ਹਰਿਆਣਾ / ਭੂੰਗਾ, 13 ਸਤੰਬਰ 2023 – ਮਨਰੇਗਾ ਵਰਕਰਜ਼ ਯੂਨੀਅਨ ਬਲਾਕ ਭੂੰਗਾ ਦੀ ਮੀਟਿੰਗ ਬਲਾਕ ਪ੍ਰਧਾਨ ਪਰਮਜੀਤ ਕੌਰ ਦੀ ਪ੍ਰਧਾਨਗੀ ਹੇਠ ਮੁਲਾਜ਼ਮ ਬੀ.ਡੀ.ਪੀ.ਓ. ਦਫ਼ਤਰ ਭੂੰਗਾ ਵਿੱਖੇ ਹੋਈ । ਮੀਟਿੰਗ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਉਚੇਚੇ ਤੌਰ ਤੇ ਸ਼ਾਮਲ ਹੋਏ ।ਮੀਟਿੰਗ ਵਿੱਚ ਵੱਖ – ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਵਰਕਰ ਤੇ ਬਲਾਕ ਆਗੂ ਹਾਜ਼ਰ ਹੋਏ । ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰ ਆਗੂ ਵਲੋਂ ਮੰਗ ਕੀਤੀ ਗਈ ਕਿ ਵਰਕਰਾਂ ਨੂੰ ਪੂਰਾ ਸਾਲ ਕੰਮ ਅਤੇ ਘੱਟੋ – ਘੱਟ 600/- ਰੁਪਏ ਦਿਹਾੜੀ ਦਿੱਤੀ ਜਾਵੇ । ਇਹ ਵੀ ਗੱਲ ਸਾਹਮਣੇ ਆਈ ਕਿ ਅਜੇ ਵੀ ਕਈ ਕੰਮ ਦੀਆਂ ਥਾਵਾਂ ਤੇ ਮੁਢਲੀ ਸਹਾਇਤਾ , ਪੀਣ ਦੇ ਪਾਣੀ ਆਦਿ ਦੇ ਪ੍ਰਬੰਧਾਂ ਵਿੱਚ ਕਮੀ ਹੈ ।
ਜੱਥੇਬੰਦੀ ਦੀ ਬਲਾਕ ਪ੍ਰਧਾਨ ਪਰਮਜੀਤ ਕੌਰ ਅਤੇ ਜਿਲ੍ਹਾ ਆਗੂ ਵਰਿੰਦਰ ਕੌਰ ਨੇ ਦਸਿਆ ਕਿ ਪਿਛਲੇ ਮਹੀਨੇ 02 ਅਗਸਤ ਨੂੰ ਯੂਨੀਅਨ ਦਾ ਇੱਕ ਡੈਪੂਟੇਸ਼ਨ ਮੋਹਾਲੀ ਵਿਖੇ ਸਟੇਟ ਪ੍ਰੋਗਰਾਮ ਮੈਨੇਜਰ ( ਮਗਨਰੇਗਾ) ਪੰਜਾਬ ਸ਼੍ਰੀਮਤੀ ਰਜਨੀ ਬਾਲਾ ਨੂੰ ਮਿਲਿਆ ਸੀ , ਜਿਸ ਅਨੁਸਾਰ ਮਨਰੇਗਾ ਦੇ ਮੇਹਟਾਂ ਨੂੰ ਸਕਿੱਲਡ / ਸੈਮੀ ਸਕਿੱਲਡ ਵਰਕਰ ਦੀ ਵੇਜ਼ ਮਿਲੇਗੀ ਅਤੇ ਮੇਹਟ ਤੇ 100 ਦਿਨ ਦੀ ਕੋਈ ਸ਼ਰਤ ਨਹੀਂ ਹੋਵੇਗੀ । ਇਸ ਨੂੰ ਲਾਗੂ ਕਰਨ ਸਬੰਧੀ ਸਟੇਟ ਪ੍ਰੋਗਰਾਮ ਮੈਨੇਜਰ ਵਲੋਂ ਜਿਲਾਂ ਅਧਿਕਾਰੀਆਂ ਨੂੰ ਫੋਨ ਵੀ ਕੀਤਾ ਗਿਆ । ਇਸ ਸੰਬੰਧੀ ਜੱਥੇਬੰਦੀ ਦਾ ਵਫਦ ਮਿਤੀ 14 ਅਗਸਤ ਨੂੰ ਏ.ਡੀ.ਸੀ. ਦੀ ਗੈਰ ਮੋਜੂਦਗੀ ਵਿੱਚ ਜਿਲ੍ਹਾ ਪ੍ਰੋਗਰਾਮ ਅਫਸਰ ਨੂੰ ਮਿਲਿਆ ਅਤੇ ਉਹਨਾਂ ਵਲੋਂ ਉਕਤ ਮੰਗਾਂ ਨੂੰ ਲਾਗੂ ਕਰਨ ਸਬੰਧੀ ਭਰੋਸਾ ਵੀ ਦਿੱਤਾ ਗਿਆ ।
ਜੱਥੇਬੰਦੀ ਵਲੋਂ ਮਨਰੇਗਾ ਵਰਕਰਾਂ ਅਤੇ ਮੇਹਟਾਂ ਦੀਆਂ ਮੰਗਾ ਸਬੰਧੀ ਲਿਖਤੀ ਮੰਗ ਪੱਤਰ ਵੀ ਦਿੱਤਾ ਗਿਆ ਪ੍ਰੰਤੂ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਨਾ ਮੰਗਾਂ ਲਾਗੂ ਕੀਤੀਆਂ ਗਈਆਂ ਅਤੇ ਨਾ ਹੀ ਬੀ.ਡੀ.ਪੀ.ਓ. ਦਫਤਰਾਂ ਨੂੰ ਕੋਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਇੱਥੋਂ ਤੱਕ ਕਿ ਜੱਥੇਬੰਦੀ ਨਾਲ ਕੋਈ ਮੀਟਿੰਗ ਕਰਨੀ ਵੀ ਸਬੰਧਤ ਅਧਿਕਾਰੀਆਂ ਵਲੋਂ ਮੁਨਾਸਵ ਨਹੀਂ ਸਮਝੀ ਗਈ । ਇਸ ਲਈ ਜਿਲ੍ਹਾ ਕਮੇਟੀ ਨੇ ਸਰਵਸੰਮਤੀ ਨਾਲ ਜੋ ਫੈਸਲਾ ਮਿਤੀ 20 ਸਤੰਬਰ ਨੂੰ ਏ.ਡੀ.ਸੀ. (ਪੇਂਡੂ ਵਿਕਾਸ ) ਦੇ ਦਫ਼ਤਰ ਅਗੇ ਰੈਲੀ ਅਤੇ ਧਰਨਾ ਲਗਾਉਣ ਦਾ ਕੀਤਾ ਹੈ , ਉਸ ਸਬੰਧੀ ਬਲਾਕ ਭੂੰਗਾ ਵਲੋਂ ਅੱਜ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਕਿ 20 ਸਤੰਬਰ ਨੂੰ ਬਲਾਕ ਭੂੰਗਾ ਤੋਂ ਵੱਡੀ ਗਿਣਤੀ ਵਿੱਚ ਮਨਰੇਗਾ ਵਰਕਰ ਹੁਸ਼ਿਆਰਪੁਰ ਪਹੁੰਚਣਗੇ। ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਬਲਾਕ ਆਗੂਆਂ ਰੇਨੂ ਬਾਲਾ , ਸੁਰਿੰਦਰ ਕੌਰ, ਕੁਲਵਿੰਦਰ ਕੌਰ, ਸੀਮਾ,ਜਸਵਿੰਦਰ ਕੌਰ,ਰੀਟਾ,ਤਲਵਿੰਦਰ ਕੌਰ, ਦੇਆ ਰਾਣੀ , ਸੰਦੀਪ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ ।