ਦਾ ਐਡੀਟਰ ਨਿਊਜ਼, ਗੁਰਦਾਸਪੁਰ —– ਗੁਰਦਾਸਪੁਰ ਦੇ ਕਸਬਾ ਕਲਾਨੌਰ ‘ਚ ਸ਼ਿਵ ਮੰਦਿਰ ਨੇੜੇ ਸਥਿਤ ਘਰ ‘ਚੋਂ ਦੋ ਮਾਸੂਮ ਭਰਾ-ਭੈਣ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਅਧਿਕਾਰੀਆਂ ਨੇ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਬੱਚਿਆਂ ਦੀ ਪਛਾਣ 3 ਸਾਲਾ ਪੁੱਤਰ ਹਰਪ੍ਰੀਤ ਅਤੇ 6 ਸਾਲਾ ਧੀ ਜਸਪ੍ਰੀਤ ਕੌਰ ਵਜੋਂ ਹੋਈ ਹੈ। ਦੋਵੇਂ ਬੱਚਿਆਂ ਦਾ ਪਿਤਾ ਹਰਪਾਲ ਸਿੰਘ ਅਤੇ ਮਾਂ ਅਮਨ ਘਰੋਂ ਫਰਾਰ ਦੱਸੇ ਜਾ ਰਹੇ ਹਨ।
ਮੌਕੇ ’ਤੇ ਪੁੱਜੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਲੱਗਦਾ ਹੈ ਕਿ ਦੋਵਾਂ ਬੱਚਿਆਂ ਨੂੰ ਕੋਈ ਜ਼ਹਿਰੀਲੀ ਚੀਜ਼ ਦਿੱਤੀ ਗਈ ਹੈ। ਜਿਸ ਕਾਰਨ ਬੱਚਿਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਲਿਆਂਦਾ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਤਾ ਨੇ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਿਆ ਹੈ।

ਥਾਣਾ ਕਲਾਨੌਰ ਦੇ ਐਸ.ਐਚ.ਓ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਆਂਢੀਆਂ ਤੋਂ ਸੂਚਨਾ ਮਿਲੀ ਸੀ ਕਿ ਕਲਾਨੌਰ ਸ਼ਿਵ ਮੰਦਿਰ ਨੇੜੇ ਇੱਕ ਘਰ ਵਿੱਚ ਦੋ ਬੱਚਿਆਂ ਦੀਆਂ ਲਾਸ਼ਾਂ ਪਈਆਂ ਹਨ, ਜਦੋਂ ਉਨ੍ਹਾਂ ਉੱਥੇ ਜਾ ਕੇ ਦੇਖਿਆ ਤਾਂ ਘਰ ਵਿੱਚ ਕੋਈ ਮੌਜੂਦ ਨਹੀਂ ਸੀ ਤਾਂ ਉਨ੍ਹਾਂ ਦੱਸਿਆ ਕਿ ਦੇਖਣ ਨੂੰ ਲੱਗ ਰਿਹਾ ਹੀ ਕਿ ਬੱਚਿਆਂ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਹੈ।
ਐਸ.ਐਚ.ਓ ਅਵਤਾਰ ਸਿੰਘ ਨੇ ਦੱਸਿਆ ਕਿ ਪਿਤਾ ਮੌਕੇ ਤੋਂ ਫਰਾਰ ਹੈ ਕਿਉਂਕਿ ਬੱਚਿਆਂ ਦੀ ਮਾਂ ਪਹਿਲਾਂ ਹੀ ਕਿਸੇ ਨਾਲ ਫ਼ਰਾਰ ਹੋ ਗਈ ਸੀ, ਜਿਵੇਂ ਕਿ ਨੇੜਲੇ ਗੁਆਂਢੀ ਦੱਸ ਰਹੇ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।