ਚੰਡੀਗੜ੍ਹ, 10 ਅਗਸਤ 2023 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਇੱਕ ਹੋਰ ਮੁਲਜ਼ਮ ਨੂੰ ਹਿਰਾਸਤ ‘ਚ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਮੂਸੇਵਾਲਾ ਨੂੰ ਕਤਲ ਕਰਨ ਵਾਲੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਗੈਂਗਸਟਰ ਧਰਮਨਜੋਤ ਸਿੰਘ ਕਾਹਲੋਂ ਨੂੰ ਅਮਰੀਕੀ ਪੁਲਿਸ ਨੇ ਹਿਰਾਸਤ ‘ਚ ਲਿਆ ਹੈ।
ਸੂਤਰਾਂ ਮੁਤਾਬਕ ਧਰਮਨਜੋਤ ਨੂੰ ਜਲਦ ਹੀ ਭਾਰਤ ਲਿਆਂਦਾ ਜਾ ਸਕਦਾ ਹੈ ਪਰ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਲੋੜੀਂਦੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਅਸਲ ‘ਚ ਧਰਮਨਜੋਤ ਸਿੰਘ ਕਾਹਲੋਂ ਨੂੰ ਕੈਲੀਫੋਰਨੀਆ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਉਸਦੇ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨਾਲ ਨੇੜਲੇ ਸੰਬੰਧ ਹਨ। ਕਾਹਲੋਂ ਨੇ ਗੋਲਡੀ ਬਰਾੜ ਨੂੰ ਹਥਿਆਰ ਸਪਲਾਈ ਕੀਤੇ ਜਿਹੜੇ ਮੂਸੇਵਾਲਾ ਦੇ ਕਤਲ ਵਿਚ ਵਰਤੇ ਗਏ।
ਗੋਲਡੀ ਬਰਾੜ ਅਤੇ ਧਰਮਨਜੋਤ ਦੀ ਯੋਜਨਾ ਅਨੁਸਾਰ ਮੁਲਜ਼ਮਾਂ ਨੇ ਪੁਲੀਸ ਦੀ ਵਰਦੀ ਫਾਰਚੂਨਰ ਕਾਰ ਵਿੱਚ ਰੱਖੀ ਹੋਈ ਸੀ। ਮੂਸੇਵਾਲਾ ਦੇ ਘਰ ‘ਤੇ ਪੁਲਿਸ ਮੁਲਾਜ਼ਮ ਦੱਸ ਕੇ ਫਰਜ਼ੀ ਮੁਕਾਬਲਾ ਕਰਵਾਉਣ ਦੀ ਯੋਜਨਾ ਬਣਾਈ ਗਈ ਸੀ, ਪਰ ਮੂਸੇਵਾਲਾ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਸੀ, ਜਿਸ ਕਾਰਨ ਬਦਮਾਸ਼ਾਂ ਨੇ ਮੌਕੇ ‘ਤੇ ਹੀ ਪਲਾਨ ਬਦਲ ਦਿੱਤਾ। ਇਹ ਯੋਜਨਾ ਦਰਮਨਜੋਤ ਕਾਹਲੋਂ ਨੇ ਗੈਂਗਸਟਰ ਗੋਲਡੀ ਬਰਾੜ ਨਾਲ ਮਿਲ ਕੇ ਬਣਾਈ ਸੀ।