ਦਾ ਐਡੀਟਰ ਨਿਊਜ਼, ਅੰਮ੍ਰਿਤਸਰ ———- ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਐਮ ਪੀ ਗੁਰਜੀਤ ਸਿੰਘ ਔਜਲਾ ਦੀ ਇੱਕ ਤਸਵੀਰ ਫਿਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਨਾਲ ਹੀ ਇਹ ਚਰਚਾ ਛਿੜੀ ਹੋਈ ਹੈ ਕਿ ਗੁਰਜੀਤ ਸਿੰਘ ਔਜਲਾ ਕਦ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ‘ਚ ਜਾਣਗੇ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੰਮ੍ਰਿਤਸਰ ‘ਚ ਕਰਵਾਏ ਗਏ ਨਸ਼ਿਆਂ ਵਿਰੋਧੀ ਅਰਦਾਸ ਸਮਾਗਮ ‘ਚ ਗੁਰਜੀਤ ਔਜਲਾ ਦੀ ਤਸਵੀਰ ਵਾਇਰਲ ਹੋ ਗਈ। ਜਿਸ ‘ਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਅਕਾਲ ਤਾਖਤ ਸਾਹਿਬ ਅੱਗੇ ਖੜ੍ਹੇ ਹੋ ਕੇ ਅਰਦਾਸ ਕਰ ਰਹੇ ਹਨ, ਉਥੇ ਹੀ ਗੁਰਜੀਤ ਔਜਲਾ ਵੀ ਅਰਦਾਸ ‘ਚ ਅੰਤਰ-ਮੁਗਧ ਹੋਏ ਦਿਸ ਰਹੇ ਹਨ।
ਇਹ ਤਸਵੀਰ ਉਸ ਸਮੇਂ ਸਾਹਮਣੇ ਆਈ ਹੈ, ਜਦੋਂ ਪੰਜਾਬ ‘ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਹਰ ਰੋਜ਼ ਮੇਹਣੋ-ਮੇਹਣੀ ਹੋ ਰਹੇ ਹਨ ਅਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਸ ਸਮਾਗਮ ‘ਚ ਕਾਂਗਰਸੀ ਐਮ ਪੀ ਆਪ ਨਾਲ ਮਿਲ ਕੇ ਅਰਦਾਸਾਂ ਕਰ ਰਹੇ ਹਨ ਅਤੇ ਉਸੇ ਸਮਾਗਮ ਦਾ ਕਾਂਗਰਸ ਪਾਰਟੀ ਵਿਰੋਧ ਕਰ ਰਹੀ ਸੀ ਕਿ ਆਮ ਆਦਮੀ ਪਾਰਟੀ ਅਜਿਹਾ ਕਰਕੇ ਡਰਾਮਾ ਕਰ ਰਹੀ ਹੈ। ਗੁਰਜੀਤ ਔਜਲਾ ਦੇ ਬੇਹੱਦ ਕਰੀਬੀ ਨੇ ਦਾ ਐਡੀਟਰ ਨਿਊਜ਼ ਨੂੰ ਦੱਸਿਆ ਕਿ ਔਜਲਾ ਸਾਰੇ ਸਮਾਗਮ ਦੌਰਾਨ ਮੂੰਹ ‘ਤੇ ਕੇਸਰੀ ਮਾਸਕ ਪਾ ਕੇ ਘੁੰਮਦੇ ਰਹੇ ਤਾਂ ਜੋ ਉਨ੍ਹਾਂ ਦਾ ਪਹਿਚਾਣ ਨਾ ਹੋ ਸਕੇ। ਲੇਕਿਨ ਜਦ ਉਹ ਅਕਾਲ ਤਖਤ ਸਾਹਿਬ ਪੁੱਜੇ ਤਾਂ ਉਨ੍ਹਾਂ ਨੂੰ ਆਪਣਾ ਮਾਸਕ ਉਤਾਰਨਾ ਪਿਆ।

ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਦਾ ਐਡੀਟਰ ਨਿਊਜ਼ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਔਜਲਾ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ‘ਚ ਜਾ ਸਕਦੇ ਹਨ। ਜਿਸ ‘ਤੇ ਉਸ ਸਮੇਂ ਤਿੱਖਾ ਪ੍ਰਤੀਕਰਮ ਦਿੰਦਿਆਂ ਔਜਲਾ ਨੇ ਦਾ ਐਡੀਟਰ ਨਿਊਜ਼ ਦਾ ਖੰਡਨ ਕੀਤਾ ਸੀ ਉਥੇ ਹੀ ਉਨ੍ਹਾਂ ਨੇ ਦਾ ਐਡੀਟਰ ਨਿਊਜ਼ ‘ਤੇ ਕੇਸ ਕਰਨ ਦੀ ਧਮਕੀ ਵੀ ਦਿੱਤੀ ਸੀ। ਇਸ ਸੰਬੰਧੀ ਜਦ ਕਾਂਗਰਸ ਦਾ ਪੱਖ ਜਾਨਣ ਲਈ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਨਾ ਤਾਂ ਉਨ੍ਹਾਂ ਨੂੰ ਇਸ ਸਮਾਗਮ ਬਾਰੇ ਜਾਣਕਾਰੀ ਅਤੇ ਨਾ ਹੀ ਔਜਲਾ ਦੇ ਸਮਾਗਮ ‘ਚ ਜਾਣ ਬਾਰੇ ਪਤਾ ਹੈ। ਜਦ ਕਾਂਗਰਸ ਦੇ ਹਰਦੀਪ ਸਿੰਘ ਕਿੰਗਰਾ ਨਾਲ ਸੰਪਰਕ ਕੀਤਾ ਤਾਂ ਉਹ ਗੁਰਜੀਤ ਔਜਲਾ ਦਾ ਪੱਖ ਪੂਰਦੇ ਨਜ਼ਰ ਆਏ ਅਤੇ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਸਮਾਗਮ ‘ਚ ਬਤੌਰ ਮੈਂਬਰ ਪਾਰਲੀਮੈਂਟ ਬੁਲਾਇਆ ਹੋਵੇਗਾ।
ਹਾਲਾਂਕਿ ਇਸ ਮਸਲੇ ‘ਤੇ ਕੁਝ ਕਾਂਗਰਸੀਆਂ ਦਾ ਕਹਿਣਾ ਹੈ ਕਿ ਔਜਲਾ ਦੇ ਹਾਲਾਤ ਤਾਂ ਉਸ ਮੁਰਗੀ ਵਰਗੇ ਹੋ ਗਏ ਜਿਹੜੀ ਕੁੜ-ਕੁੜ ਤਾਂ ਕਿਤੇ ਕਰਦੀ ਹੈ ਅਤੇ ਆਂਡੇ ਕਿਤੇ ਦਿੰਦੀ ਹੈ।