ਦਾ ਐਡੀਟਰ ਨਿਊਜ.ਚੰਡੀਗੜ੍ਹ —– ਹੁਸ਼ਿਆਰਪੁਰ ਜਿਲ੍ਹੇ ਵਿੱਚ ਹਿਮਾਚਲ ਦੇ ਨਾਲ ਲੱਗਦੇ ਦੋ ਪ੍ਰਮੁੱਖ ਬਾਰਡਰਾਂ ਉੱਪਰ ਖੋਲ੍ਹੇ ਗਏ ਸ਼ਰਾਬ ਦੇ ਠੇਕਿਆਂ ਦੇ ਮਾਮਲੇ ’ਤੇ ਦਾ ਐਡੀਟਰ ਨਿਊਜ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਪੰਜਾਬ ਦਾ ਸ਼ਰਾਬ ਕਿੰਗ ਦੀਪ ਮਲਹੋਤਰਾ ਅਤੇ ਹੁਸ਼ਿਆਰਪੁਰ ਦਾ ਸ਼ਰਾਬ ਕਾਰੋਬਾਰੀ ਨਰੇਸ਼ ਅਗਰਵਾਲ ਕਿਵੇਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਖਿੱਲੀ ਉਡਾ ਰਹੇ ਹਨ, ਇਸ ਖਬਰ ਵਿੱਚ ਲਗਾਤਾਰ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੱਤਾ ਗਿਆ ਸੀ ਲੇਕਿਨ ਇਨ੍ਹਾਂ ਹੁਕਮਾਂ ਨੂੰ ਅਮਲ ਵਿੱਚ ਲਿਆਉਣ ਲਈ ਇੱਕ ਅਜਿਹੀ ਸਖਸ਼ੀਅਤ ਹੈ ਜਿਸ ਨੇ ਇੱਕ ਸੜਕ ਦੁਰਘਟਨਾ ਦੇ ਵਿੱਚ ਆਪਣਾ ਸਾਰਾ ਸਰੀਰ ਗੁਆ ਲਿਆ ਸੀ ਤੇ ਅੱਜ ਉਹ ਹਰ ਰੋਜ ਸੜਕ ਹਾਦਸਿਆਂ ਵਿੱਚ ਮਰ ਰਹੇ ਲੋਕਾਂ ਨੂੰ ਬਚਾਉਣ ਲਈ ਆਪਣੀ ਪੂਰੀ ਵਾਹ ਲਾ ਰਿਹਾ ਹੈ, ਉਸ ਸਖਸ਼ੀਅਤ ਦਾ ਨਾਮ ਹੈ ਹਰਮਨ ਸਿੰਘ ਸਿੱਧੂ ਜਿਹੜੇ ਕਿਸੇ ਵਖਤ ਬਾਲੀਵੁੱਡ ਦੇ ਸੁਪਰ ਸਟਾਰ ਅਮੀਰ ਖਾਨ ਦੇ ਇੱਕ ਟੀ.ਵੀ. ਸ਼ੋਅ ਦੌਰਾਨ ਦੁਨੀਆ ਦੇ ਰੂਬਰੂ ਹੋਏ ਸਨ। ਦਾ ਐਡੀਟਰ ਨਿਊਜ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆ ਹਰਮਨ ਸਿੰਘ ਸਿੱਧੂ ਨਾਲ ਹੁਸ਼ਿਆਰਪੁਰ ਹੀ ਨਹੀਂ ਬਲਕਿ ਪੰਜਾਬ ਦੇ ਤਮਾਮ ਜਿਲਿ੍ਹਆਂ ਵਿੱਚ ਨੈਸ਼ਨਲ ਅਤੇ ਸਟੇਟ ਹਾਈਵੇ ਉੱਪਰ ਲਗਾਤਾਰ ਖੋਲ੍ਹੇ ਜਾ ਰਹੇ ਸ਼ਰਾਬ ਦੇ ਠੇਕਿਆਂ ਬਾਰੇ ਇੱਕ ਲੰਬੀ-ਚੌੜੀ ਗੱਲਬਾਤ ਕੀਤੀ ਗਈ।
500 ਮੀਟਰ ਤੱਕ ਨਹੀਂ ਖੁੱਲ੍ਹ ਸਕਦਾ ਨੈਸ਼ਨਲ ਹਾਈਵੇ ’ਤੇ ਸ਼ਰਾਬ ਦਾ ਠੇਕਾ
ਸਾਲ 2016 ਵਿੱਚ ਸੁਪਰੀਮ ਕੋਰਟ ਦਾ ਇੱਕ ਆਦੇਸ਼ ਆਉਦਾ ਹੈ, ਇਹ ਆਦੇਸ਼ ਹਰਮਨ ਸਿੰਘ ਸਿੱਧੂ ਦੀ ਰਿਟ ਪਟੀਸ਼ਨ ਉੱਪਰ ਆਉਦਾ ਹੈ, ਉਨ੍ਹਾਂ ਇਸ ਬਾਰੇ ਦੱਸਿਆ ਕਿ ਹਾਦਸਿਆਂ ਦੀ ਸਭ ਤੋਂ ਵੱਡੀ ਵਜ੍ਹਾਂ ਸ਼ਰਾਬ ਦੀ ਅਸਾਨ ਉਪਲਬਧਤਾ ਹੈ, ਇੱਕ ਉਦਾਹਰਣ ਦਿੰਦਿਆ ਉਨ੍ਹਾਂ ਦੱਸਿਆ ਕਿ ਪਾਣੀਪਤ ਤੋਂ ਜਲੰਧਰ ਦੀ ਦੂਰੀ 291 ਕਿਲੋਮੀਟਰ ਹੈ ਤੇ 185 ਠੇਕੇ ਇਸ ਰੋਡ ’ਤੇ ਮੌਜੂਦ ਸਨ, ਰੇਸ਼ੋ ਦੇ ਮੁਤਾਬਿਕ ਹਰ ਡੇਢ ਕਿਲੋਮੀਟਰ ’ਤੇ ਇੱਕ ਠੇਕਾ ਬਣਦਾ ਸੀ ਜੇਕਰ ਸਪੀਡ ਦੀ ਗੱਲ ਕੀਤੀ ਜਾਵੇ ਤਾਂ 90 ਦੀ ਸਪੀਡ ਦੇ ਹਿਸਾਬ ਨਾਲ ਹਰ ਇੱਕ ਮਿੰਟ ਬਾਅਦ ਸ਼ਰਾਬ ਦਾ ਠੇਕਾ ਆ ਜਾਂਦਾ ਸੀ, ਉਨ੍ਹਾਂ ਦੱਸਿਆ ਕਿ ਮਾਰਚ 2012 ਵਿੱਚ ਉਨ੍ਹਾਂ ਹਾਈਕੋਰਟ ਦੇ ਵਿੱਚ ਰਿੱਟ ਕੀਤੀ ਸੀ ਜਿਸ ਉੱਪਰ 2014 ਵਿੱਚ ਹਾਈਕੋਰਟ ਨੇ ਸ਼ਰਾਬ ਦੇ ਠੇਕਿਆਂ ਉੱਪਰ ਬੈਨ ਲਗਾ ਦਿੱਤਾ ਸੀ ਜਿਸ ਨੂੰ ਪੰਜਾਬ ਤੇ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਚੈਲੰਜ ਕੀਤਾ ਸੀ, ਜਿਸ ’ਤੇ ਸਾਲ 2016 ਵਿੱਚ ਸੁਪਰੀਮ ਕੋਰਟ ਨੇ ਇਹ ਤੈਅ ਕਰ ਦਿੱਤਾ ਸੀ ਕਿ ਨੈਸ਼ਨਲ ਹਾਈਵੇ ਦੀ ਹੱਦ ਤੋਂ 500 ਮੀਟਰ ਅੰਦਰ ਤੱਕ ਸ਼ਰਾਬ ਦਾ ਠੇਕਾ ਨਹੀਂ ਖੋਲਿ੍ਹਆ ਜਾ ਸਕਦਾ ਤੇ ਨਾ ਹੀ ਨੈਸ਼ਨਲ ਹਾਈਵੇ ਤੋਂ ਕੋਈ ਰਸਤਾ ਦਿੱਤਾ ਜਾ ਸਕਦਾ ਸੀ ਲੇਕਿਨ ਸੁਪਰੀਮ ਕੋਰਟ ਨੇ ਮਿਊਸੀਪਲ ਕਾਰਪੋਰੇਸ਼ਨ ਦੀ ਹੱਦ ਅੰਦਰ ਇਹ ਸ਼ਰਤ ਖਤਮ ਕਰ ਦਿੱਤੀ ਸੀ ਜਿਸ ਨੂੰ ਹੁਣ ਸੁਪਰੀਮ ਕੋਰਟ ਵਿੱਚ ਚੈਲੰਜ ਕੀਤਾ ਹੋਇਆ ਹੈ, ਜਿਸਦੀ ਸੁਣਵਾਈ ਇਸੇ ਮਹੀਨੇ ਹੋ ਸਕਦੀ ਹੈ। ਇਸ ਦੇ ਪਿੱਛੇ ਤਰਕ ਇਹ ਦਿੱਤਾ ਗਿਆ ਹੈ ਕਿ ਦਿੱਲੀ ਤੱਕ ਕਈ ਸ਼ਹਿਰਾਂ ਦੀਆਂ ਕਈ ਕਿਲੋਮੀਟਰ ਤੱਕ ਸੜਕਾਂ ਮਿਊਸੀਪਲ ਹੱਦ ਵਿੱਚ ਮੌਜੂਦ ਹਨ ਤੇ ਸ਼ਰਾਬ ਦੇ ਠੇਕੇ ਨੈਸ਼ਨਲ ਹਾਈਵੇ ਉੱਪਰ ਖੋਲ੍ਹੇ ਗਏ ਹਨ।


ਸਰੀਰ ਗੁਆ ਕੇ ਜ਼ਿੰਦਗੀਆਂ ਬਚਾਉਣ ਦੀ ਗਾਥਾ ਹੈ ਹਰਮਨ ਸਿੱਧੂ
ਹਰਮਨ ਸਿੰਘ ਸਿੱਧੂ ਦਾ ਜਨਮ 1971 ਵਿੱਚ ਚੰਡੀਗੜ੍ਹ ਵਿਖੇ ਹੋਇਆ, ਹਾਲਾਂਕਿ ਉਨ੍ਹਾਂ ਦੇ ਪਰਿਵਾਰ ਦਾ ਪਿਛੋਕੜ ਮੁਹਾਲੀ ਜਿਲ੍ਹੇ ਦੇ ਲਾਂਡਰਾ-ਸਰਹੰਦ ਰੋਡ ’ਤੇ ਪੈਂਦੇ ਕਿਸੇ ਪਿੰਡ ਨਾਲ ਸਬੰਧਿਤ ਹੈ, ਹਰਮਨ ਸਿੰਘ ਸਿੱਧੂ ਜੋ ਕਿ ਪੂਰੀ ਦੁਨੀਆ ਘੁੰਮ ਕੇ ਦੇਖਣ ਦੀ ਤਵੱਕੋ ਰੱਖਦਾ ਸੀ ਨੇ ਮਕੈਨੀਕਲ ਇੰਜਨੀਅਰਿੰਗ ਦੀ ਡਿਗਰੀ ਕਰਕੇ ਆਪਣੇ 4 ਦੋਸਤਾਂ ਨਾਲ 24 ਅਕਤਬੂਰ 1996 ਨੂੰ ਹਿਮਾਚਲ ਦੇ ਨਾਹਨ ਜਿਲ੍ਹੇ ਵਿੱਚ ਪੈਂਦੀ ਰੇਨੂਕਾ ਲੇਕ ਨੂੰ ਦੇਖਣ ਗਏ ਸੀ ਤੇ ਸ਼ਾਮ ਦੇ ਵਖਤ ਖਰਾਬ ਸੜਕ ਦੀ ਵਜ੍ਹਾਂ ਨਾਲ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਦੀ ਵਜ੍ਹਾਂ ਨਾਲ ਹਰਮਨ ਸਿੱਧੂ ਦੀ ਰੀੜ੍ਹ ਦੀ ਹੱਡੀ ਨੂੰ ਹੋਏ ਨੁਕਸਾਨ ਦੀ ਵਜ੍ਹਾਂ ਨਾਲ ਧੌਣ ਤੋਂ ਲੈ ਕੇ ਪੈਰਾਂ ਤੱਕ ਸਾਰਾ ਸਰੀਰ ਹੀ ਅਪਾਹਿਜ ਹੋ ਗਿਆ, ਇਹ ਉਦੋ ਹੋਇਆ ਜਦੋਂ ਇਹ ਭੈਣ-ਭਰਾ ਕੈਨੇਡਾ ਦੀ ਪੀ.ਆਰ.ਲੈ ਕੇ ਕੈਨੇਡਾ ਜਾਣ ਦੀ ਤਿਆਰੀ ਵਿੱਚ ਸਨ, ਇਸ ਹਾਦਸੇ ਨੇ ਸਿੱਧੂ ਦੇ ਸਾਰੇ ਸੁਪਨਿਆਂ ਦਾ ਅੰਤ ਕਰ ਦਿੱਤਾ ਤੇ ਉਹ ਜ਼ਿੰਦਗੀ ਜਿਊਣ ਲਈ ਸੰਘਰਸ਼ ਕਰਨ ਲੱਗ ਪਿਆ ਜੋ ਅੱਜ ਵੀ ਫੋਰ ਵਾਈ ਫੋਰ ਵ੍ਹੀਲ ਚੇਅਰ ਉੱਪਰ ਨਿਰੰਤਰ ਜਾਰੀ ਹੈ, ਇਸ ਦੌਰਾਨ ਸਿੱਧੂ ਅਕਸਰ ਪੀ.ਜੀ.ਆਈ.ਤੇ 32 ਦੇ ਹਸਪਤਾਲ ਜਾ ਰਹੇ ਸਨ ਤਦ ਉਨ੍ਹਾਂ ਦੀ ਨਿਗ੍ਹਾ ਹਸਪਤਾਲ ਅੱਗੇ ਲਿਖੇ ਆਰ.ਟੀ.ਆਈ. (ਰੋਡ ਟ੍ਰੈਫਿਕ ਇੰਜਰੀ) ’ਤੇ ਪਈ ਜਿਸ ਪਿੱਛੋ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਰੋਡ ਸੈਫਟੀ ’ਤੇ ਕੰਮ ਕੀਤਾ ਜਾਵੇ।

ਇਸ ਦੌਰਾਨ ਸਿੱਧੂ ਦਾ ਮੁਲਾਕਾਤ ਸਾਲ 2005 ਵਿੱਚ ਚੰਡੀਗੜ੍ਹ ਦੇ ਐਸ.ਐਸ.ਪੀ.ਟ੍ਰੈਫਿਕ ਆਈਪੀਐਸ ਅਮਿਤਾਬ ਸਿੰਘ ਢਿੱਲੋ ਨਾਲ ਹੋਈ, ਇਨ੍ਹਾਂ ਰਲ ਕੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੀ ਇੱਕ ਵੈਬਸਾਈਟ ਖੋਲ੍ਹੀ, 2007 ਵਿੱਚ ਅਰਾਈਵ ਸੇਫ ਨਾਮ ਦੀ ਐਨ.ਜੀ.ਓ. ਬਣਾਈ ਉਸ ਸਮੇਂ ਭਾਰਤ ਵਿੱਚ ਹਰ ਸਾਲ 1.50 ਲੱਖ ਦੇ ਕਰੀਬ ਹਾਦਸਿਆਂ ਨਾਲ ਮੌਤਾਂ ਤੇ 4-5 ਲੱਖ ਲੋਕ ਜਖਮੀ ਹੋ ਰਹੇ ਸਨ। ਹਰਮਨ ਸਿੰਘ ਸਿੱਧੂ ਨੇ ਰੋਡ ਸੇਫਟੀ ’ਤੇ ਯੂ.ਐਨ.ਓ., ਡਬਲਿਊ.ਐਚ.ਓ., ਬੀਬੀਸੀ ਨਾਲ ਮਿਲ ਕੇ ਬ੍ਰਾਜੀਲ ਵੀ ਗਏ ਤੇ ਇਨ੍ਹਾਂ ਦੀ ਐੱਨ.ਜੀ.ਓ. ਅੱਜ ਵੀ ਰੋਡ ਸੇਫਟੀ ’ਤੇ ਕੰਮ ਕਰ ਰਹੀ ਹੈ।

ਅਦਾਲਤੀ ਮਾਣਹਾਨੀ ਦੇ ਹਨ ਸਭ ਭਾਗੀਦਾਰ
ਦਾ ਐਡੀਟਰ ਨਿਊਜ ਦੀ ਖਬਰ ’ਤੇ ਗੰਭੀਰ ਨੋਟਿਸ ਲੈਦਿਆ ਹਰਮਨ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਕੋਈ ਅਜਿਹਾ ਠੇਕਾ ਖੋਲਿ੍ਹਆ ਗਿਆ ਹੈ ਤਾਂ ਐਕਸਾਈਜ ਵਿਭਾਗ, ਸਬੰਧਿਤ ਠੇਕੇਦਾਰ ਤੇ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਅਦਾਲਤੀ ਮਾਣਹਾਨੀ ਦੇ ਭਾਗੀਦਾਰ ਬਣ ਗਏ ਹਨ, ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਨੇ ਉਨ੍ਹਾਂ ਪਾਸ ਆਰਟੀਆਈ ਰਾਹੀਂ ਇਹ ਮੰਨਿਆ ਹੈ ਕਿ ਕਿਤੇ ਵੀ ਅਜਿਹਾ ਠੇਕਾ ਨਹੀਂ ਖੋਲ੍ਹਿਆ ਗਿਆ, ਹੁਸ਼ਿਆਰਪੁਰ ਦੇ ਠੇਕਿਆਂ ਦਾ ਜਿਕਰ ਕਰਦਿਆ ਉਨ੍ਹਾਂ ਕਿਹਾ ਕਿ ਇਸ ਨਾਲ ਤਾਂ ਨੈਸ਼ਨਲ ਹਾਈਵੇ ਦਾ ਝੂਠ ਸਾਹਮਣੇ ਆ ਗਿਆ ਹੈ।


