ਪਰਮਿੰਦਰ ਸਿੰਘ ਬਰਿਆਣਾ, ਦਾ ਐਡੀਟਰ ਨਿਊਜ. ਜਲੰਧਰ —— ਜਲੰਧਰ ਦੇ ਇੱਕ ਐੱਸ.ਐੱਚ.ਓ.ਵੱਲੋਂ ਜਲੀਲ ਕੀਤੇ ਜਾਣ ਤੋਂ ਬਾਅਦ ਬਿਆਸ ਦਰਿਆ ਵਿੱਚ ਛਾਲ ਮਾਰੇ ਜਾਣ ਤੋਂ ਬਾਅਦ ਲਾਪਤਾ ਹੋਏ ਦੋ ਸਕੇ ਭਰਾਵਾਂ ਦੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ ਕਿ ਐਸ.ਐਚ.ਓ.ਨਵਦੀਪ ਸਿੰਘ ਅਤੇ ਥਾਣਾ ਡਿਵੀਜਨ ਨੰਬਰ-1 ਦੇ ਮੁਲਾਜਿਮਾਂ ਨੇ ਲਾਪਤਾ ਹੋਏ ਦੋ ਭਰਾਵਾਂ ਵਿੱਚੋ ਇੱਕ ਭਰਾ ਤੇ ਥਾਣੇ ਦੇ ਅੰਦਰ ਥਰਡ ਡਿਗਰੀ ਟਾਰਚਰ ਦਾ ਇਸਤੇਮਾਲ ਕੀਤਾ ਗਿਆ, ਇੱਥੇ ਹੀ ਨਹੀਂ ਖੁਦ ਐਸ.ਐਚ.ਓ.ਨੇ ਮਾਨਵਜੀਤ ਸਿੰਘ ਢਿੱਲੋ ਨੂੰ ਪਹਿਲਾ ਥੱਪੜ ਮਾਰੇ ਤੇ ਬਾਅਦ ਵਿੱਚ ਪੱਗ ਲਾਹ ਕੇ ਜਲੀਲ ਕੀਤਾ ਗਿਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਐੱਸ.ਐੱਚ.ਓ. ਤੇ ਕਾਰਵਾਈ ਤਾਂ ਕੀ ਉਸ ਨੂੰ ਉਸ ਥਾਣੇ ਵਿੱਚੋ ਅਜੇ ਤੱਕ ਬਦਲਿਆ ਤੱਕ ਨਹੀਂ ਗਿਆ, ਜੇਕਰ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਦੀ ਜਾਂਚ ਹੁੰਦੀ ਹੈ ਤਾਂ ਐਸ.ਐਚ.ਓ.ਨੇ ਹੁਣ ਤੱਕ ਤਾਂ ਸਾਰੇ ਸਬੂਤ ਖੁਰਦ-ਬੁਰਦ ਕਰ ਦਿੱਤੇ ਹਨ, ਥਾਣੇ ਦੀ ਸੀ.ਸੀ.ਟੀ.ਵੀ.ਫੁਟੇਜ ਵੀ ਗਾਇਬ ਕਰ ਦਿੱਤੀ ਗਈ ਹੈ। ਤਰਾਸਦੀ ਦੀ ਇੰਤਹਾ ਤਾਂ ਇਹ ਹੋਈ ਹੈ ਕਿ ਬਿਆਸ ਦਰਿਆ ਵਿੱਚ ਦੋਵਾਂ ਭਰਾਵਾਂ ਨੂੰ ਲੱਭਣ ਲਈ ਪਰਿਵਾਰ ਨੇ ਖੁਦ ਗੋਤਾਖੋਰਾਂ ਦਾ ਇੰਤਜਾਮ ਕਰ ਦਰਿਆ ਵਿੱਚ ਉਤਾਰੇ ਹਨ।
ਪੁਲਸੀਆ ਹੈਕੜਬਾਜੀ ਦੀ ਅੱਜ ਤੱਕ ਦੀ ਇੱਕ ਵੱਡੀ ਮਿਸਾਲ
ਇਸ ਸਬੰਧੀ ਜਾਣਕਾਰੀ ਦਿੰਦਿਆ ਮਾਨਵਜੀਤ ਸਿੰਘ ਢਿੱਲੋ ਦੇ ਕਰੀਬੀ ਦੋਸਤ ਐਡਵੋਕੇਟ ਸਰਬਜੀਤ ਸਿੰਘ ਨੇ ਦੱਸਿਆ ਕਿ ਮਾਨਵ ਦੇ ਇੱਕ ਦੋਸਤ ਦੀ ਭੈਣ ਪਰਮਿੰਦਰ ਕੌਰ ਦਾ ਆਪਣੇ ਪਤੀ ਜਲੰਧਰ ਦੇ ਮਕਸੂਦਾ ਦੇ ਰਹਿਣ ਵਾਲੇ ਗੁਰਮੀਤ ਸਿੰਘ ਨਾਲ ਪਰਿਵਾਰਕ ਵਿਵਾਦ ਚੱਲ ਰਿਹਾ ਸੀ, ਪਰਮਿੰਦਰ ਕੌਰ ਨੇ ਆਨਲਾਈਨ ਦਰਖਾਸਤ ਦਿੱਤੀ ਜਿਸ ਦੀ ਜਾਂਚ ਡਿਵੀਜਨ ਨੰਬਰ-1 ਥਾਣੇ ਨੂੰ ਮਾਰਕ ਹੋਈ, ਪਹਿਲੀ ਵਾਰ 14 ਮਾਰਚ ਨੂੰ ਜਦੋਂ ਬੁਲਾਇਆ ਗਿਆ ਤਾਂ ਪੁਲਿਸ ਦਾ ਰਵੱਈਆ ਉਸੇ ਦਿਨ ਤੋਂ ਹੀ ਸਪੱਸ਼ਟ ਹੋ ਗਿਆ ਸੀ ਕਿ ਉਹ ਪਰਮਿੰਦਰ ਕੌਰ ਦੀ ਕੋਈ ਗੱਲ ਨਹੀਂ ਸੁਣੇਗੀ, ਮੌਕੇ ਤੇ ਮਹਿਲਾ ਅਧਿਕਾਰੀ ਜਗਜੀਤ ਕੌਰ ਅਤੇ ਮੁਨਸ਼ੀ ਵਰਿੰਦਰ ਕੁਮਾਰ ਨੇ ਪਰਮਿੰਦਰ ਕੌਰ ਦੇ ਪਰਿਵਾਰ ਨਾਲ ਆਏ ਮਾਨਵਜੀਤ ਤੇ ਹੋਰ ਮੋਹਤਬਰਾਂ ਨੂੰ ਇਹ ਦਬਕੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਤਹਾਨੂੰ ਥਾਣੇ ਅੰਦਰ ਬੈਠਣਾ ਨਹੀਂ ਆਉਦਾ, ਇਸ ਤੇ ਮਾਨਵਜੀਤ ਨੇ ਇਹ ਕਿਹਾ ਕਿ ਅਸੀਂ ਗਲਤ ਕੀ ਕਰ ਰਹੇ ਹਾਂ, ਅੱਗੋ ਜਵਾਬ ਮਿਲਿਆ ਕਿ ਤੂੰ ਸਾਨੂੰ ਕਾਨੂੰਨ ਨਾ ਪੜ੍ਹਾ ਲੇਕਿਨ ਉਸ ਦਿਨ 15 ਅਗਸਤ ਦਾ ਹਵਾਲਾ ਦੇ ਕੇ ਜਦੋਂ 16 ਅਗਸਤ ਨੂੰ ਦੁਬਾਰਾ ਬੁਲਾਇਆ ਗਿਆ ਤਾਂ ਉਸ ਦਿਨ ਥਾਣੇ ਅੰਦਰ ਦੋਵਾ ਪਰਿਵਾਰਾਂ ਵਿਚਕਾਰ ਗਰਮਾਗਰਮੀ ਹੋ ਗਈ, ਉਸ ਸਮੇਂ ਵੀ ਪੁਲਿਸ ਦੀ ਰਵੱਈਆ ਪੱਖਪਾਤੀ ਸੀ, ਮੁੰਡੇ ਵਾਲੇ ਲਗਾਤਾਰ ਗਾਲਾਂ ਕੱਢ ਰਹੇ ਸੀ ਤੇ ਉਨ੍ਹਾਂ ਨੂੰ ਪੁਲਿਸ ਹੱਲਾਸ਼ੇਰੀ ਦੇ ਰਹੀ ਸੀ ਤੇ ਲੜਕੀ ਦੇ ਪਰਿਵਾਰ ਨੂੰ ਪੁਲਿਸ ਵਾਲੇ ਦਬਕੇ ਮਾਰ ਰਹੇ ਸੀ।
ਬਾਅਦ ਵਿੱਚ ਮਾਨਵਜੀਤ ਸਮੇਤ ਲੜਕੀ ਵਾਲਿਆਂ ਨੂੰ ਗੇਟ ਤੋਂ ਬਾਹਰ ਕਰ ਦਿੱਤਾ ਗਿਆ, ਇਸੇ ਦੌਰਾਨ ਐਸ.ਐਚ.ਓ.ਨਵਦੀਪ ਸਿੰਘ ਵੀ ਥਾਣੇ ਪਹੁੰਚ ਗਿਆ ਤਾਂ ਲੜਕੀ ਦੇ ਜੇਠ ਚਰਨਜੀਤ ਸਿੰਘ ਨੇ ਐਸ.ਐਚ.ਓ.ਦੇ ਕੰਨ ਵਿੱਚ ਫੂਕ ਮਾਰੀ ਤਾਂ ਉਸਨੇ ਉਸੇ ਸਮੇਂ ਕਾਸਟੇਬਲ ਭੇਜ ਕੇ ਗੇਟ ਤੋਂ ਬਾਹਰ ਖੜੇ ਮਾਨਵਜੀਤ ਨੂੰ ਇਹ ਕਹਿ ਕੇ ਬੁਲਾ ਲਿਆ ਕਿ ਉਸ ਨੂੰ ਲੈ ਕੇ ਆਓ ਜਿਹੜਾ ਸਾਨੂੰ ਕਾਨੂੰਨ ਪੜ੍ਹਾ ਰਿਹਾ ਹੈ, ਚਸ਼ਮਦੀਦਾਂ ਮੁਤਾਬਿਕ ਜਦੋਂ ਮਾਨਵਜੀਤ ਨੂੰ ਥਾਣੇ ਅੰਦਰ ਲਿਜਾਇਆ ਗਿਆ ਤਾਂ ਮੁਲਾਜਿਮ ਮਾਨਵਜੀਤ ਤੇ ਟੁੱਟ ਪਏ ਤੇ ਉਸ ਜਗ੍ਹਾਂ ਲੈ ਗਏ ਜਿੱਥੇ ਕੈਮਰੇ ਨਹੀਂ ਚੱਲਦੇ ਸਨ, ਇੰਨੇ ਨੂੰ ਉੱਥੇ ਐਸ.ਐਚ.ਓ.ਵੀ ਪਹੁੰਚ ਗਿਆ ਤੇ ਉਸ ਨੇ ਪਹਿਲਾ ਤਾਂ ਮਾਨਵਜੀਤ ਦੇ ਥੱਪੜ ਮਾਰੇ ਤੇ ਬਾਅਦ ਵਿੱਚ ਉਸਦੀ ਪੱਗ ਲਾਹੀ ਤੇ ਫਿਰ ਉਸ ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ ਤੇ 107-151 ਦੀ ਕਾਰਵਾਈ ਕਰ ਦਿੱਤੀ ਗਈ।
ਦੂਸਰੇ ਦਿਨ 17 ਮਾਰਚ ਨੂੰ ਮਾਨਵਜੀਤ ਦੀ ਜਮਾਨਤ ਹੋ ਜਾਂਦੀ ਹੈ, ਜਦੋਂ ਵੱਡੇ ਭਰਾ ਦੀ ਪੁਲਿਸ ਵੱਲੋਂ ਕੀਤੀ ਜਲਾਲਤ ਬਾਰੇ ਮਾਨਵਜੀਤ ਦੇ ਛੋਟੇ ਭਰਾ ਜਸ਼ਨਪ੍ਰੀਤ ਸਿੰਘ ਨੂੰ ਪਤਾ ਲੱਗਿਆ ਤਾਂ ਉਹ ਗਹਿਰੇ ਸਦਮੇ ਵਿੱਚ ਚਲਾ ਗਿਆ ਤੇ ਆਪਣੇ ਭਰਾ ਦੇ ਗਲ ਲੱਗ ਕੇ ਬਹੁਤ ਰੋਇਆ, ਇਸੇ ਦੌਰਾਨ ਜਦੋਂ ਉਹ ਜਲੰਧਰ ਤੋਂ ਵਾਪਿਸ ਗੋਇੰਦਵਾਲ ਸਾਹਿਬ ਜਾ ਰਹੇ ਸਨ ਤਾਂ ਜਸ਼ਨਪ੍ਰੀਤ ਨੇ ਬਿਆਸ ਦਰਿਆ ਤੇ ਗੱਡੀ ਰੋਕ ਕੇ ਦਰਿਆ ਵਿੱਚ ਛਾਲ ਮਾਰ ਦਿੱਤੀ, ਮੌਕੇ ਦੇ ਚਸ਼ਮਦੀਦ ਮਾਨਵਜੀਤ ਸਿੰਘ ਢਿੱਲੋ ਦੇ ਬੇਹੱਦ ਕਰੀਬੀ ਦੋਸਤ ਮਾਨਵਜੀਤ ਸਿੰਘ ਉਪਲ ਜੋ ਕਿ ਉਸ ਸਮੇਂ ਉਨਾਂ ਨਾਲ ਸੀ ਨੇ ਦੱਸਿਆ ਕਿ ਮਾਨਵਜੀਤ ਨੂੰ ਜਦੋਂ ਪਤਾ ਲੱਗਾ ਕਿ ਜਸ਼ਨ ਨੇ ਛਾਲ ਲਗਾ ਦਿੱਤੀ ਹੈ ਤਾਂ ਉਸ ਨੇ ਬਹੁਤ ਉੱਚੀ ਆਵਾਜ ਆਪਣੇ ਭਰਾ ਨੂੰ ਮਾਰੀ ਤੇ ਨਾਲ ਹੀ ਪਿੱਛੇ ਛਾਲ ਮਾਰ ਦਿੱਤੀ। ਉਸ ਸਮੇਂ ਰਾਤ ਦੇ 7.30 ਵੱਜ ਚੁੱਕੇ ਸਨ, ਹਨੇਰਾ ਹੋ ਚੁੱਕਾ ਸੀ। 6 ਦਿਨ ਬੀਤ ਜਾਣ ਤੇ ਵੀ ਅਜੇ ਤੱਕ ਦੋਵਾਂ ਭਰਾਵਾਂ ਬਾਰੇ ਕੋਈ ਵੀ ਸੁਰਾਗ ਨਹੀਂ ਮਿਲਿਆ ਹੈ।
ਪੁਲਿਸ ਦੀ ਕਾਰਵਾਈ ਜੀਰੋ
ਜੇਕਰ ਅਜਿਹੀ ਘਟਨਾ ਕਿਸੇ ਹੋਰ ਨਾਲ ਹੋਈ ਹੁੰਦੀ ਤਾਂ ਪੁਲਿਸ ਨੇ ਹੁਣ ਤੱਕ ਪਰਚਾ ਦਰਜ ਕਰ ਦੇਣਾ ਸੀ ਲੇਕਿਨ ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ, ਇੱਥੋ ਤੱਕ ਕੇ ਐਸ.ਐਚ.ਓ.ਥਾਣੇ ਵਿੱਚ ਤੈਨਾਤ ਹੁੰਦਿਆ ਮੀਡੀਆ ਨੂੰ ਲਗਾਤਾਰ ਜਿੱਥੇ ਸੰਬੋਧਨ ਕਰ ਰਿਹਾ ਹੈ ਉੱਥੇ ਉਹ ਜਲੰਧਰ ਦੇ ਮੀਡੀਆ ਦੇ ਇੱਕ ਵੱਡੇ ਹਿੱਸੇ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਲੱਗਾ ਹੋਇਆ ਹੈ।
ਸ਼ੁਰੂ ਤੋਂ ਵਿਵਾਦਾਂ ਵਿੱਚ ਰਿਹਾ ਇਹ ਐਸ.ਐਚ.ਓ.
ਨਵਦੀਪ ਸਿੰਘ ਜਿਸ ਨੂੰ ਇੱਕ ਹੈਂਕੜਬਾਜ ਪੁਲਿਸ ਅਧਿਕਾਰੀ ਦੇ ਤੌਰ ਤੇ ਜਾਣਿਆ ਜਾਂਦਾ ਹੈ, ਸਭ ਤੋਂ ਪਹਿਲਾ ਜਦੋਂ ਇਹ ਹੁਸ਼ਿਆਰਪੁਰ ਵਿਖੇ ਤੈਨਾਤ ਸਨ ਤਦ ਇੱਕ ਮਹਿਲਾ ਪੁਲਿਸ ਅਧਿਕਾਰੀ ਕਰਕੇ ਚਰਚਾ ਵਿੱਚ ਆਏ ਸਨ, ਦੂਸਰੀ ਵਾਰ ਫਗਵਾੜੇ ਵਿਖੇ ਇੱਕ ਸਬਜੀ ਵਾਲੇ ਦੀ ਰੇਹੜੀ ਨੂੰ ਲੱਤ ਮਾਰਨ ਦੇ ਮਾਮਲੇ ਵਿੱਚ ਚਰਚਾ ਵਿੱਚ ਆਏ ਸਨ, ਹੁਣ ਦੀ ਘਟਨਾ ਨੇ ਤਾਂ ਹੈਕੜਬਾਜੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਦੌਰਾਨ ਨਵਦੀਪ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ।
ਐਸ.ਐਚ.ਓ.ਦਾ ਮਾਈ ਬਾਪ ਕੌਣ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਤਰਾਂ ਦੇ ਰਵੱਈਏ ਵਾਲੇ ਪੁਲਿਸ ਅਧਿਕਾਰੀ ਨੂੰ ਲਗਾਤਾਰ ਵਧੀਆ ਥਾਣੇ ਮਿਲ ਰਹੇ ਹਨ, ਪਤਾ ਲੱਗਾ ਹੈ ਕਿ ਇਸ ’ਤੇ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੀ ਨਿਗ੍ਹਾ ਸਵੱਲੀ ਹੈ ਤੇ ਇਸ ਘਟਨਾ ਤੋੰ ਬਾਅਦ ਵੀ ਜੇਕਰ ਥਾਣੇ ਵਿੱਚੇ ਨਹੀੰ ਬਦਲਿਆ ਗਿਆ ਤਾ ਇਸ ਦੀ ਵਜ੍ਹਾ ਵੀ ਇਹ ਹੈ ਕਿ ਇਸ ਦੀ ਹਮਾਇਤ ਅਜੇ ਵੀ ਵਿਧਾਇਕ ਰਮਨ ਅਰੋੜਾ ਕਰ ਰਹੇ ਹਨ।