ਦਾ ਐਡੀਟਰ ਨਿਊਜ਼, ਮੱਧ ਪ੍ਰਦੇਸ਼ —– ਮੱਧ ਪ੍ਰਦੇਸ਼ ‘ਚ ਮੁੱਖ ਮੰਤਰੀ ਦਾ ਅਹੁਦਾ ਕੌਣ ਸੰਭਾਲੇਗਾ, ਇਸ ਨੂੰ ਲੈ ਕੇ ਕਈ ਦਿਨਾਂ ਤੋਂ ਚੱਲ ਰਿਹਾ ਸਸਪੈਂਸ ਅੱਜ ਖਤਮ ਹੋ ਗਿਆ। ਵਿਧਾਇਕ ਦਲ ਦੀ ਬੈਠਕ ‘ਚ ਮੋਹਨ ਯਾਦਵ ਦੇ ਨਾਂ ‘ਤੇ ਸਹਿਮਤੀ ਬਣ ਗਈ ਹੈ। ਮੋਹਨ ਯਾਦਵ ਉਜੈਨ ਦੱਖਣ ਤੋਂ ਵਿਧਾਇਕ ਹਨ। ਮੋਹਨ ਯਾਦਵ ਨੂੰ ਸੰਘ ਦਾ ਕਰੀਬੀ ਦੱਸਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਸ਼ਿਵਰਾਜ ਸਿੰਘ ਚੌਹਾਨ ਨੇ ਵਿਧਾਇਕ ਦਲ ਦੀ ਬੈਠਕ ‘ਚ ਮੋਹਨ ਯਾਦਵ ਦੇ ਨਾਂ ਦਾ ਪ੍ਰਸਤਾਵ ਰੱਖਿਆ ਸੀ। ਇਸ ਐਲਾਨ ਨਾਲ ਸਾਰੀਆਂ ਕਿਆਸਅਰਾਈਆਂ ਖ਼ਤਮ ਹੋ ਗਈਆਂ ਹਨ। ਹੁਣ ਮੱਧ ਪ੍ਰਦੇਸ਼ ਸੂਬੇ ਦੀ ਕਮਾਨ ਮੋਹਨ ਯਾਦਵ ਦੇ ਹੱਥਾਂ ਵਿੱਚ ਹੋਵੇਗੀ।
ਇਸ ਅਹਿਮ ਫੈਸਲੇ ਤੋਂ ਪਹਿਲਾਂ ਭਾਜਪਾ ਹਾਈਕਮਾਂਡ ਨੇ ਅੱਜ ਅਬਜ਼ਰਵਰਾਂ ਦੀ ਟੀਮ ਭੋਪਾਲ ਭੇਜੀ ਸੀ। ਇਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਆਸ਼ਾ ਲਾਕੜਾ ਅਤੇ ਕੇ ਲਕਸ਼ਮਣ ਦੇ ਨਾਂ ਸ਼ਾਮਲ ਹਨ।

ਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਦੀ ਦੌੜ ਵਿੱਚ ਸੀਐਮ ਸ਼ਿਵਰਾਜ ਸਿੰਘ ਚੌਹਾਨ ਦੇ ਨਾਲ ਜਯੋਤਿਰਾਦਿਤਿਆ ਸਿੰਧੀਆ, ਨਰਿੰਦਰ ਸਿੰਘ ਤੋਮਰ, ਕੈਲਾਸ਼ ਵਿਜੇਵਰਗੀਆ, ਪ੍ਰਹਿਲਾਦ ਪਟੇਲ ਅਤੇ ਵੀਡੀ ਸ਼ਰਮਾ ਦੇ ਨਾਮ ਸ਼ਾਮਲ ਸਨ।
ਦੱਸ ਦੇਈਏ ਕਿ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਭਾਰੀ ਬਹੁਮਤ ਹਾਸਲ ਕੀਤਾ ਸੀ। ਸੂਬੇ ‘ਚ ਜਿੱਥੇ ਕਾਂਗਰਸ ਅਤੇ ਭਾਜਪਾ ਵਿਚਾਲੇ ਕਰੀਬੀ ਮੁਕਾਬਲਾ ਦੱਸਿਆ ਜਾ ਰਿਹਾ ਹੈ। ਉਥੇ ਕਾਂਗਰਸ ਦਾ ਸਫਾਇਆ ਹੋ ਗਿਆ। ਮੱਧ ਪ੍ਰਦੇਸ਼ ‘ਚ ਭਾਜਪਾ ਨੇ 163 ਸੀਟਾਂ ‘ਤੇ ਜਿੱਤ ਹਾਸਲ ਕੀਤੀ, ਜਦਕਿ ਕਮਲਨਾਥ ਦੇ ਚਿਹਰੇ ‘ਤੇ ਲੜ ਰਹੀ ਕਾਂਗਰਸ ਸਿਰਫ 66 ਸੀਟਾਂ ‘ਤੇ ਹੀ ਸਿਮਟ ਗਈ।