ਸੂਬੇ ਦੀਆਂ 144 ਕਿਲੋਮੀਟਰ ਸੜਕਾਂ ਨੂੰ 211 ਕਰੋੜ ਨਾਲ ਲਿਸ਼ਕਾਉਣ ਦੀ ਤਿਆਰੀ
ਚੰਡੀਗੜ-ਪੰਜਾਬ ਸਰਕਾਰ ਛੇਤੀ ਹੀ ਸੂਬੇ ਵਿਚ 12 ਪ੍ਰਮੁੱਖ ਸੜਕੀ ਪ੍ਰਾਜੈਕਟਾਂ ਦੀ ਅਪਗ੍ਰੇਡੇਸ਼ਨ ਦਾ ਕਾਰਜ ਅਰੰਭੇਗੀ। ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਦੱਸਿਆ ਕਿ ਕੇਂਦਰੀ ਸੜਕ ਅਤੇ ਬੁਨਿਆਦੀ ਢਾਂਚਾ ਫੰਡ (ਸੀ.ਆਰ.ਆਈ.ਐੱਫ.) ਅਧੀਨ ਕਰੀਬ 211.22 ਕਰੋੜ ਰੁਪਏ ਦੀ ਲਾਗਤ ਵਾਲੇ ਇਨਾਂ ਪ੍ਰਾਜੈਕਟਾਂ ਵਿੱਚ ਮੁੱਖ ਜ਼ਿਲਾ ਸੜਕਾਂ ਤੇ ਹੋਰ ਜ਼ਿਲਾ ਸੜਕਾਂ ਦਾ ਮਜ਼ਬੂਤੀਕਰਨ ਅਤੇ ਨਵੇਂ ਪੁਲਾਂ ਦੀ ਉਸਾਰੀ ਸ਼ਾਮਲ ਹੈ। ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਪ੍ਰਾਜੈਕਟਾਂ ਨੂੰ ਮਿੱਥੇ ਸਮੇਂ ਦੇ ਅੰਦਰ-ਅੰਦਰ ਪੂਰਾ ਕਰਨ ਲਈ ਕਿਹਾ ਗਿਆ ਹੈ। ਉਨਾਂ ਕਿਹਾ ਕਿ ਲੋਕਾਂ ਦੇ ਪੈਸੇ ਦੀ ਢੁਕਵੀਂ ਵਰਤੋਂ ਲਈ ਕੰਮ ਦੀ ਗੁਣਵੱਤਾ ਨੂੰ ਹਰ ਹਾਲ ਵਿੱਚ ਯਕੀਨੀ ਬਣਾਇਆ ਜਾਵੇਗਾ। ਇਨਾਂ ਪ੍ਰਾਜੈਕਟਾਂ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ 23.74 ਕਿਲੋਮੀਟਰ ਲੰਮੀ ਅੰਮ੍ਰਿਤਸਰ-ਚੌਗਾਵਾਂ-ਰਾਣੀਆਂ ਸੜਕ ਦੇ ਮਜ਼ਬੂਤੀਕਰਨ ਅਤੇ ਸੁਧਾਰ ‘ਤੇ 27.08 ਕਰੋੜ ਰੁਪਏ ਖ਼ਰਚ ਆਉਣਗੇ ਜਦਕਿ 40.47 ਕਿਲੋਮੀਟਰ ਲੰਮੀ ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਸੜਕ ਨੂੰ 18.57 ਕਰੋੜ ਰੁਪਏ ਨਾਲ ਮਜ਼ਬੂਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸੇ ਤਰਾਂ ਜ਼ਿਲਾ ਲੁਧਿਆਣਾ ਵਿੱਚ ਸਰਾਭਾ-ਰਾਏਕੋਟ ਸੜਕ ਦੀ ਅਪਗ੍ਰੇਡੇਸ਼ਨ, ਜ਼ਿਲਾ ਮੋਗਾ ਵਿੱਚ ਬਾਘਾਪੁਰਾਣਾ-ਭਗਤਾ ਭਾਈ-ਨਥਾਣਾ ਸੜਕ ਦੀ ਅਪਗ੍ਰੇਡੇਸ਼ਨ ਅਤੇ ਜ਼ਿਲਾ ਕਪੂਰਥਲਾ ਵਿੱਚ ਫਗਵਾੜਾ-ਜੰਡਿਆਲਾ ਸੜਕ ਦੀ ਅਪਗ੍ਰੇਡੇਸ਼ਨ ਦਾ ਕਾਰਜ ਕ੍ਰਮਵਾਰ 6.95 ਕਰੋੜ, 11.28 ਕਰੋੜ ਅਤੇ 15.72 ਕਰੋੜ ਰੁਪਏ ਨਾਲ ਛੇਤੀ ਸ਼ੁਰੂ ਕੀਤਾ ਜਾਵੇਗਾ।
ਮੰਤਰੀ ਨੇ ਦੱਸਿਆ ਕਿ ਜ਼ਿਲਾ ਫ਼ਾਜ਼ਿਲਕਾ ਦੇ ਅਬੋਹਰ ਵਿਖੇ ਰਾਜ ਮਾਰਗ-14 ਦਾ ਮਲੋਟ ਚੌਕ ਨੂੰ ਹਨੂੰਮਾਨਗੜ ਚੌਕ ਨਾਲ ਜੋੜਦਾ 4 ਕਿਲੋਮੀਟਰ ਲੰਮਾ ਹਿੱਸਾ ਅਤੇ ਮਲੋਟ ਚੌਕ ਨੂੰ ਸੀਤੋਗੁੰਨੋ ਨਾਲ ਜੋੜਨ ਵਾਲਾ 2.30 ਕਿਲੋਮੀਟਰ ਮੁੱਖ ਜ਼ਿਲਾ ਸੜਕ ਨੂੰ 25.02 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਨਾਂ ਸੜਕੀ ਪ੍ਰਾਜੈਕਟਾਂ ਤੋਂ ਇਲਾਵਾ ਰੂਪਨਗਰ ਅਤੇ ਗੁਰਦਾਸਪੁਰ ਜ਼ਿਲੇ ਵਿੱਚ 12.37 ਕਰੋੜ ਰੁਪਏ ਦੀ ਲਾਗਤ ਨਾਲ ਦੋ ਨਵੇਂ ਪੁਲਾਂ ਦਾ ਨਿਰਮਾਣ ਵੀ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਰੂਪਨਗਰ ਵਿਚ ਪੁਰਾਣੀ ਮੋਰਿੰਡਾ-ਰੋਪੜ ਸੜਕ ‘ਤੇ ਪਿੰਡ ਬਹਿਰਾਮਪੁਰ ਜ਼ਿਮੀਦਾਰਾਂ ਨੇੜੇ ਸਤਲੁਜ-ਯਮੁਨਾ ਲਿੰਕ ਨਹਿਰ ‘ਤੇ ਛੋਟੇ ਤੇ ਨੀਵੇਂ ਪੁਰਾਣੇ ਪੁਲ ਦੀ ਥਾਂ ਨਵੇਂ ਪੁਲ ਦਾ ਨਿਰਮਾਣ ਕੀਤਾ ਜਾਵੇਗਾ ਜਦਕਿ ਜ਼ਿਲਾ ਗੁਰਦਾਸਪੁਰ ਦੇ ਬਾਠ ਸਾਹਿਬ ਵਿਖੇ ਹਾਈਡਲ ਚੈਨਲ ‘ਤੇ ਇਕ ਹਾਈ ਲੈਵਲ ਪੁਲ ਉਸਾਰਿਆ ਜਾਵੇਗਾ।