– ਅਦਾਲਤ ਨੇ ਕਿਹਾ- ਇਜ਼ਰਾਈਲ ਫਿਲਸਤੀਨੀਆਂ ਦੀ ਰੱਖਿਆ ਕਰੇ
– ਹਮਲੇ ਰੋਕਣ ਦਾ ਕੋਈ ਹੁਕਮ ਨਹੀਂ
ਦਾ ਐਡੀਟਰ ਨਿਊਜ਼, ਨਵੀਂ ਦਿੱਲੀ —— ਇਜ਼ਰਾਇਲ-ਹਮਾਸ ਜੰਗ ਨੂੰ ਲੈ ਕੇ ਵਿਸ਼ਵ ਅਦਾਲਤ ‘ਚ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਇਜ਼ਰਾਈਲ ਨੂੰ ਹੁਕਮ ਦਿੱਤਾ ਕਿ ਉਹ ਗਾਜ਼ਾ ਪੱਟੀ ਵਿੱਚ ਕਤਲੇਆਮ ਨੂੰ ਰੋਕਣ ਦੀ ਕੋਸ਼ਿਸ਼ ਕਰੇ ਅਤੇ ਇਸ ਮਾਮਲੇ ‘ਤੇ ਠੋਸ ਹੱਲ ਕੱਢੇ। ਇਸ ਦੇ ਲਈ ਇਜ਼ਰਾਈਲ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।

ਅਦਾਲਤ ਨੇ ਕਿਹਾ ਕਿ ਇਜ਼ਰਾਈਲ ਨੂੰ ਗਾਜ਼ਾ ਵਿੱਚ ਨਸਲਕੁਸ਼ੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਗਤੀਵਿਧੀਆਂ ਨੂੰ ਰੋਕਣਾ ਹੋਵੇਗਾ ਅਤੇ ਅਜਿਹਾ ਕਰਨ ਵਾਲਿਆਂ ਨੂੰ ਸਜ਼ਾ ਦੇਣੀ ਹੋਵੇਗੀ। ਇਸ ਤੋਂ ਇਲਾਵਾ ਅਦਾਲਤ ਨੇ ਕਿਹਾ ਕਿ ਇਜ਼ਰਾਈਲ ਨੂੰ ਇਜਾਜ਼ਤ ਦੇਣੀ ਚਾਹੀਦੀ ਹੈ ਤਾਂ ਕਿ ਮਨੁੱਖੀ ਸਹਾਇਤਾ ਗਾਜ਼ਾ ਤੱਕ ਪਹੁੰਚ ਸਕੇ। ਨਾਲ ਹੀ ਕਿਹਾ ਕਿ ਇਜ਼ਰਾਈਲ ਨੂੰ ਫਲਸਤੀਨੀਆਂ ਦੀ ਸੁਰੱਖਿਆ ਕਰਨੀ ਪਵੇਗੀ। ਹਾਲਾਂਕਿ, ਅਦਾਲਤ ਨੇ ਗਾਜ਼ਾ ਵਿੱਚ ਇਜ਼ਰਾਈਲ ਦੀ ਚੱਲ ਰਹੀ ਫੌਜੀ ਕਾਰਵਾਈ ਨੂੰ ਖਤਮ ਕਰਨ ਦਾ ਆਦੇਸ਼ ਨਹੀਂ ਦਿੱਤਾ।
ਦਰਅਸਲ ਦੱਖਣੀ ਅਫਰੀਕਾ ਨੇ ਇਜ਼ਰਾਈਲ ‘ਤੇ ਗਾਜ਼ਾ ‘ਚ ਨਸਲਕੁਸ਼ੀ ਕਰਨ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਅਦਾਲਤ ਨੇ ਇਨ੍ਹਾਂ ਦੋਸ਼ਾਂ ‘ਤੇ ਆਪਣਾ ਫੈਸਲਾ ਨਹੀਂ ਦਿੱਤਾ। ਆਈਸੀਜੇ ਦੀ ਸੁਣਵਾਈ ਗਾਜ਼ਾ ਵਿੱਚ ਇਜ਼ਰਾਈਲ ਦੀ ਫੌਜੀ ਕਾਰਵਾਈ ‘ਤੇ ਕੇਂਦਰਿਤ ਸੀ। ਸੁਣਵਾਈ ਦੌਰਾਨ ਦੱਖਣੀ ਅਫਰੀਕਾ ਨੇ ਗਾਜ਼ਾ ਨੂੰ ਮਦਦ ਮੁਹੱਈਆ ਕਰਵਾਉਣ ਅਤੇ ਹਮਲੇ ਰੋਕਣ ਦੀ ਅਪੀਲ ਕੀਤੀ ਹੈ। ਅਦਾਲਤ ਨੇ 7 ਅਕਤੂਬਰ 2023 ਨੂੰ ਇਜ਼ਰਾਈਲ ਵਿੱਚ ਹਮਲੇ ਦੌਰਾਨ ਅਗਵਾ ਕੀਤੇ ਗਏ ਬੰਧਕਾਂ ਦੀ ਤੁਰੰਤ ਅਤੇ ਬਿਨਾਂ ਸ਼ਰਤ ਰਿਹਾਈ ਲਈ ਵੀ ਕਿਹਾ। ਸੰਯੁਕਤ ਰਾਸ਼ਟਰ ਦੀ ਸਿਖਰਲੀ ਅਦਾਲਤ ਨੇ ਨਸਲਕੁਸ਼ੀ ਦੇ ਅਪਰਾਧ ਦੀ ਰੋਕਥਾਮ ਅਤੇ ਸਜ਼ਾ ਬਾਰੇ ਕਨਵੈਨਸ਼ਨ ਦੇ ਤਹਿਤ ਇਜ਼ਰਾਈਲ ਵਿਰੁੱਧ ਆਰਜ਼ੀ ਉਪਾਵਾਂ (ਅੰਤਰਿਮ ਆਦੇਸ਼) ਦੀ ਬੇਨਤੀ ਕਰਨ ਵਾਲੀ ਦੱਖਣੀ ਅਫਰੀਕਾ ਦੀ ਅਰਜ਼ੀ ਵਿੱਚ ਇਹ ਮਹੱਤਵਪੂਰਨ ਆਦੇਸ਼ ਦਿੱਤਾ। 26 ਜਨਵਰੀ 2024 ਨੂੰ, ਅਦਾਲਤ ਦੇ ਪ੍ਰਧਾਨ ਜੱਜ ਜੋਨ ਈ. ਡੋਨੋਘੂ ਨੇ ਹੁਕਮ ਪੜ੍ਹਿਆ।
ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਇਜ਼ਰਾਈਲ ਦੀਆਂ ਕਾਰਵਾਈਆਂ ਦੇ ਨਤੀਜੇ ਵਜੋਂ 27,000 ਤੋਂ ਵੱਧ ਮੌਤਾਂ, 63,000 ਸੱਟਾਂ, 1.7 ਮਿਲੀਅਨ ਲੋਕਾਂ ਦਾ ਉਜਾੜਾ ਅਤੇ ਕਈ ਘਰਾਂ ਦੀ ਤਬਾਹੀ ਹੋਈ ਹੈ। “ਅਦਾਲਤ ਨੇ ਖਾ ਕਿ ਉਹ ਖੇਤਰ ਵਿੱਚ ਮਨੁੱਖੀ ਦੁਖਾਂਤ ਦੀ ਹੱਦ ਤੋਂ ਜਾਣੂ ਹੈ ਅਤੇ ਲਗਾਤਾਰ ਜਾਨੀ ਨੁਕਸਾਨ ਅਤੇ ਮਨੁੱਖੀ ਦੁੱਖਾਂ ਬਾਰੇ ਡੂੰਘੀ ਚਿੰਤਾ ਹੈ।
ਵਿਸ਼ਵ ਅਦਾਲਤ ਵੱਲੋਂ ਇੱਕ ਵਾਰ ਫੈਸਲਾ ਦਿੱਤੇ ਜਾਣ ਤੋਂ ਬਾਅਦ ਮੁੜ ਅਪੀਲ ਦੀ ਕੋਈ ਪ੍ਰਕਿਰਿਆ ਨਹੀਂ ਹੁੰਦੀ। ਹਾਲਾਂਕਿ, ਅਦਾਲਤ ਕੋਲ ਆਪਣਾ ਫੈਸਲਾ ਲਾਗੂ ਕਰਨ ਦਾ ਕੋਈ ਤਰੀਕਾ ਨਹੀਂ ਹੈ। ਇਜ਼ਰਾਈਲ ਨੇ ਸੁਣਵਾਈ ਦੌਰਾਨ ਦਲੀਲ ਦਿੱਤੀ ਸੀ ਕਿ ਵਿਸ਼ਵ ਅਦਾਲਤ ਨੂੰ ਇਸ ਮਾਮਲੇ ਵਿੱਚ ਫੈਸਲਾ ਦੇਣ ਦਾ ਅਧਿਕਾਰ ਨਹੀਂ ਹੈ। ਉਸ ਨੇ ਦੱਖਣੀ ਅਫਰੀਕਾ ਦੇ ਦੋਸ਼ਾਂ ਨੂੰ ਵੀ ਰੱਦ ਕਰ ਦਿੱਤਾ।
ਇਜ਼ਰਾਈਲ ਦੇ ਕਾਨੂੰਨੀ ਸਲਾਹਕਾਰ ਤਾਲ ਬੇਕਰ ਨੇ ਕਿਹਾ ਸੀ- ਦੱਖਣੀ ਅਫਰੀਕਾ ਨੇ ਜਾਣਬੁੱਝ ਕੇ ਸੱਚਾਈ ਪੇਸ਼ ਕਰਨ ਤੋਂ ਇਨਕਾਰ ਕੀਤਾ ਹੈ। ਕਾਨੂੰਨ ਰਾਹੀਂ ਦੁਨੀਆਂ ਨੂੰ ਗੁੰਮਰਾਹ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਕੀ ਦੱਖਣੀ ਅਫ਼ਰੀਕਾ 7 ਅਕਤੂਬਰ ਨੂੰ ਇਜ਼ਰਾਈਲ ਵਿੱਚ ਦਾਖਲ ਹੋ ਕੇ ਹਮਾਸ ਨੇ ਜੋ ਕੁਝ ਵੀ ਕੀਤਾ, ਉਸਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ?
ਉਥੇ ਹੀ ਹਮਾਸ ਨੇ ਕਿਹਾ- ਜੇਕਰ ਇਜ਼ਰਾਈਲ ਅੰਤਰਰਾਸ਼ਟਰੀ ਅਦਾਲਤ ਦੇ ਜੰਗਬੰਦੀ ਦੇ ਫੈਸਲੇ ਨੂੰ ਸਵੀਕਾਰ ਕਰੇਗਾ ਤਾਂ ਅਸੀਂ ਸਾਰੀਆਂ ਸ਼ਰਤਾਂ ਮੰਨਣ ਲਈ ਤਿਆਰ ਹਾਂ।