ਦਾ ਐਡੀਟਰ ਨਿਊਜ਼, ਨਵੀਂ ਦਿੱਲੀ —– ਟੀ-20 ਵਿਸ਼ਵ ਕੱਪ ਦੇ 25ਵੇਂ ਮੈਚ ਵਿੱਚ ਭਾਰਤ ਨੇ ਅਮਰੀਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਵਿਸ਼ਵ ਕੱਪ ਦੇ ਸੁਪਰ-8 ਵਿੱਚ ਪ੍ਰਵੇਸ਼ ਕਰ ਲਿਆ ਹੈ। ਇਸ ਤੋਂ ਪਹਿਲਾਂ ਭਾਰਤ ਦੀ ਟੀਮ ਨੇ ਪਾਕਿਸਤਾਨ ਨੂੰ 6 ਦੌੜਾਂ ਅਤੇ ਆਇਰਲੈਂਡ ਨੂੰ 8 ਵਿਕਟਾਂ ਨਾਲ ਹਰਾਇਆ ਸੀ।
ਭਾਰਤੀ ਟੀਮ ਨੇ ਬੁੱਧਵਾਰ ਨੂੰ ਨਸਾਓ ਕਾਊਂਟੀ ਕ੍ਰਿਕਟ ਸਟੇਡੀਅਮ ‘ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅਮਰੀਕਾ ਨੇ 20 ਓਵਰਾਂ ‘ਚ 8 ਵਿਕਟਾਂ ‘ਤੇ 110 ਦੌੜਾਂ ਬਣਾਈਆਂ। ਜਵਾਬ ‘ਚ ਭਾਰਤੀ ਟੀਮ ਨੇ 18.2 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ।
ਸੂਰਿਆਕੁਮਾਰ ਯਾਦਵ ਨੇ 49 ਗੇਂਦਾਂ ‘ਤੇ ਨਾਬਾਦ 50 ਦੌੜਾਂ ਬਣਾਈਆਂ, ਜਦਕਿ ਸ਼ਿਵਮ ਦੂਬੇ ਨੇ 35 ਗੇਂਦਾਂ ‘ਤੇ 31 ਦੌੜਾਂ ਦੀ ਅਜੇਤੂ ਪਾਰੀ ਖੇਡੀ। ਦੋਵਾਂ ਵਿਚਾਲੇ ਚੌਥੀ ਵਿਕਟ ਲਈ 65 ਗੇਂਦਾਂ ‘ਤੇ 67 ਦੌੜਾਂ ਦੀ ਸਾਂਝੇਦਾਰੀ ਹੋਈ।
ਰਿਸ਼ਭ ਪੰਤ 18 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਰੋਹਿਤ ਸ਼ਰਮਾ ਨੇ 3 ਦੌੜਾਂ ਬਣਾਈਆਂ, ਜਦਕਿ ਵਿਰਾਟ ਕੋਹਲੀ ਖਾਤਾ ਵੀ ਨਹੀਂ ਖੋਲ੍ਹ ਸਕੇ। ਸੌਰਭ ਨੇਤਰਵਾਲਕਰ ਨੇ 2, ਅਲੀ ਖਾਨ ਨੇ ਇਕ ਵਿਕਟ ਲਈ।
ਅਮਰੀਕਾ ਲਈ ਨਿਤੀਸ਼ ਕੁਮਾਰ ਨੇ ਸਭ ਤੋਂ ਵੱਧ 27 ਦੌੜਾਂ ਬਣਾਈਆਂ ਜਦਕਿ ਸਟੀਵਨ ਟੇਲਰ ਨੇ 24 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਲਈ ਅਰਸ਼ਦੀਪ ਸਿੰਘ ਨੇ 4 ਵਿਕਟਾਂ ਲਈਆਂ। ਹਾਰਦਿਕ ਪੰਡਯਾ ਨੂੰ 2 ਵਿਕਟਾਂ ਮਿਲੀਆਂ। ਅਕਸ਼ਰ ਨੂੰ ਇਕ ਵਿਕਟ ਮਿਲੀ। ਇਕ ਬੱਲੇਬਾਜ਼ ਰਨ ਆਊਟ ਹੋਇਆ।