ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ——- ਹੁਸ਼ਿਆਰਪੁਰ ਦੀ ਇੱਕ ਅਦਾਲਤ ਨੇ ਪੰਜਾਬ ਦੇ ਇੱਕ ਨਾਮੀ ਪੱਤਰਕਾਰ ਰਿਤੇਸ਼ ਲੱਖੀ ਨੂੰ ਉਨ੍ਹਾਂ ਦੀ ਇੱਕ ਵੀਡੀਓ ‘ਚ ਕੀਤੀਆਂ ਗਈਆਂ ਗੈਰ-ਜ਼ਿੰਮੇਵਾਰਾਨਾ ਟਿੱਪਣੀਆਂ ਦੇ ਚਲਦਿਆਂ 50 ਲੱਖ ਰੁਪਏ ਹਰਜਾਨਾ ਠੋਕਿਆ ਹੈ। ਜੇਕਰ ਉਹ ਇਹ ਹਰਜਾਨਾ ਸਮੇਂ ਸਿਰ ਨਹੀਂ ਦਿੰਦੇ ਤਾਂ ਉਨ੍ਹਾਂ ਨੂੰ 6% ਦੇ ਹਿਸਾਬ ਨਾਲ ਵਿਆਜ਼ ਵੀ ਦੇਣਾ ਪਵੇਗਾ।
ਇਸ ਬਾਰੇ ਐਡਵੋਕੇਟ ਐਚ ਐਸ ਸੈਣੀ ਅਤੇ ਤਨਹੀਰ ਸਿੰਘ ਬਰਿਆਨਾ ਨੇ ਦੱਸਿਆ ਕਿ ਦਰਅਸਲ ਰਿਤੇਸ਼ ਲੱਖੀ ਜੋ ਕਿ ਨੈਸ਼ਨਲ ਅਤੇ ਰਿਜਨਲ ਪੱਧਰ ਦੇ ਕਈ ਟੀਵੀ ਚੈਨਲਾਂ ਲਈ ਪੱਤਰਕਾਰੀ ਕਰ ਚੁੱਕੇ ਹਨ ਅਤੇ ਪਿਛਲੇ ਕੁੱਝ ਸਮੇਂ ਤੋਂ ਉਹ ਆਪਣਾ ਯੂ-ਟਿਊਬ (ਰਿਤੇਸ਼ ਲੱਖੀ ਅਨ-ਪਲੱਗਡ) ਚੈਨਲ ਚਲਾ ਰਹੇ ਹਨ। ਰਿਤੇਸ਼ ਲੱਖੀ ਨੇ ਪਟਿਆਲਾ ਵਿਖੇ ਕਾਲੀ ਮਾਤਾ ਮੰਦਿਰ ਘਟਨਾ ਬਾਰੇ 2 ਮਈ 2022 ਨੂੰ ਆਪਣੇ ਯੂ-ਟਿਊਬ ਚੈਨਲ ‘ਤੇ ਇੱਕ ਵੀਡੀਓ ਪਾਈ ਸੀ, ਜਿਸ ਦਾ ਟਾਈਟਲ “ਨਾਨਕ ਸਿੰਘ ਦਾ ਕੀ ਕਸੂਰ, ਕੌਣ ਕਸੂਰਵਾਰ, ਆਈ ਜੀ ? ਪੁਲਿਸ ਪ੍ਰਸ਼ਾਸਨ ਉੱਥੇ ਨੋ ਹੈਵੀ ਸਿੰਡਰੋਮ” ਰੱਖਿਆ ਸੀ। ਇਸ ਸਿਰਲੇਖ ਹੇਠ ਅਪਲੋਡ ਕੀਤੀ ਵੀਡੀਓ ‘ਚ ਉਨ੍ਹਾਂ ਨੇ ਰਿਟਾਇਰਡ ਪੁਲਿਸ ਅਧਿਕਾਰੀ ਅਤੇ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਬਾਰੇ ਇਤਰਾਜਯੋਗ ਟਿੱਪਣੀਆਂ ਕੀਤੀਆਂ ਸਨ।

ਅੱਗੇ ਐਡਵੋਕੇਟ ਐਚ ਐਸ ਸੈਣੀ ਅਤੇ ਤਨਹੀਰ ਸਿੰਘ ਬਰਿਆਨਾ ਦੱਸਦਿਆਂ ਕਿਹਾ ਕਿ ਪਹਿਲਾਂ ਪੱਤਰਕਾਰ ਰਿਤੇਸ਼ ਲੱਖੀ ਨੂੰ ਇਸ ਬਾਰੇ ਲੀਗਲ ਨੋਟਿਸ ਭੇਜਿਆ ਸੀ। ਲੇਕਿਨ ਪੱਤਰਕਾਰ ਰਿਤੇਸ਼ ਲੱਖੀ ਨੇ ਉਸ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਸੀ, ਜਿਸ ਤੋਂ ਬਾਅਦ ਸਿਵਲ ਜੱਜ ਸੀਨੀਅਰ ਡਵੀਜ਼ਨ ਪੁਸ਼ਪਾ ਰਾਣੀ ਦੀ ਅਦਾਲਤ ‘ਚ ਮਾਨਹਾਨੀ ਅਤੇ 50 ਲੱਖ ਹਰਜਾਨੇ ਦਾ ਕੇਸ ਦਾਇਰ ਕੀਤਾ ਗਿਆ ਸੀ। ਜਿਸ ‘ਤੇ ਮਾਨਯੋਗ ਅਦਾਲਤ ਨੇ ਰਿਤੇਸ਼ ਲੱਖੀ ਨੂੰ ਇਹ ਹਰਜਾਨਾ ਪਾਇਆ ਹੈ। ਇਸ ਬਾਰੇ ਚਰਨਜੀਤ ਸ਼ਰਮਾ ਨੇ ਅਦਾਲਤ ਨੂੰ ਦੱਸਿਆ ਕਿ ਉਹ ਦੋ ਜ਼ਿਲ੍ਹਿਆਂ ਦੇ ਐਸ ਐਸ ਪੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੀ ਸਾਰੀ ਸਰਵਿਸ ਬੇਦਾਗ ਰਹੀ ਹੈ, 2015 ‘ਚ ਉਨ੍ਹਾਂ ਨੂੰ ਰਾਸ਼ਟਰਪਤੀ ਐਵਾਰਡ ਵੀ ਮਿਲਿਆ ਸੀ, ਇੱਥੇ ਜ਼ਿਕਰਯੋਗ ਹੈ ਕਿ ਰਿਤੇਸ਼ ਲੱਖੀ ਨੇ ਆਪਣੀ ਵੀਡੀਓ ‘ਚ ਚਰਨਜੀਤ ਸ਼ਰਮਾ ਨੂੰ ਨਾ ਕਾਬਿਲ ਅਧਿਕਾਰੀ ਦੱਸਿਆ ਸੀ।
ਚਰਨਜੀਤ ਸ਼ਰਮਾ ਨੇ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਉਨ੍ਹਾਂ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਨਾਲ ਗੈਰ-ਜ਼ਿੰਮੇਵਾਰਾਨਾ ਪੱਤਰਕਾਰੀ ‘ਤੇ ਵੀ ਅੰਕੁਸ਼ ਲੱਗੇਗਾ।