ਼ਹਿਰ ਵਾਸੀ ਵੱਖ-ਵੱਖ ਮੋਰਚਿਆਂ ਉੱਪਰ ਇੱਕ-ਦੂਜੇ ਦੇ ਖਿਲਾਫ ਲੜਾਈ ਲੜਦੇ ਦਿਖਾਈ ਦੇਣਗੇ।
ਸਰਕਾਰ ਪੈਸਾ ਨਾ ਦੇਵੇ, ਸਿਰਫ ਸਹਿਮਤੀ ਦੇ ਦੇਵੇ-ਕਲੱਬ
ਫਿੱਟ ਬਾਈਕਰ ਕਲੱਬ ਵੱਲੋਂ ਇਸ ਮਾਮਲੇ ਵਿੱਚ ਪਿਛਲੇ ਦਿਨੀਂ ਇਹ ਵੀ ਐਲਾਨ ਕਰ ਦਿੱਤਾ ਗਿਆ ਸੀ ਕਿ ਜੇਕਰ ਪੰਜਾਬ ਸਰਕਾਰ ਕੋਲ ਪਾਰਕ ਦੇ ਨਿਰਮਾਣ ਉੱਪਰ ਆਉਣ ਵਾਲੇ ਖਰਚ ਲਈ ਪੈਸੇ ਦੀ ਘਾਟ ਹੈ ਤਾਂ ਇਸ ਹਾਲਤ ਵਿੱਚ ਫਿੱਟ ਬਾਈਕਰ ਕਲੱਬ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਨਿਰਮਾਣ ਉੱਪਰ ਆਉਣ ਵਾਲੇ ਖਰਚ ਨੂੰ ਮੋਢਿਆਂ ’ਤੇ ਚੁੱਕਣ ਲਈ ਤਿਆਰ ਹੈ। ਕਲੱਬ ਦਾ ਕਹਿਣਾ ਹੈ ਕਿ ਸਰਕਾਰ ਇਸ ਕੰਮ ਲਈ ਸਹਿਮਤੀ ਦੇਵੇ ਤੇ ਫਿਰ ਜੋ ਵੀ ਖਰਚ ਆਵੇਗਾ ਉਹ ਕਲੱਬ ਵੱਲੋਂ ਸ਼ਹਿਰ ਵਾਸੀਆਂ ਦੀ ਮਦਦ ਨਾਲ ਕੀਤਾ ਜਾਵੇਗਾ।