ਦਾ ਐਡੀਟਰ ਨਿਊਜ਼, ਮੁਕਤਸਰ —— ਮੁਕਤਸਰ ‘ਚ ਪਿੰਡ ਲੂੰਡੇਵਾਲਾ ਨੇੜਿਓਂ ਲੰਘਦੀ ਰਾਜਸਥਾਨ ਫੀਡਰ ਨਹਿਰ ‘ਚ ਦੋ ਨੌਜਵਾਨਾਂ ਨੇ ਛਾਲ ਮਾਰ ਦਿੱਤੀ, ਜਿਨ੍ਹਾਂ ਨੂੰ ਪਿੰਡ ਵਾਸੀ ਅਤੇ ਪ੍ਰਸ਼ਾਸਨ ਗੋਤਾਖੋਰਾਂ ਦੀ ਮਦਦ ਨਾਲ ਲੱਭਿਆ ਜਾ ਰਿਹਾ ਹੈ। ਦੋਵਾਂ ਦੇ ਪਰਿਵਾਰਾਂ ਵਿੱਚ ਵਿਆਹ ਸੀ। ਦੋਵੇਂ ਨੌਜਵਾਨ ਵਿਆਹ ਦੇ ਕੱਪੜੇ ਖਰੀਦਣ ਜਾ ਰਹੇ ਸਨ। ਦੋਵਾਂ ਦੀ ਪਛਾਣ ਸੁਖਜਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਵਜੋਂ ਹੋਈ ਹੈ।
ਡੀਐਸਪੀ ਜਸਵੀਰ ਸਿੰਘ ਪੰਨੂ ਨੇ ਦੱਸਿਆ ਕਿ ਪਿੰਡ ਵਾਸੀ ਜੱਗਾ ਸਿੰਘ ਨੇ ਦੱਸਿਆ ਕਿ ਨੌਜਵਾਨ ਸੁਖਜਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਮੋਟਰਸਾਈਕਲ ’ਤੇ ਜਾ ਰਹੇ ਸਨ। ਇਸ ਦੌਰਾਨ ਬਾਈਕ ਸਵਾਰ ਸੁਖਜਿੰਦਰ ਸਿੰਘ ਨੇ ਆਪਣੀ ਬਾਈਕ ਸੜਕ ‘ਤੇ ਛੱਡ ਕੇ ਅਚਾਨਕ ਨਹਿਰ ‘ਚ ਛਾਲ ਮਾਰ ਦਿੱਤੀ। ਮਗਰੋਂ ਰਾਜਵਿੰਦਰ ਸਿੰਘ ਵਾਸੀ ਲੂੰਡੇਵਾਲਾ ਨੇ ਵੀ ਉਸ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਜਸਵੀਰ ਸਿੰਘ ਅਤੇ ਐਸਐਚਓ ਗਿੱਦੜਬਾਹਾ ਮੌਕੇ ’ਤੇ ਪੁੱਜੇ ਅਤੇ ਗੋਤਾਖੋਰਾਂ ਦੀ ਮਦਦ ਨਾਲ ਉਕਤ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਡੀਐਸਪੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਪਿੰਡ ਦੇ ਸਰਪੰਚ ਬੇਅੰਤ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸੁਖਜਿੰਦਰ ਸਿੰਘ ਦੇ ਭਰਾ ਦਾ 2 ਫਰਵਰੀ ਨੂੰ ਵਿਆਹ ਸੀ, ਜਿਸ ਲਈ ਦੋਵੇਂ ਨੌਜਵਾਨ ਕੱਪੜੇ ਖਰੀਦਣ ਲਈ ਸਾਈਕਲ ‘ਤੇ ਗਿੱਦੜਬਾਹਾ ਜਾ ਰਹੇ ਸਨ ਤਾਂ ਅਚਾਨਕ ਇਹ ਘਟਨਾ ਵਾਪਰ ਗਈ।