– ਮੁੱਖ ਮੰਤਰੀ ਨੂੰ ਪਿੰਡ ਮੋਰਾਂਵਾਲੀ ਆਉਣ ਦਾ ਸੱਦਾ
ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ———– ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਨਾਨਕਾ ਪਿੰਡ ਮੋਰਾਂਵਾਲੀ, ਜ਼ਿਲ੍ਹਾ ਹੁਸ਼ਿਆਰਪੁਰ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਹਰ ਸਾਲ 28 ਸਤੰਬਰ ਨੂੰ ਸ਼ਹੀਦ ਦਾ ਜਨਮ ਦਿਨ ਸਰਕਾਰੀ ਪੱਧਰ ’ਤੇ ਮਨਾਉਣ ਲਈ ਪਿੰਡ ਮੋਰਾਂਵਾਲੀ ਵਿਖੇ ਸਮਾਗਮ ਕੀਤਾ ਜਾਵੇ।
ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਰਾਹੀਂ ਭੇਜੇ ਮੰਗ ਪੱਤਰ ਵਿੱਚ ਬੀਬੀ ਮਨਜੀਤ ਕੌਰ ਮੋਰਾਂਵਾਲੀ, ਸਰਪੰਚ ਮਨਜੀਤ ਰਾਮ ਤੇ ਪੰਚਾਇਤ ਮੈਂਬਰਾਂ ਸੁਖਵਿੰਦਰ ਸਿੰਘ, ਨੀਲਮ ਦੇਵੀ, ਰਣਜੀਤ ਕੌਰ, ਦਰਸ਼ਨ ਰਾਮ, ਪ੍ਰਿਤਪਾਲ ਸਿੰਘ ਅਤੇ ਜੁਝਾਰ ਸਿੰਘ ਨੇ ਦੱਸਿਆ ਹੈ ਕਿ ਉਹ ਬੜੇ ਮਾਣ ਨਾਲ ਦੱਸਦੇ ਹਨ ਕਿ ਸ਼ਹੀਦ ਭਗਤ ਸਿੰਘ ਦੇ ਮਾਤਾ ਵਿੱਦਿਆਵਤੀ ਜੀ ਉਹਨਾਂ ਦੇ ਪਿੰਡ ਦੇ ਧੀ ਸਨ। ਜਦੋਂ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਹ ਪਿੰਡ ਮੋਰਾਂਵਾਲੀ ਆਏ ਸਨ ਤੇ ਸ਼ਹੀਦ ਦੇ ਮਾਤਾ ਨੂੰ ‘ਪੰਜਾਬ ਮਾਤਾ ਵਿੱਦਿਆਵਤੀ ਜੀ’ ਦਾ ਖਿਤਾਬ ਵੀ ਉਹਨਾਂ ਵੇਲੇ ਹੀ ਦਿੱਤਾ ਗਿਆ ਸੀ।
ਉਦੋਂ ਤੋਂ ਬਾਅਦ ਜੇਕਰ ਕਿਸੇ ਮੁੱਖ ਮੰਤਰੀ ਨੇ ਸ਼ਹੀਦ ਦੇ ਨਾਨਕਾ ਪਿੰਡ ਦੀ ਗੱਲ ਕੀਤੀ ਹੈ ਤਾਂ ਉਹ ਸ਼੍ਰੀ ਭਗਵੰਤ ਮਾਨ ਹੀ ਹਨ ਜਿਹਨਾਂ ਨੇ 28 ਸਤੰਬਰ 2023 ਨੂੰ ਖਟਕੜ ਕਲ੍ਹਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਐਲਾਨ ਕੀਤਾ ਸੀ ਕਿ ਮੋਰਾਂਵਾਲੀ ਨੂੰ ਅਜਿਹਾ ਪਿੰਡ ਬਣਾਇਆ ਜਾਵੇਗਾ ਕਿ ਲੋਕ ਦੇਖਣ ਆਇਆ ਕਰਨਗੇ।ਇਸ ਐਲਾਨ ਨਾਲ ਪਿੰਡ ਵਾਸੀਆਂ ਦੇ ਨਾਲ-ਨਾਲ ਇਲਾਕਾ ਨਿਵਾਸੀਆਂ ਅਤੇ ਐਨ.ਆਰ.ਆਈ. ਭਾਈਚਾਰੇ ਵਿੱਚ ਵੀ ਖੁਸ਼ੀ ਪਾਈ ਜਾ ਰਹੀ ਹੈ।ਉਹਨਾਂ ਸ਼੍ਰੀ ਭਗਵੰਤ ਮਾਨ ਨੂੰ ਸੱਦਾ ਦਿੱਤਾ ਕਿ ਉਹ ‘ਮਾਤਾ ਵਿੱਦਿਆਵਤੀ ਸਮਾਰਕ’ ਨੂੰ ਹਰ ਪੱਖੋਂ ਮੁਕੰਮਲ ਕਰਕੇ ਉਸਦਾ ਰਸਮੀ ਉਦਘਾਟਨ ਕਰਨ ਲਈ ਪਿੰਡ ਆਉਣ।ਉਹਨਾਂ ਮੰਗ ਕੀਤੀ ਕਿ ਸ਼ਹੀਦ ਦਾ ਜਨਮ ਦਿਨ ਹਰੇਕ ਸਾਲ ਸਰਕਾਰੀ ਪੱਧਰ ’ਤੇ ਪਿੰਡ ਮੋਰਾਂਵਾਲੀ ਵਿਖੇ ਮਨਾਇਆ ਜਾਵੇ, ਪਿੰਡ ਵਾਸੀਆਂ ਅਤੇ ਸਮੂਹ ਐਨ.ਆਰ.ਆਈਜ਼ ਵਲੋਂ ਇਸ ਵਾਸਤੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।
ਬੀਬੀ ਮਨਜੀਤ ਕੌਰ ਮੋਰਾਂਵਾਲੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਨੇ ਉਹਨਾਂ ਨੂੰ ਹਰ ਸੰਭਵ ਸਹਿਯੋਗ ਦੇਣ ਅਤੇ ਉਹਨਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਹੈ।ਇਥੇ ਦੱਸਣਯੋਗ ਹੈ ਕਿ ਮੋਰਾਂਵਾਲੀ ਵਿੱਚ ਸ਼ਹੀਦ ਦੇ ਮਾਤਾ ਜੀ ਦੀ ਯਾਦ ਵਿੱਚ ‘ਮਾਤਾ ਵਿੱਦਿਆਵਤੀ ਸਮਾਰਕ’ ਬਣਿਆ ਹੋਇਆ ਹੈ ਜਿਸ ਵਿੱਚ ਬਹੁ-ਮੰਤਵੀ ਹਾਲ, ਪਾਰਕ, ਆਡੀਟੋਰੀਅਮ ਅਤੇ ਲਾਇਬ੍ਰੇਰੀ ਬਣੇ ਹੋਏ ਹਨ ਪਰ ਕੋਈ ਸਰਕਾਰੀ ਕਰਮਚਾਰੀ ਅਤੇ ਲੋੜੀਂਦਾ ਸਮਾਨ ਨਾ ਹੋਣ ਕਾਰਨ ਇਹ ਸਾਰੇ ਬੰਦ ਹੀ ਰਹਿੰਦੇ ਹਨ।ਪਿੰਡ ਵਾਸੀਆਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਅਧਿਕਾਰਤ ਤੌਰ ’ਤੇ ਉਹਨਾਂ ਨੂੰ ਜ਼ਿੰਮੇਵਾਰੀ ਦੇਵੇ ਤਾਂ ਉਹ ਵਧੀਆ ਤਰੀਕੇ ਨਾਲ ਇਸ ਸਮਾਰਕ ਦੀ ਦੇਖ-ਭਾਲ ਕਰ ਸਕਦੇ ਹਨ।