ਪਰਮਿੰਦਰ ਸਿੰਘ ਬਰਿਆਣਾ
ਦਾ ਐਡੀਟਰ ਨਿਊਜ਼, ਮਾਨਸਾ ——– ਪੰਜਾਬੀ ਦੇ ਮਰਹੂਮ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਮਰਡਰ ਕੇਸ ‘ਚ ਜੱਗੂ ਭਗਵਾਨਪੁਰੀਆ ਨੇ ਮਾਨਸਾ ਦੀ ਇੱਕ ਅਦਾਲਤ ‘ਚ ਇੱਕ ਅਰਜ਼ੀ ਦਾਇਰ ਕਰਕੇ ਜਿਥੇ ਪੰਜਾਬ ਪੁਲਿਸ ਦੀਆਂ ਇਸ ਕੇਸ ‘ਚ ਜਾਂਚ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ, ਉੱਥੇ ਹੀ ਉਸ ਨੇ ਅਦਾਲਤ ਪਾਸੋਂ ਉਸ ਨੂੰ ਸਿੱਧੂ ਮੂਸੇਵਾਲਾ ਮਰਡਰ ਕੇਸ ‘ਚੋਂ ਡਿਸਚਾਰਜ ਕਰਨ ਦੀ ਮੰਗ ਕੀਤੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਨੇ ਵੀ ਇਸ ਕੇਸ ‘ਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕਰਦਿਆਂ ਉਸ ਨੇ ਇਸ ਕੇਸ ‘ਚੋਂ ਡਿਸਚਾਰਜ ਕਰਨ ਦੀ ਅਰਜ਼ੀ ਦਾਇਰ ਕੀਤੀ ਹੈ।
ਪਤਾ ਲੱਗਾ ਹੈ ਕਿ ਜੱਗੂ ਭਗਵਾਨਪੁਰੀਆ ਦੀ ਅਰਜ਼ੀ ਨਾਮੀ ਵਕੀਲ ਡਾ. ਸ਼ੈਲੀ ਸ਼ਰਮਾ ਵੱਲੋਂ ਦਾਇਰ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 235 ਸਫ਼ਿਆਂ ਦੀ ਦਾਇਰ ਕੀਤੀ ਗਈ ਅਰਜ਼ੀ ‘ਚ ਜੱਗੂ ਭਗਵਾਨਪੁਰੀਆ ਨੇ ਪ੍ਰਮੁੱਖ ਤੌਰ ‘ਤੇ ਪੰਜਾਬ ਪੁਲਿਸ ਵੱਲੋਂ ਦਾਇਰ ਕੀਤੀ ਗਈ ਜਾਂਚ ਤੋਂ ਬਾਅਦ ਜਿਹੜੀ ਚਾਰਜਸ਼ੀਟ ਦਾਇਰ ਕੀਤੀ ਗਈ ਉਸ ਨੂੰ ਹੀ ਆਪਣੀ ਬੇਗੁਨਾਹੀ ਦਾ ਆਧਾਰ ਬਣਾਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਜੱਗੂ ਨੇ ਅਦਾਲਤ ‘ਚ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਪੁਲਿਸ ਦੀ ਜਾਂਚ ‘ਚ ਕੋਈ ਵੀ ਅਜੇਹੀ ਕੜੀ ਨਹੀਂ ਹੈ, ਜਿਹੜੀ ਇਹ ਗੱਲ ਸਾਬਤ ਕਰਦੀ ਹੋਵੇ ਕਿ ਉਸ (ਜੱਗੂ ਭਗਵਾਨਪੁਰੀਆ) ਦੀ ਭੂਮਿਕਾ ਦਰਸਾਉਂਦੀ ਹੋਵੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਜੱਗੂ ਨੂੰ ਮਨਮੋਹਨ ਸਿੰਘ ਮੋਹਣਾ ਦੇ ਬਿਆਨਾਂ ‘ਤੇ ਹੀ ਇਸ ਮਾਮਲੇ ‘ਚ ਨਾਮਜ਼ਦ ਕੀਤਾ ਸੀ। ਜਿਸ ‘ਚ ਉਸ ਨੇ ਪੁਲਿਸ ਨੂੰ ਕਿਹਾ ਸੀ ਕਿ ਉਹ ਜੇਲ੍ਹ ‘ਚੋਂ ਜੱਗੂ ਅਤੇ ਲਾਰੈਂਸ ਨਾਲ ਸੰਪਰਕ ‘ਚ ਸੀ। ਜਿਹੜਾ ਫੋਨ ਉਸ ਨੇ ਪੁਲਿਸ ਨੂੰ ਬਰਾਮਦ ਕਰਵਾ ਦਿੱਤਾ ਸੀ। ਜਦ ਕਿ ਤਫਤੀਸ ਦੌਰਾਨ ਉਸ ਫੋਨ ‘ਚ ਕੋਈ ਵੀ ਅਜਿਹਾ ਲਿੰਕ ਨਹੀਂ ਮਿਲਿਆ ਜਿਹੜਾ ਕਿ ਜੱਗੂ ਭਗਵਾਨਪੁਰੀਆ ਨੂੰ ਇਸ ਕੇਸ ਨਾਲ ਜੋੜਦਾ ਹੋਵੇ ਅਤੇ ਨਾ ਹੀ ਪੁਲਿਸ ਨੇ ਜੱਗੂ ਕੋਲੋਂ ਕੋਈ ਅਜਿਹਾ ਫੋਨ ਬਰਾਮਦ ਕੀਤਾ ਜਿਸ ਰਾਹੀਂ ਉਸ ਦਾ ਕੋਈ ਲਿੰਕ ਸਾਬਿਤ ਹੁੰਦਾ ਹੋਵੇ। ਉਥੇ ਦੂਸਰੇ ਪਾਸੇ ਪੁਲਿਸ ਨੇ ਸ਼ੁਰੂਆਤੀ ਦਿਨਾਂ ‘ਚ ਇਹ ਵੀ ਦਾਅਵਾ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ ਨੇ ਪੁਲਿਸ ਪਾਸ ਇਹ ਗੱਲ ਮੰਨੀ ਹੈ ਕਿ ਸਿੱਧੂ ਮੂਸੇਵਾਲਾ ਮਰਡਰ ਕੇਸ ‘ਚ ਜੱਗੂ ਭਗਵਾਨਪੁਰੀਏ ਦਾ ਹੱਥ ਹੈ, ਲੇਕਿਨ ਜਿਹੜੀ ਪੁਲਿਸ ਦੀ ਤਫਤੀਸ ਹੁਣ ਸਾਹਮਣੇ ਆਈ ਹੈ ਉਸ ‘ਚ ਲਾਰੈਂਸ ਬਿਸ਼ਨੋਈ ਦੀ ਜਿਹੜੀ ਸਟੇਟਮੈਂਟ ਸਾਹਮਣੇ ਆਈ ਉਸ ‘ਚ ਲਾਰੇਂਸ ਨੇ ਕਿਤੇ ਵੀ ਸਿੱਧੂ ਮੂਸੇਵਾਲਾ ਮਰਡਰ ਕੇਸ ਦਾ ਜ਼ਿਕਰ ਨਹੀਂ ਕੀਤਾ, ਸਿਰਫ ਉਸ ਨੇ ਇਹ ਦਾਅਵਾ ਕੀਤਾ ਕਿ ਲਾਰੈਂਸ ਨੇ ਪੁਲਿਸ ਪਾਸ ਇਹ ਮੰਨਿਆ ਕਿ ਉਸ ਨੇ ਜੱਗੂ ਭਗਵਾਨ ਪੁਰੀਆ ਨੂੰ ਜਿਹੜੇ ਦੋ ਸ਼ੂਟਰ ਦਿੱਤੇ ਹਨ ਉਹ ਰਾਣਾ ਕਾਦੋਵਾਲੀਆਂ ਨੂੰ ਮਾਰਨ ਲਈ ਦਿੱਤੇ ਸਨ ਨਾ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ।
ਇਸ ਦਿੱਤੀ ਗਈ ਅਰਜ਼ੀ ‘ਚ ਜੇਲ੍ਹ ਵਿਭਾਗ ਦੀ ਇਸ ਗੱਲ ਦਾ ਵੀ ਹਵਾਲਾ ਦਿੱਤਾ ਗਿਆ ਹੈ ਕਿ ਜਿਸ ‘ਚ ਜੇਲ੍ਹ ਵਿਭਾਗ ਨੇ ਦਾਅਵਾ ਕੀਤਾ ਸੀ ਕਿ ਜੇਲ੍ਹ ਮੋਬਾਈਲ ਦਾ ਨੈੱਟਵਰਕ ਡਰਾਈ ਏਰੀਆ ਸੀ, ਫੇਰ ਜੇਲ੍ਹ ‘ਚ ਬੈਠ ਕੇ ਇਸ ਹੱਤਿਆ ਨੂੰ ਕਿਸ ਤਰੀਕੇ ਨਾਲ ਅੰਜਾਮ ਦਿੱਤਾ ਗਿਆ। ਉਥੇ ਹੀ ਲਾਰੈਂਸ ਅਤੇ ਜੱਗੂ ਨੂੰ ਤਿਹਾੜ ਜੇਲ੍ਹ ਦਾ ਵੀ ਹਵਾਲਾ ਦਿੰਦਿਆਂ ਕਿਹਾ ਕਿ ਤਿਹਾੜ ਜੇਲ੍ਹ ‘ਚ ਵੀ ਉਹ ਅਲੱਗ-ਅਲੱਗ ਸਨ ਅਤੇ ਨਾ ਹੀ ਉਥੇ ਉਨ੍ਹਾਂ ਦਾ ਆਪਸ ‘ਚ ਕੋਈ ਸੰਪਰਕ ਸੀ ਅਤੇ ਨਾ ਹੀ ਪੁਲਿਸ ਆਪਣੀ ਜਾਂਚ ‘ਚ ਸਾਬਿਤ ਕਰ ਸਕੀ ਕਿ ਸਿੱਧੂ ਮੂਸੇਵਾਲਾ ਦੇ ਮਰਡਰ ਦੀ ਸਾਜਿਸ਼ ਤਿਹਾੜ ਜੇਲ੍ਹ ‘ਚ ਰਚੀ ਗਈ ਹੋਵੇ। ਜੇਕਰ ਅਦਾਲਤ ‘ਚ ਇਹ ਗੱਲਾਂ ਸਾਬਿਤ ਹੋ ਜਾਂਦੀਆਂ ਨੇ ਤਾਂ ਸਿੱਧੂ ਮਰਡਰ ਕੇਸ ‘ਚ ਵੱਡਾ ਮੋੜ ਸਾਬਿਤ ਹੋਣਗੀਆਂ ਅਤੇ ਉਥੇ ਹੀ ਇਹ ਮਾਮਲਾ ਪੰਜਾਬ ਪੁਲਿਸ ਲਈ ਵੱਡੀ ਨਾਮੋਸ਼ੀ ਦਾ ਸਬੱਬ ਬਣੇਗਾ। ਇਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਪੁਲਿਸ ਦੀ ਜਾਂਚ ‘ਤੇ ਸਵਾਲ ਉਠਾਉਂਦੇ ਰਹੇ ਹਨ ਅਤੇ ਉਹ ਲਗਾਤਾਰ ਇਸ ਕੇਸ ਦੀ ਸੀਬੀਆਈ ਤੋਂ ਜਾਂਚ ਦੀ ਮੰਗ ਕਰ ਰਹੇ ਹਨ।
ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਲਾਰੈਂਸ ਨੇ ਭਾਵੇਂ ਡਿਸਚਾਰਜ ਦੀ ਅਰਜ਼ੀ ਲਾਈ ਹੈ ਪਰ ਉਹ ਆਪਣੀ ਇੰਟਰਵਿਊ ‘ਚ ਮੰਨ ਚੁੱਕਿਆ ਹੈ ਕਿ ਸਿੱਧੂ ਮੂਸੇਵਾਲਾ ਦਾ ਮਰਡਰ ਉਸ ਨੇ ਕੀਤਾ ਹੈ।