– ਕੇਜਰੀਵਾਲ ਸਿਆਸੀ ਤੇ ਪੈਸੇ ਦੀ ਤਾਕਤ ਹਾਸਲ ਕਰਨ ਵਾਸਤੇ ਕਿਸੇ ਵੀ ਪੱਧਰ ਤੱਕ ਡਿੱਗ ਸਕਦੈ: ਮਨਜਿੰਦਰ ਸਿੰਘ ਸਿਰਸਾ
ਦਾ ਐਡੀਟਰ ਨਿਊਜ਼, ਚੰਡੀਗੜ੍ਹ —– ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਦੋਸ਼ ਲਾਇਆ ਹੈ ਕਿ ਉਹ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਬਣਵਾਉਣਾ ਚਾਹੁੰਦੇ ਹਨ ਅਤੇ ਕਿਹਾ ਕਿ ਆਪ ਦੇ ਆਗੂ ਸਿਆਸੀ ਤੇ ਪੈਸੇ ਦੀ ਤਾਕਤ ਹਾਸਲ ਕਰਨ ਵਾਸਤੇ ਕਿਸੇ ਵੀ ਪੱਧਰ ਤੱਕ ਹੇਠਾਂ ਡਿੱਗ ਸਕਦੇ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਭਾਜਪਾ ਦੇ ਕੌਮੀ ਸਕੱਤਰ ਨੇ ਕਿਹਾ ਕਿ ਇਹ ਦਿੱਲੀ ਦੇ ਸਾਰੇ ਅਮਨ ਤੇ ਨਿਆਂ ਪਸੰਦ ਲੋਕਾਂ ਵਾਸਤੇ ਹੈਰਾਨੀ ਵਾਲੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਹਮੇਸ਼ਾ ਵਾਅਦੇ ਕਰਦੇ ਸਨ ਕਿ 1984 ਦੇ ਸਿੱਖ ਕਤਲੇਆਮ ਕੇਸਾਂ ਦੇ ਦੋਸ਼ੀਆਂ ਨੂੰ ਉਹ ਸੱਤਾ ਵਿਚ ਆਉਣ ’ਤੇ ਉਮਰ ਕੈਦ ਤੇ ਫਾਂਸੀ ਦੀਆਂ ਸਜ਼ਾਵਾਂ ਦੁਆਉਣਗੇ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਆਪਣੀ ਪਹਿਲੀ ਚੋਣ ਵਿਚ ਕਾਂਗਰਸ ਪਾਰਟੀ ਨੂੰ ਹਰਾ ਕੇ ਸੱਤਾ ਦਾ ਸੁਆ ਚੱਖਿਆ ਪਰ ਉਸ ਵਾਸਤੇ ਉਹਨਾਂ ਕੌਮੀ ਰਾਜਧਾਨੀ ਵਿਚ ਕਾਂਗਰਸ ਪਾਰਟੀ ਨਾਲ ਰਲ ਕੇ ਹੀ ਪਹਿਲੀ ਸਰਕਾਰ ਬਣਾਈ।
ਸਰਦਾਰ ਸਿਰਸਾ ਨੇ ਕਿਹਾ ਕਿ ਇਸ ਮਗਰੋਂ ਕੇਜਰੀਵਾਲ ਨੇ ਕਾਂਗਰਸ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਦਿੱਤੇ ਤੇ ਇਹ ਵੀ ਦੋਸ਼ ਲਗਾਏ ਕਿ ਕਾਂਗਰਸ ਪਾਰਟੀ ਆਪਣੇ ਹਿੱਤਾਂ ਦੀ ਖ਼ਾਤਰ ਮੁਲਕ ਨੂੰ ਵੇਚਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਵਾਅਦਾ ਕੀਤਾ ਸੀ ਕਿ ਉਹ ਕਤਲੇਆਮ ਦੇ ਦੋਸ਼ੀਆਂ ਨੂੰ ਉਹਨਾਂ ਵੱਲੋਂ ਕੀਤੇ ਗੁਨਾਹਾਂ ਦੀ ਸਜ਼ਾ ਜ਼ਰੂਰ ਦੁਆਉਣਗੇ ਕਿਉਂਕਿ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਪੁਰਸ਼, ਔਰਤਾਂ ਤੇ ਮਾਸੂਮ ਬੱਚੇ ਦਿੱਲੀ ਤੇ ਹੋਰ ਸ਼ਹਿਰਾਂ ਵਿਚ ਬਿਨਾਂ ਕਸੂਰ ਕਤਲ ਕਰ ਦਿੱਤੇ ਗਏ।
ਸਰਦਾਰ ਸਿਰਸਾ ਨੇ ਕਿਹਾ ਕਿ ਹੁਣ ਸ੍ਰੀ ਅਰਵਿੰਦ ਕੇਜਰੀਵਾਲ ਨੇ ਉਸੇ ਕਾਂਗਰਸ ਪਾਰਟੀ ਨਾਲ ਗਠਜੋੜ ਕਰ ਲਿਆ ਹੈ ਤੇ ਗਠਜੋੜ ਦੇ ਸਮਝੌਤੇ ਵਜੋ਼ 3 ਸੀਟਾਂ ਕੌਮੀ ਰਾਜਧਾਨੀ ਵਿਚ ਕਾਂਗਰਸ ਨੂੰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਜਦੋਂ ਕਾਂਗਰਸ ਪਾਰਟੀ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਇਹਨਾਂ ਸੀਟਾਂ ਤੋਂ ਉਮੀਦਵਾਰ ਬਣਾਏਗੀ ਤਾਂ ਸ੍ਰੀ ਕੇਜਰੀਵਾਲ ਨਾ ਸਿਰਫ ਇਹਨਾਂ ਵਾਸਤੇ ਚੋਣ ਪ੍ਰਚਾਰ ਕਰਨਗੇ ਬਲਕਿ ਇਹਨਾਂ ਵਾਸਤੇ ਵੋਟਾਂ ਵੀ ਮੰਗਣਗੇ ਤਾਂ ਜੋ ਇਹਨਾਂ ਨੂੰ ਉਹਨਾਂ ਹੀ ਸੀਟਾਂ ਤੋਂ ਮੈਂਬਰ ਪਾਰਲੀਮੈਂਟ ਬਣਾਇਆ ਜਾ ਸਕੇ ਜਿਹਨਾਂ ਹਲਕਿਆਂ ਵਿਚ ਇਹਨਾਂ ਨੇ ਹਜ਼ਾਰਾਂ ਬੇਦੋਸ਼ੇ ਸਿੱਖਾਂ ਦਾ ਕਤਲੇਆਮ ਕਰਵਾਇਆ।
ਭਾਜਪਾ ਆਗੂ ਨੇ ਹੋਰ ਕਿਹਾ ਕਿ ਸਿੱਖ ਕੌਮ ਕਦੇ ਵੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਮੁਆਫ ਨਹੀਂ ਕਰੇਗੀ ਤੇ ਇਹਨਾਂ ਦੀਆਂ ਯੋਜਨਾਵਾਂ ਨੂੰ ਕਰੜੇ ਹੱਥੀਂ ਲਿਆ ਜਾਵੇਗਾ ਤੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਸਮੇਤ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਕੌਮੀ ਰਾਜਧਾਨੀ ਵਿਚ ਆਉਂਦੀਆਂ ਪਾਰਲੀਮਾਨੀ ਚੋਣਾਂ ਵਿਚ ਜ਼ਮਾਨਤ ਜ਼ਬਤ ਹੋਣੀ ਯਕੀਨੀ ਬਣਾਈ ਜਾਵੇਗੀ।