ਹੁਸ਼ਿਆਰਪੁਰ, 31 ਅਗਸਤ 2023 – ਪੰਜਾਬ ਵਿਜ਼ੀਲੈਂਸ ਬਿਊਰੋ ਵੱਲੋਂ ਮਾਈਨਿੰਗ ਵਿਭਾਗ ਦੇ ਇੱਕ ਐਕਸੀਅਨ ਦੀ ਗ੍ਰਿਫਤਾਰੀ ਤੋਂ ਬਾਅਦ ਜ਼ਿਲ੍ਹੇ ਹੁਸ਼ਿਆਰਪੁਰ ਦੀ ਰਾਜਨੀਤੀ ਅਤੇ ਮਾਈਨਿੰਗ ਮਾਫੀਆ ‘ਚ ਭੁਚਾਲ ਆ ਗਿਆ ਹੈ, ਕਿਉਂਕਿ ਇਸ ਸਰਤਾਜ ਸਿੰਘ ਰੰਧਾਵਾ ਦਾ ਤਬਾਦਲਾ ਕੁੱਝ ਸਮਾਂ ਮਾਈਨਿੰਗ ਵਿਭਾਗ ਦੇ ਸੈਕਟਰੀ ਹੁੰਦਿਆਂ ਕ੍ਰਿਸ਼ਨ ਕੁਮਾਰ ਨੇ ਹੁਸ਼ਿਆਰਪੁਰ ਤੋਂ ਬਾਹਰ ਕਰ ਦਿੱਤਾ ਸੀ, ਲੇਕਿਨ ਆਪਣੀ ਸਿਆਸੀ ਪਹੁੰਚ ਦੇ ਚਲਦਿਆਂ ਇਹ ਦੁਬਾਰਾ ਹੁਸ਼ਿਆਰਪੁਰ ‘ਚ ਤਾਇਨਾਤ ਹੋ ਗਿਆ ਸੀ, ਪਰ ਵਿਜੀਲੈਂਸ ਵਿਭਾਗ ਨੂੰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਦੱਸਿਆ ਜਾ ਰਿਹਾ ਸੀ ਕਿ ਇਸ ਅਧਿਕਾਰੀ ‘ਤੇ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਮੌਜੂਦਾ ਇੱਕ-ਦੋ ਵਧਾਇਕਾਂ ਦੀ ਛਤਰ-ਛਾਇਆ ਮੌਜੂਦ ਸੀ। ਸੂਤਰਾਂ ਦੀ ਮੰਨੀਏ ਤਾਂ ਇਹ ਅਧਿਕਾਰੀ ਦਸੂਹਾ ਅਤੇ ਮੁਕੇਰੀਆਂ ਵਿਧਾਨ ਸਭਾ ਹਲਕੇ ‘ਚ ਪੈਂਦੇ ਨਾਜਾਇਜ਼ ਕਰੈਸ਼ਰਾਂ ਤੋਂ 1 ਲੱਖ ਪ੍ਰਤੀ ਕਰੈਸ਼ਰ ਲੈ ਰਿਹਾ ਸੀ। ਜਿਸ ਦਾ ਵੱਡਾ ਹਿੱਸਾ ਆਪਣੇ ਰਾਜਨੀਤਕ ਆਕਾਵਾਂ ਨੂੰ ਆਪਣੀ ਛਤਰ ਛਾਇਆ ਨੂੰ ਬਰਕਰਾਰ ਰੱਖਣ ਲਈ ਦੇ ਰਿਹਾ ਸੀ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼ਾਹੀ ਨਾਮ ਦਾ ਸਖਸ਼ ਸਾਰੇ ਕਰੈਸ਼ਰਾਂ ਤੋਂ ਉਗਰਾਹੀ ਕਰਕੇ ਮਾਈਨਿੰਗ ਵਿਭਾਗ ਦੇ ਇਸ ਅਧਿਕਾਰੀ ਨੂੰ ਦੇ ਰਿਹਾ ਸੀ। ਵਿਜੀਲੈਂਸ ਦੇ ਸੂਤਰਾਂ ਦੇ ਮੁਤਾਬਿਕ ਸਰਤਾਜ ਸਿੰਘ ਰੰਧਾਵਾ ਤੋਂ ਵਿਜੀਲੈਂਸ ਨੇ ਰਾਜਨੀਤਿਕ ਆਕਾਵਾਂ ਅਤੇ ਮਾਈਨਿੰਗ ਮਾਫੀਆ ਨਾਲ ਇਸ ਦੇ ਸੰਬੰਧਾਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਜਿਸ ਨੂੰ ਲੈ ਕੇ ਹੁਸ਼ਿਆਰਪੁਰ ਦੇ ਮਾਈਨਿੰਗ ਮਾਫੀਆ ਅਤੇ ਆਪ ਦੇ ਨੇਤਾਵਾਂ ਅੰਦਰ ਖਲਬਲੀ ਮੱਚੀ ਹੋਈ ਹੈ। ਹਰ ਇੱਕ ਵਿਅਕਤੀ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਐਕਸੀਅਨ ਰੰਧਾਵਾ ਕਿਤੇ ਮੂੰਹ ਨਾ ਖੋਲ੍ਹ ਦੇਵੇ। ਪਿਛਲੇ 4 ਘੰਟਿਆਂ ਤੋਂ ਵਿਜੀਲੈਂਸ ਪੁੱਛਗਿੱਛ ਕਰ ਰਹੀ ਹੈ।
12 ਲੱਖ ਦੀ ਡਿਮਾਂਡ, 8 ਲੱਖ ‘ਚ ਸੌਦਾ ਤੈਅ, 5 ਲੱਖ ‘ਚ ਧਰੇ ਗਏ
ਇਸ ਸੰਬੰਧੀ ਵਿਜੀਲੈਂਸ ਵੱਲੋਂ ਜਾਰੀ ਪ੍ਰੈਸ ਨੋਟ ਅਤੇ DSP ਮਨੀਸ਼ ਕੁਮਾਰ ਸ਼ਰਮਾ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਮਿਤੀ 31.08.2023 ਨੂੰ ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਡੋਲਨ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਉਰੋ, ਯੂਨਿਟ, ਹੁਸ਼ਿਆਰਪੁਰ ਵੱਲੋਂ ਦੋਸ਼ੀਆਨ ਸਰਤਾਜ ਸਿੰਘ ਰੰਧਾਵਾ ਐਕਸੀਅਨ ਮਾਈਨਿੰਗ ਵਿਭਾਗ, ਹੁਸ਼ਿਆਰਪੁਰ ਅਤੇ ਹਰਜਿੰਦਰ ਸਿੰਘ ਐਸ.ਡੀ.ਓ. ਮਾਈਨਿੰਗ ਵਿਭਾਗ, ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਮੁਦੱਈ ਜਸਪ੍ਰੀਤ ਸਿੰਘ ਪੁੱਤਰ ਸ੍ਰੀ ਨਰਿੰਦਰ ਉਕਤ ਪਾਸੋਂ 5,00,000/-ਰੁਪਏ (ਪੰਜ ਲੱਖ ਰੁਪਏ) ਰਿਸ਼ਵਤ ਲੈਂਦਿਆਂ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਸਬੰਧੀ ਵਿਸਤਰਿਤ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਰੀਗਲ ਇੰਟਪ੍ਰਾਇਜਜ਼ ਵਿੱਚ ਬਤੌਰ ਸਾਈਟ ਕੰਟਰੋਲਰ ਨੌਕਰੀ ਕਰਦਾ ਹੈ। ਸ਼ਿਕਾਇਤਕਰਤਾ ਦੀ ਕੰਪਨੀ ਨੇ ਕਲਪਤਰੂ ਕੰਪਨੀ ਪਾਸੋਂ ਮੁਕੇਰੀਆਂ/ਤਲਵਾੜਾ ਰੇਲਵੇ ਲਾਈਨ ਪਰ ਮਿੱਟੀ ਪਾਉਣ ਦਾ ਠੇਕਾ ਲਿਆ ਹੋਇਆ ਹੈ। ਸ਼ਿਕਾਇਤਕਰਤਾ ਦੀ ਕੰਪਨੀ ਵੱਲੋਂ ਕਲਪਤਰੂ ਕੰਪਨੀ ਰਾਂਹੀ ਪਿੰਡ ਘਗਵਾਲ ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਮਿੱਟੀ ਚੁੱਕਣ ਲਈ ਸਰਕਾਰੀ ਫੀਸ 41,10,117/- ਰੁਪੈ ਸਬੰਧਤ ਵਿਭਾਗ ਨੂੰ ਜਮ੍ਹਾਂ ਕਰਵਾ ਦਿੱਤੀ ਸੀ।
ਫੀਸ ਜਮ੍ਹਾਂ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਜਿਸ ਜਗ੍ਹਾ ਤੋਂ ਮਿੱਟੀ ਚੁੱਕਣ ਲਈ ਉਨ੍ਹਾਂ ਨੇ ਫੀਸ ਜਮ੍ਹਾਂ ਕਰਵਾਈ ਹੈ ਉਹ ਜ਼ਮੀਨ ਜੰਗਲਾਤ ਵਿਭਾਗ ਦੀ ਦਫਾ 4 ਅਤੇ 5 ਅਧੀਨ ਆਉਂਦੀ ਹੈ, ਜਿਸ ਕਰਕੇ ਉਹ ਪਿੰਡ ਘਗਵਾਲ ਤੋਂ ਮਿੱਟੀ ਨਹੀੱ ਚੁੱਕ ਸਕੇ ਤਾਂ ਉਨ੍ਹਾਂ ਨੇ ਮਾਈਨਿੰਗ ਵਿਭਾਗ ਨੂੰ ਆਪਣੀ ਰੋਆਇਲਟੀ ਟਰਾਂਸਫਰ ਕਰਨ ਲਈ ਇਕ ਦਰਖਾਸਤ ਮਾਹ ਮਾਰਚ 2023 ਨੂੰ ਦਿੱਤੀ ਸੀ। ਮਿਤੀ 20.07.2023 ਨੂੰ ਸ਼ਿਕਾਇਤਕਰਤਾ ਦਾ ਸੀਨੀਅਰ ਅਧਿਕਾਰੀ ਜਤਿੰਦਰ ਸਿੰਘ ਇਸ ਸਬੰਧ ਵਿੱਚ ਦੋਸ਼ੀ ਸਰਤਾਜ ਸਿੰਘ ਰੰਧਾਵਾ ਐਕਸੀਅਨ ਮਾਈਨਿੰਗ ਵਿਭਾਗ ਹੁਸ਼ਿਆਰਪੁਰ ਅਤੇ ਦੋਸ਼ੀ ਹਰਜਿੰਦਰ ਸਿੰਘ ਐਸ.ਡੀ.ਓ. ਮਾਈਨਿੰਗ ਵਿਭਾਗ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਦੋਸ਼ੀ ਐਕਸੀਅਨ ਸਰਤਾਜ ਸਿੰਘ ਰੰਧਾਵਾ ਦੇ ਦਫਤਰ ਜਾ ਕੇ ਮਿਲੇ ਤਾਂ ਦੋਸ਼ੀ ਐਕਸੀਅਨ ਸਰਤਾਜ ਸਿੰਘ ਰੰਧਾਵਾ ਨੇ ਉਨ੍ਹਾਂ ਨੂੰ ਕਿਹਾ ਕਿ ਰੋਆਇਲਟੀ ਟ੍ਰਾਂਸਫਰ ਨਹੀਂ ਹੋ ਸਕਦੀ, ਜਤਿੰਦਰ ਸਿੰਘ ਵੱਲੋਂ ਮਿੰਨਤ ਤਰਲਾ ਕਰਨ ਤੇ ਦੋਸ਼ੀ ਸਰਤਾਜ ਸਿੰਘ ਰੰਧਾਵਾ ਐਕਸੀਅਨ ਨੇ ਕਿਹਾ ਕਿ ਤੁਹਾਡੇ ਨਾਲ ਹਰਜਿੰਦਰ ਸਿੰਘ ਐਸ.ਡੀ.ਓ. ਗੱਲ ਕਰ ਲਵੇਗਾ। ਕੁੱਝ ਦਿਨਾਂ ਬਾਅਦ ਸ਼ਿਕਾਇਤਕਰਤਾ ਦੇ ਸੀਨੀਅਰ ਅਧਿਕਾਰੀ ਜਤਿੰਦਰ ਸਿੰਘ ਨੂੰ ਦੋਸ਼ੀ ਐਸ.ਡੀ.ਓ. ਹਰਜਿੰਦਰ ਸਿੰਘ ਨੇ ਆਪਣੇ ਦਫਤਰ ਦਸੂਹਾ ਵਿਖੇ ਬੁਲਾਇਆ ਅਤੇ ਕਿਹਾ ਕਿ ਉਨ੍ਹਾਂ ਦੀ ਰੋਆਇਲਟੀ ਟਰਾਂਸਫਰ ਕਰਨ ਲਈ ਦੋਸ਼ੀ ਐਕਸੀਅਨ ਸਰਤਾਜ ਸਿੰਘ ਰੰਧਾਵਾ ਨੇ 12,00,000/- ਰੁਪਏ (ਬਾਰਾਂ ਲੱਖ ਰੁਪਏ) ਮੰਗੇ ਹਨ ਤਾਂ ਜਤਿੰਦਰ ਸਿੰਘ ਵੱਲੋਂ ਦੋਸ਼ੀ ਐਸ.ਡੀ.ਓ. ਹਰਜਿੰਦਰ ਸਿੰਘ ਦਾ ਮਿੰਨਤ ਤਰਲਾ ਕਰਨ ਤੇ 8,00,000/- ਰੁਪਏ (ਅੱਠ ਲੱਖ ਰੁਪਏ) ਲੈ ਕੇ ਉਨ੍ਹਾਂ ਦਾ ਕੰਮ ਕਰਨ ਲਈ ਰਾਜ਼ੀ ਹੋ ਗਿਆ।
ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਪੁੱਤਰ ਸ੍ਰੀ ਨਰਿੰਦਰ ਸਿੰਘ ਵਾਸੀ ਡੋਲਨ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਮਨੀਸ਼ ਕੁਮਾਰ, ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਉਰੋ, ਯੂਨਿਟ, ਹੁਸ਼ਿਆਰਪੁਰ ਦੀ ਜ਼ੇਰੇ ਨਿਗਰਾਨੀ ਇੰਸਪੈਕਟਰ ਲਖਵਿੰਦਰ ਸਿੰਘ, ਵਲੋਂ ਵਿਜੀਲੈਂਸ ਬਿਉਰੋ ਦੀ ਟੀਮ, ਸਮੇਤ ਮੁਦੱਈ, ਸਰਕਾਰੀ ਸ਼ੈਡੋ ਗਵਾਹ ਅਤੇ ਸਰਕਾਰੀ ਗਵਾਹ ਨੂੰ ਨਾਲ ਲੈ ਕੇ ਟਰੈਪ ਲਗਾਇਆ ਗਿਆ। ਇੰਸਪੈਕਟਰ ਲਖਵਿੰਦਰ ਸਿੰਘ, ਵਿਜੀਲੈਂਸ ਬਿਉਰੋ, ਯੂਨਿਟ, ਹੁਸ਼ਿਆਰਪੁਰ ਵਲੋਂ ਦੋਸ਼ੀ ਸਰਤਾਜ ਸਿੰਘ ਰੰਧਾਵਾ ਐਕਸੀਅਨ ਮਾਈਨਿੰਗ ਵਿਭਾਗ ਹੁਸ਼ਿਆਰਪੁਰ ਅਤੇ ਦੋਸ਼ੀ ਹਰਜਿੰਦਰ ਸਿੰਘ ਐਸ.ਡੀ.ਓ. ਮਾਈਨਿੰਗ ਵਿਭਾਗ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਪੁੱਤਰ ਸ੍ਰੀ ਨਰਿੰਦਰ ਸਿੰਘ ਉਕਤ ਪਾਸੋਂ 5,00,000/- ਰੁਪਏ (ਪੰਜ ਲੱਖ ਰੁਪਏ) ਰਿਸ਼ਵਤ ਲੈਂਦਿਆਂ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਅਤੇ ਰਿਸ਼ਵਤ ਵਾਲੀ ਰਕਮ ਮੌਕਾ ਪਰ ਬਰਾਮਦ ਕੀਤੀ ਗਈ। ਇਸ ਸਬੰਧੀ ਵਿੱਚ ਮੁਕੱਦਮਾ ਨੰਬਰ: 22 ਮਿਤੀ 31.08.2023 ਅਧੀਨ ਧਾਰਾ 7 P.C. Act, 1988 as amended by P.C. (Amendment) Act,, 2018 ਅਤੇ ਅ/ਧ 34 ਆਈ.ਪੀ.ਸੀ., ਥਾਣਾ ਵਿਜੀਲੈਂਸ ਬਿਓਰੋ, ਜਲੰਧਰ ਰੇਂਜ ਵਿਖੇ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਨ ਦੋਸ਼ੀ ਸਰਤਾਜ ਸਿੰਘ ਰੰਧਾਵਾ ਐਕਸੀਅਨ ਅਤੇ ਹਰਜਿੰਦਰ ਸਿੰਘ ਐਸ.ਡੀ.ਓ. ਨੂੰ ਕੱਲ ਮਿਤੀ 01.09.2023 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਤਫਤੀਸ਼ ਜਾਰੀ ਹੈ।