ਦਾ ਐਡੀਟਰ ਨਿਊਜ਼, ਨਵੀਂ ਦਿੱਲੀ — ਟੀਮ ਇੰਡੀਆ ਨੇ ਸੁਪਰ-8 ‘ਚ ਅਫਗਾਨਿਸਤਾਨ ਖਿਲਾਫ ਆਪਣੇ ਪਹਿਲੇ ਮੈਚ ‘ਚ ਇਕਤਰਫਾ ਜਿੱਤ ਹਾਸਲ ਕੀਤੀ। ਬੱਲੇਬਾਜ਼ੀ ਹੋਵੇ ਜਾਂ ਗੇਂਦਬਾਜ਼ੀ, ਰੋਹਿਤ ਸ਼ਰਮਾ ਦੀ ਟੀਮ ਨੇ ਗੁਆਂਢੀ ਟੀਮ ਨੂੰ ਹਰ ਫਰੰਟ ‘ਤੇ ਪਛਾੜ ਦਿੱਤਾ।
ਬ੍ਰਿਜਟਾਊਨ ਦੇ ਕੇਨਸਿੰਗਟਨ ਓਵਲ ਸਟੇਡੀਅਮ ‘ਚ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਰੋਹਿਤ ਸ਼ਰਮਾ ਪਾਵਰਪਲੇ ‘ਚ ਜਲਦੀ ਹੀ ਆਊਟ ਹੋ ਗਿਆ। ਵਿਰਾਟ ਕੋਹਲੀ ਵੀ 24 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਰਿਸ਼ਭ ਪੰਤ ਨੇ 11 ਗੇਂਦਾਂ ਵਿੱਚ 20 ਦੌੜਾਂ ਬਣਾਈਆਂ। ਟੀਮ ਦਾ ਸਕੋਰ 11ਵੇਂ ਓਵਰ ‘ਚ 4 ਵਿਕਟਾਂ ‘ਤੇ 90 ਦੌੜਾਂ ਸੀ। ਪਰ ਸੂਰਿਆਕੁਮਾਰ ਨੇ 190 ਦੀ ਸਟ੍ਰਾਈਕ ਰੇਟ ‘ਤੇ ਅਰਧ ਸੈਂਕੜਾ ਲਗਾਇਆ। ਹਾਰਦਿਕ ਪੰਡਯਾ ਨੇ 32 ਦੌੜਾਂ ਬਣਾ ਕੇ ਟੀਮ ਨੂੰ 181 ਦੌੜਾਂ ਤੱਕ ਪਹੁੰਚਾਇਆ।
ਹੁਣ ਭਾਰਤੀ ਗੇਂਦਬਾਜ਼ਾਂ ਦੀ ਵਾਰੀ ਸੀ। ਟੀਮ ਨੇ ਅਫਗਾਨ ਬੱਲੇਬਾਜ਼ਾਂ ਨੂੰ ਟਿਕਣ ਨਹੀਂ ਦਿੱਤਾ। ਪਾਵਰਪਲੇ ‘ਚ ਹੀ 3 ਵਿਕਟਾਂ ਲੈ ਲਈਆਂ। ਬੁਮਰਾਹ ਨੇ 4 ਓਵਰਾਂ ‘ਚ ਸਿਰਫ 7 ਦੌੜਾਂ ਦਿੱਤੀਆਂ ਅਤੇ 3 ਵਿਕਟਾਂ ਵੀ ਲਈਆਂ। ਅਫਗਾਨਿਸਤਾਨ ਦੀ ਟੀਮ 134 ਦੌੜਾਂ ‘ਤੇ ਆਲ ਆਊਟ ਹੋ ਗਈ। ਅਤੇ ਮੈਚ 47 ਦੌੜਾਂ ਨਾਲ ਜਿੱਤ ਲਿਆ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਸੈਮੀਫਾਈਨਲ ਲਈ ਆਪਣਾ ਦਾਅਵਾ ਮਜ਼ਬੂਤ ਕਰ ਲਿਆ ਹੈ।
ਹੁਣ ਭਾਰਤੀ ਟੀਮ ਨੇ ਆਪਣਾ ਅਗਲਾ ਮੈਚ 22 ਜੂਨ ਨੂੰ ਬੰਗਲਾਦੇਸ਼ ਖਿਲਾਫ ਖੇਡਣਾ ਹੈ। ਇਹ ਮੈਚ ਐਂਟੀਗੁਆ ਵਿੱਚ ਖੇਡਿਆ ਜਾਵੇਗਾ। ਜਦੋਂ ਕਿ ਅਫਗਾਨਿਸਤਾਨ ਖਿਲਾਫ ਪਹਿਲਾ ਮੈਚ ਬਾਰਬਾਡੋਸ ਦੀ ਰਾਜਧਾਨੀ ਬ੍ਰਿਜਟਾਊਨ ਦੇ ਕੇਨਸਿੰਗਟਨ ਓਵਲ ਮੈਦਾਨ ‘ਤੇ ਹੋਇਆ ਸੀ।