ਚੰਡੀਗੜ੍ਹ – ਦਾ ਐਡੀਟਰ ———– ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫਿਰ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਿਆ ਜਾ ਰਿਹਾ ਹੈ। ਇਸ ਵਾਰ 60 ਪ੍ਰਿੰਸੀਪਲਾਂ ਦਾ ਬੈਚ ਸਿੰਗਾਪੁਰ ਨੂੰ ਟ੍ਰੇਨਿੰਗ ਲਈ ਭੇਜਿਆ ਜਾਵੇਗਾ, ਜਿਨ੍ਹਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। 60 ਪ੍ਰਿੰਸੀਪਲ 25 ਤੋਂ 29 ਸਤੰਬਰ ਤੱਕ 5 ਦਿਨਾਂ ਲਈ ਸਿੰਗਾਪੁਰ ਵਿੱਚ ਸਿਖਲਾਈ ਲੈਣਗੇ।
ਇਸ ਤੋਂ ਬਾਅਦ ਜੋ ਲੋਕ ਉਥੋਂ ਸਿੱਖ ਕੇ ਆਉਂਦੇ ਹਨ, ਉਹ ਆਪਣੇ ਸਕੂਲਾਂ ਵਿਚ ਇਸ ਨੂੰ ਲਾਗੂ ਕਰਨਗੇ। ਪ੍ਰਿੰਸੀਪਲਾਂ ਨੂੰ ਚੰਡੀਗੜ੍ਹ ਤੋਂ ਟ੍ਰੇਨਿੰਗ ਲਈ ਰਵਾਨਾ ਕੀਤਾ ਜਾਵੇਗਾ। ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਪ੍ਰਿੰਸੀਪਲਾਂ ਦੇ ਕਈ ਬੈਚ ਸਿੰਗਾਪੁਰ ਟ੍ਰੇਨਿੰਗ ਲਈ ਭੇਜ ਚੁੱਕੀ ਹੈ।