ਦਾ ਐਡੀਟਰ ਨਿਊਜ਼, ਚੰਡੀਗੜ੍ਹ —— ਪੰਜਾਬ ਕੈਬਨਿਟ ਮੀਟਿੰਗ ਵਿਚ ਅੱਜ ਵੱਡੇ ਫ਼ੈਸਲੇ ਲਏ ਗਏ ਹਨ। ਕੈਬਨਿਟ ਮੀਟਿੰਗ ਵਿਚ ਲਏ ਗਏ ਫ਼ੈਸਲਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਭ ਤੋਂ ਵੱਡਾ ਫ਼ੈਸਲਾ ਪੰਜਾਬ ਵਿਚ ਸਪੈਸ਼ਲ ਅਦਾਲਤਾਂ ਦੇ ਗਠਨ ਦਾ ਲਿਆ ਗਿਆ ਹੈ। ਪੰਜਾਬ ਵਿਚ 2 ਸਪੈਸ਼ਲ ਅਦਾਲਤਾਂ ਦਾ ਗਠਨ ਕੀਤਾ ਗਿਆ ਹੈ, ਜਿੰਨ੍ਹਾਂ ਵਿਚ ਪੋਕਸੋ ਐਕਟ ਦੇ ਅਧੀਨ ਮਾਮਲਿਆਂ ਦੀ ਸੁਣਵਾਈ ਹੋਵੇਗੀ। ਤਰਨਤਾਰਨ ਅਤੇ ਸੰਗਰੂਰ ਵਿਚ ਇਹ ਸਪੈਸ਼ਲ ਅਦਾਲਤਾਂ ਬਣਾਈਆਂ ਜਾਣਗੀਆਂ। ਇੱਥੇ ਬੱਚਿਆਂ ਨਾਲ ਹੋਏ ਅਪਰਾਧਾਂ ਨੂੰ ਜਲਦੀ ਇਨਸਾਫ਼ ਦਵਾਇਆ ਜਾਵੇਗਾ। ਇਨ੍ਹਾਂ ਅਦਾਲਤਾਂ ਵਿਚ ਅਮਲੇ ਦੀ ਤਾਇਨਾਤੀ ਲਈ 20 ਅਸਾਮੀਆਂ ਦੀ ਰਚਨਾ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੀਆਂ ਅਦਾਲਤਾਂ ਵਿਚ 3842 ਸਥਾਈ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਇਨ੍ਹਾਂ ਮੁਲਾਜ਼ਮਾਂ ਨੂੰ ਹਰ ਸਾਲ ਐਕਸਟੈਂਸ਼ਨ ਨਹੀਂ ਲੈਣੀ ਪਵੇਗੀ।
ਚੀਮਾ ਨੇ ਦੱਸਿਆ ਕਿ ਪੰਜਾਬ ਦੀਆਂ ਅਦਾਲਤਾਂ ਵਿੱਚ 3842 ਅਸਥਾਈ ਸਟਾਫ਼ ਪਿਛਲੇ 20 ਸਾਲਾਂ ਤੋਂ ਆਰਜ਼ੀ ਤੌਰ ’ਤੇ ਕੰਮ ਕਰ ਰਿਹਾ ਸੀ ਅਤੇ ਹੁਣ ਇਨ੍ਹਾਂ ਨੂੰ ਅਦਾਲਤ ਵਿੱਚ ਪੱਕਾ ਕਰ ਦਿੱਤਾ ਗਿਆ ਹੈ ਤਾਂ ਜੋ ਮੁਲਾਜ਼ਮਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।

ਵਿੱਤ ਮੰਤਰੀ ਸ੍ਰ. ਹਰਪਾਲ ਸਿੰਘ ਚੀਮਾ ਪੰਜਾਬ ਕੈਬਿਨਟ ਦੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ Live… https://t.co/iEK2vNKTNO
— AAP Punjab (@AAPPunjab) March 9, 2024
ਪੰਜਾਬ ਵਿੱਚ ਮੈਡੀਕਲ ਸਹੂਲਤ ਲਈ 1300 ਅਸਾਮੀਆਂ ਬਣਾਈਆਂ ਗਈਆਂ ਹਨ, ਜਿਸ ਨਾਲ ਸਿਹਤ ਸਹੂਲਤਾਂ ਵਿੱਚ ਸੁਧਾਰ ਹੋਵੇਗਾ, ਜਿਸ ਦੀ ਸਾਡੀ ਗਾਰੰਟੀ ਵੀ ਸੀ। ਪਹਿਲਾਂ 400 ਅਸਾਮੀਆਂ ਭਰੀਆਂ ਜਾਣਗੀਆਂ, ਫਿਰ ਅੱਗੇ ਇਹ ਬਾਬਾ ਫਰੀਦ ਯੂਨੀਵਰਸਿਟੀ ਰਾਹੀਂ ਭਰੀਆਂ ਜਾਣਗੀਆਂ। ਇਸੇ ਤਰ੍ਹਾਂ ਗੁਰਦਾਸਪੁਰ ਵਿੱਚ 30 ਬਿਸਤਰਿਆਂ ਦਾ ਹਸਪਤਾਲ ਹੈ, ਜਿਸ ਵਿੱਚ 20 ਵੱਖ-ਵੱਖ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਵਪਾਰੀਆਂ ਲਈ ਵੱਡਾ ਐਲਾਨ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਹਾਊਸਿੰਗ ਵਿਚ EDS ਦੇ ਚਾਰਜ ਭੁਗਤਾਣ ਲਈ ਡੇਢ ਸਾਲ ਦਾ ਹੋਰ ਸਮਾਂ ਦੇ ਦਿੱਤਾ ਗਿਆ ਹੈ। ਵਪਾਰੀ 3 ਕਿਸ਼ਤਾਂ ਵਿਚ 6-6 ਮਹੀਨੇ ਬਾਅਦ ਭਰ ਸਕਣਗੇ। ਇਸ ਤੋਂ ਇਲਾਵਾ ਵਨ ਟਾਈਮ ਸੈਟਲਮੈਂਟ 2023 ਦਾ ਸਮਾਂ ਵਧਾਉਣ ਦੀ ਮੰਗ ਆਈ ਸੀ, ਇਸ ਨੂੰ ਵੀ 30 ਜੂਨ ਤਕ ਵਧਾ ਦਿੱਤਾ ਗਿਆ ਹੈ। ਇਸ ਨਾਲ 3 ਮਹੀਨਿਆਂ ਦੀ ਰਾਹਤ ਪੰਜਾਬ ਦੇ ਵਪਾਰੀਆਂ ਨੂੰ ਦਿੱਤੀ ਹੈ। ਇਸ ਨੂੰ ਸਭ ਤੋਂ ਸਫ਼ਲ ਓਟੀਐੱਸ ਸਕੀਮ ਦੱਸਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਹੁਣ ਤਕ 47 ਕਰੋੜ 50 ਲੱਖ ਰੁਪਏ ਪੰਜਾਬ ਸਰਕਾਰ ਨੂੰ ਮਿਲ ਚੁੱਕੇ ਹਨ। ਹੁਣ ਤਕ 60 ਹਜ਼ਾਰ ਵਿਚੋਂ 41 ਹਜ਼ਾਰ 814 ਐਪਲੀਕੇਸ਼ਨ ਮਿੱਲ ਚੁੱਕੀਆਂ ਹਨ।
ਚੀਮਾ ਨੇ ਦੱਸਿਆ ਕਿ ਤੀਜੀ ਵਾਰ ਆਬਕਾਰੀ ਨੀਤੀ ਲਿਆਂਦੀ ਗਈ ਹੈ। ਇਸ ਤਹਿਤ ਪਹਿਲੀ ਵਾਰ ਪੰਜਾਬ ਨੂੰ 10 ਹਜ਼ਾਰ ਕਰੋੜ ਦਾ ਮਾਲੀਆ ਮਿਲੇਗਾ। ਕਾਂਗਰਸ ਵੇਲੇ 6151 ਕਰੋੜ ਰੁਪਏ ਤਕ ਸੀਮਤ ਸੀ। ਇਸ ਨੀਤੀ ਤਹਿਤ ਅਪਰ ਲਿਮਟ ਨੂੰ ਹਟਾ ਦਿੱਤਾ ਗਿਆ ਹੈ। ਡ੍ਰਾਅ ਦੇ ਰਾਹੀਂ ਠੇਕੇ ਅਲਾਟ ਕੀਤੇ ਜਾਣਗੇ। ਕੋਈ ਵੀ ਵਿਅਕਤੀ ਲਾਟਰੀ ਪਾ ਸਕੇਗਾ, ਉਸ ਵਿਚੋਂ ਠੇਕੇ ਅਲਾਟ ਕੀਤੇ ਜਾਣਗੇ। ਸ਼ਰਾਬ ਦੀ ਉਪਰਲੀ ਸੀਮਾ ਹਟਾ ਦਿੱਤੀ ਗਈ ਹੈ ਅਤੇ ਠੇਕਿਆਂ ਦੀ ਅਲਾਟਮੈਂਟ ਲਾਟਰੀ ਰਾਹੀਂ ਕੀਤੀ ਜਾਵੇਗੀ ਅਤੇ ਕੋਈ ਵੀ ਵਿਅਕਤੀ ਇਸ ਨੂੰ ਲੈ ਸਕਦਾ ਹੈ। 172 ਗਰੁੱਪਾਂ ਨੂੰ ਵਧਾ ਕੇ 232 ਕਰ ਦਿੱਤਾ ਗਿਆ ਹੈ, ਜਿਸ ਵਿਚ ਕਿਸੇ ਵੀ ਤਰ੍ਹਾਂ ਨਾਲ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।