ਦਾ ਐਡੀਟਰ ਨਿਊਜ.ਹੁਸ਼ਿਆਰਪੁਰ —– ਅੰਤਰਰਾਸ਼ਟਰੀ ਦਿਵਯਾਂਗ ਦਿਵਸ ਜੋ ਕਿ ਪੂਰੀ ਦੁਨੀਆ 3 ਦਿਸੰਬਰ ਨੂੰ ਮਨਾਉਦੀ ਹੈ ਉਹ ਦਿਵਸ ਹੁਸ਼ਿਆਰਪੁਰ ਪ੍ਰਸ਼ਾਸ਼ਨ ਨੇ 22 ਦਿਸੰਬਰ ਨੂੰ ਮਨਾਇਆ ਤੇ ਇਸ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪੱਧਰੀ ਸਮਾਗਮ ਕਰਨ ਦੇ ਦਿੱਤੇ ਗਏ ਨਿਰਦੇਸ਼ ਤੋਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਡੀ.ਸੀ. ਕੋਮਲ ਮਿੱਤਲ ਭਾਜੂ ਰਹੇ ਜੋ ਕਿ ਇਸ ਸਮਾਗਮ ਵਿੱਚ ਨਾ ਪੁੱਜੇ, ਜਾਣਕਾਰੀ ਮੁਤਾਬਿਕ ਇਸ ਸਮਾਗਮ ਵਿੱਚ ਜਿਲ੍ਹੇ ਭਰ ਤੋਂ ਦਿਵਯਾਂਗਜਨਾਂ ਨੂੰ ਸਵੇਰੇ 10 ਵਜੇ ਫੂਡ ਕਰਾਫ਼ਟ ਇੰਸਟੀਚਿਊਟ ਹੁਸ਼ਿਆਰਪੁਰ ’ਚ ਪੁੱਜਣ ਦਾ ਸੁਨੇਹਾ ਦਿੱਤਾ ਗਿਆ ਸੀ ਤੇ 10.30 ਵਜੇ ਮੁੱਖ ਮਹਿਮਾਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਪੁੱਜਣਾ ਸੀ ਤੇ ਫਿਰ ਡੀ.ਸੀ. ਕੋਮਲ ਮਿੱਤਲ ਦੀ ਅਗਵਾਈ ਹੇਠ ਸਮਾਗਮ 12 ਵਜੇ ਤੱਕ ਚੱਲਣਾ ਸੀ ਲੇਕਿਨ ਦੁਪਹਿਰ 12 ਵਜੇ ਤੱਕ ਨਾ ਤਾਂ ਮੰਤਰੀ ਪੁੱਜੇ ਤੇ ਨਾ ਖੁਦ ਡੀ.ਸੀ. ਜਿਸ ਕਾਰਨ ਦਿਵਯਾਂਗਜਨਾਂ ਵਿੱਚ ਨਿਰਾਸ਼ਾ ਦਾ ਆਲਮ ਰਿਹਾ ਤੇ ਆਖਿਰ ਦੁਪਹਿਰ 12.30 ਵਜੇ ਮੌਕੇ ’ਤੇ ਮੌਜੂਦ ਦੂਸਰੇ ਅਧਿਕਾਰੀਆਂ ਨੇ ਹੀ ਸਮਾਗਮ ਦੀ ਸ਼ੁਰੂਆਤ ਕਰਵਾਈ।
ਸਮਾਗਮ ਵਿੱਚ ਪੁੱਜੇ ਹੋਏ ਦਿਵਯਾਂਗਜਨ ਜਿਨ੍ਹਾਂ ਵਿੱਚੋ ਬਹੁਤੇ ਵਹੀਲਚੇਅਰ ਉੱਪਰ ਆਏ ਹੋਏ ਸਨ ਨੂੰ ਸਮਾਗਮ ਵਿੱਚ ਹੋਈ ਘੰਟਿਆਂ ਦੀ ਦੇਰੀ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੇ ਸਮਾਗਮ ਦੇ ਆਖਿਰ ਵਿੱਚ ਇਹ ਲੋਕ ਪੰਜਾਬ ਸਰਕਾਰ ਦੇ ਮੰਤਰੀ ਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਕੋਸਦੇ ਦਿਖਾਈ ਦਿੱਤੇ। ਸਮਾਗਮ ਨੂੰ ਸੰਭਾਲਦੇ ਹੋਏ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡੁਮਾਣਾ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ ਵਲੋਂ ਹਾਜ਼ਰ ਵਿਦਿਆਂਗਜਨਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਤੋਂ ਜਾਣੂ ਕਰਵਾਇਆ ਗਿਆ।

ਇਸ ਮੌਕੇ ਨੈਸ਼ਨਲ ਐਵਾਰਡੀ ਇੰਦਰਜੀਤ ਕੌਰ ਨੰਦਨ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ ਗਏ। ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਦੀ ਨੈਸ਼ਨਲ ਟਰੱਸਟ ਮੈਂਟਲ ਡਿਸਬਿਲਟੀ ਦੇ ਮੈਂਬਰ ਜਰਨੈਲ ਸਿੰਘ ਧੀਰ ਨੇ ਅੰਤਰਰਸ਼ਟਰੀ ਦਿਵਿਆਂਗਜਨ ਦਿਵਸ ਦੇ ਇਤਿਹਾਸ ਸਬੰਧੀ ਜਾਣਕਾਰੀ ਦਿੱਤੀ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮਨਪ੍ਰੀਤ ਸਿੰਘ ਵਲੋਂ ਇਸ ਦੌਰਾਨ ਦਿਵਿਆਂਗਜਨ ਵਿਦਿਆਰਥੀਆਂ ਨੂੰ ਸਵੈਟਰ ਵੀ ਵੰਡੇ ਗਏ। ਇਸ ਮੌਕੇ ਸੀ.ਡੀ.ਪੀ.ਓ ਪਰਮਜੀਤ ਕੌਰ, ਦਿਆ ਰਾਣੀ, ਜਸਵਿੰਦਰ ਕੌਰ, ਸੁਪਰਵਾਈਜ਼ਰ ਰਵਿੰਦਰ ਕੌਰ, ਪ੍ਰਦੀਪ ਕੁਮਾਰ, ਕਰਨੈਲ ਸਿੰਘ, ਜਸਵਿੰਦਰ ਸਿੰਘ ਸਹੋਤਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।