ਦਾ ਐਡੀਟਰ ਨਿਊਜ਼. ਹੁਸ਼ਿਆਰਪੁਰ ——- ਹੁਸ਼ਿਆਰਪੁਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਮਾਈਨਿੰਗ ਸਰਗਨਾ ਸਤਵੀਰ ਸਿੰਘ ਸੰਨੀ ਲੰਬੜ, ਜਸਵਿੰਦਰ ਸਿੰਘ ਸੋਨੂੰ ਵਾਸੀ ਹਰਿਆਣਾ ਅਤੇ ਉਸ ਦੇ ਸਾਥੀਆਂ ’ਤੇ ਸਖਤ ਕਾਰਵਾਈ ਕੀਤੀ ਹੈ ਜਿਸ ਤਹਿਤ ਚਡਿਆਲ ਚੋਅ ਵਿਚੋਂ ਨਾਜਾਇਜ਼ ਮਾਈਨਿੰਗ ਕਰਨ ਵਾਲੇ 6 ਟਿੱਪਰ ਤੇ 2 ਜੇਸੀਬੀ ਮਸ਼ੀਨਾਂ ਕਾਬੂ ਕਰ ਲਈਆਂ ਗਈਆਂ ਹਨ, ਇਸ ਕਾਰਵਾਈ ਦੌਰਾਨ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਏ ਹਨ ਪਰ ਪੁਲਸ ਨੇ ਉਕਤ ਮਸ਼ੀਨਰੀ ਨੂੰ ਕਬਜ਼ੇ ’ਚ ਲੈ ਕੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਸੰਨੀ ਲੰਬੜ ’ਤੇ ਪੁਲਿਸ ਨੇ ਮਾਮੂਲੀ ਧਾਰਾ ਲਗਾ ਕੇ ਪਰਚਾ ਦਰਜ ਕੀਤਾ ਸੀ ਲੇਕਿਨ ਪਰਚਾ ਦਰਜ ਹੋਣ ਤੋਂ ਦੋ-ਤਿੰਨ ਦਿਨਾਂ ਬਾਅਦ ਹੀ ਸੰਨੀ ਲੰਬੜ ਨੇ ਇਸ ਏਰੀਏ ’ਚੋਂ ਫਿਰ ਗੈਰ ਕਾਨੂੰਨੀ ਮਾਈਨਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ, ਕਿਉਂਕਿ ਗੈਰਕਾਨੂੰਨੀ ਮਾਈਨਿੰਗ ਵਿਚੋਂ ਹੋ ਰਹੀ ਕਮਾਈ ਦਾ ਵੱਡਾ ਹਿੱਸਾ ਕੁਝ ਪੁਲਿਸ ਅਧਿਕਾਰੀਆਂ ਨੂੰ ਜਾ ਰਿਹਾ ਸੀ।
ਹੁਣ ਵੀ ਇਹ ਕਾਰਵਾਈ ਹਲਕਾ ਸ਼ਾਮਚੁਰਾਸੀ ਦੇ ਆਪ ਵਿਧਾਇਕ ਡਾ. ਰਵਜੋਤ ਸਿੰਘ ਵੱਲੋਂ ਦਿਖਾਈ ਗਈ ਸਖਤੀ ਪਿੱਛੋ ਹੋਈ ਦੱਸੀ ਜਾ ਰਹੀ ਹੈ ਜਿਨ੍ਹਾਂ ਨੇ ਮਾਈਨਿੰਗ ਮਾਫੀਆ ਨੂੰ ਸਿੱਧਾ ਸੰਦੇਸ਼ ਦਿੱਤਾ ਹੈ ਕਿ ਗੈਰਕਾਨੂੰਨੀ ਮਾਈਨਿੰਗ ਕਿਸੇ ਨੂੰ ਨਹੀਂ ਕਰ ਦਿੱਤੀ ਜਾਵੇਗੀ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਾ ਐਡੀਟਰ ਨਿਊਜ਼ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਕਿਸ ਤਰ੍ਹਾਂ ਲੰਬੜ ਨੇ ਕਰੋੜਾਂ ਰੁਪਏ ਦੀ ਗੈਰ ਕਾਨੂੰਨੀ ਮਾਈਨਿੰਗ ਕਰਕੇ ਕਈਆਂ ਪਿੰਡਾਂ ਨੂੰ ਹੜ੍ਹਾਂ ਦੀ ਮਾਰ ਹੇਠ ਲੈ ਆਂਦਾ ਹੈ ਕਿਉਂਕਿ ਚੋਅ ਵਿੱਚ ਲੱਗਾ ਹੋਇਆ ਬੰਨ੍ਹ ਵੀ ਇਨ੍ਹਾਂ ਲੋਕਾਂ ਨੇ ਗਾਇਬ ਕਰ ਦਿੱਤਾ ਹੈ। ਡੀਐਸਪੀ (ਦਿਹਾਤੀ) ਤਲਵਿੰਦਰ, ਸੀਆਈਏ ਇੰਚਾਰਜ ਬਲਵਿੰਦਰ ਪਾਲ ਅਤੇ ਥਾਣਾ ਸਦਰ ਦੇ ਇੰਚਾਰਜ ਐਸਆਈ ਜਸਵੰਤ ਸਿੰਘ, ਮਾਈਨਿੰਗ ਵਿਭਾਗ ਦੇ ਐਸਡੀਓ ਕਰਨਦੀਪ ਸਿੰਘ, ਇੰਸਪੈਕਟਰ ਮਨਿੰਦਰ ਸਿੰਘ, ਆਕਾਸ਼ ਅਤੇ ਇੰਸਪੈਕਟਰ ਆਯੂਸ਼ ਦੀ ਅਗਵਾਈ ਵਿੱਚ ਪੁਲੀਸ ਨੇ ਇਹ ਕਾਰਵਾਈ ਕੀਤੀ ਹੈ।

ਡੀਐਸਪੀ ਤਲਵਿੰਦਰ ਨੇ ਦੱਸਿਆ ਕਿ ਐਸਐਸਪੀ ਸੁਰਿੰਦਰ ਲਾਂਬਾ ਦੀਆਂ ਹਦਾਇਤਾਂ ’ਤੇ ਕਾਰਵਾਈ ਕਰਦਿਆਂ ਸਾਰੀ ਮਸ਼ੀਨਰੀ ਜ਼ਬਤ ਕਰਕੇ ਥਾਣਾ ਬੁੱਲੋਵਾਲ ਵਿਖੇ ਖੜ੍ਹੀ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਮਾਈਨਿੰਗ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਜਿਸ ਸਮੇਂ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਤਦ ਵੀ ਇਸ ਸੰਨੀ ਲੰਬੜ ਨੇ ਪਿੰਡ ਢੱਕੀ ਨਜ਼ਦੀਕ ਵੱਡੇ ਪੱਧਰ ’ਤੇ ਨਜਾਇਜ ਮਾਈਨਿੰਗ ਕੀਤੀ ਸੀ ਤੇ ਉਸ ਸਮੇਂ ਵੀ ਪੁਲਿਸ ਵੱਲੋਂ ਕੀਤੀ ਕਾਰਵਾਈ ਪਿੱਛੋ ਇਸ ਨੂੰ ਜੇਲ੍ਹ ਜਾਣਾ ਪਿਆ ਸੀ, ਇਸ ਤਰ੍ਹਾਂ ਸਪੱਸ਼ਟ ਹੈ ਕਿ ਸੂਬੇ ਵਿੱਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਪਰ ਇਸ ਤਰ੍ਹਾਂ ਦੇ ਮਾਈਨਿੰਗ ਮਾਫੀਏ ਅਧਿਕਾਰੀਆਂ ਨਾਲ ਮਿਲ ਕੇ ਚੋਰੀ ਦਾ ਆਪਣਾ ਬਿਜਨਿਸ ਜਾਰੀ ਰੱਖਦੇ ਹਨ।