- ਸੰਗਰੂਰ ਪੁਲਿਸ ਨੇ ਲਹਿਰਾਗਾਗਾ ਵਿਖੇ ਹੋਏ ਅੰਨ੍ਹੇ ਕਤਲ ਦੀ ਸੁਲਝਾਈ ਗੁੱਥੀ
- ਤਿੰਨ ਦੋਸ਼ੀ ਗ੍ਰਿਫ਼ਤਾਰ,ਚਾਂਦੀ ਅਤੇ ਬਨਾਵਟੀ ਗਹਿਣੇ ਵੀ ਬਰਾਮਦ,ਤਫ਼ਤੀਸ਼ ਜਾਰੀ : ਐਸ.ਐਸ.ਪੀ. ਸਰਤਾਜ ਸਿੰਘ ਚਾਹਲ
ਦਾ ਐਡੀਟਰ ਨਿਊਜ਼, ਸੰਗਰੂਰ —– ਸਰਤਾਜ ਸਿੰਘ ਚਾਹਲ ਐਸ.ਐਸ.ਪੀ ਸੰਗਰੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਬੀਤੇ ਦਿਨੀਂ ਲਹਿਰਾਗਾਗਾ ਵਿਖੇ ਹੋਏ ਇੱਕ ਅੰਨ੍ਹੇ ਕਤਲ ਦੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਚਾਂਦੀ ਅਤੇ ਬਨਾਵਟੀ ਗਹਿਣੇ ਵੀ ਬਰਾਮਦ ਕੀਤੇ ਗਏ ਹਨ।
ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਮਿਤੀ 2,3 ਜਨਵਰੀ 2026 ਦੀ ਦਰਮਿਆਨੀ ਰਾਤ ਨੂੰ ਕ੍ਰਿਸ਼ਨ ਕੁਮਾਰ ਉਰਫ ਨੀਟਾ ਪੁੱਤਰ ਜਗਦੀਸ ਰਾਏ ਵਾਸੀ ਲਹਿਰਾ ਦੇ ਘਰ ਅੰਦਰ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਦਾਖਲ਼ ਹੋਏ ਸਨ। ਅਣਪਛਾਤੇ ਦੋਸ਼ੀਆਂ ਵੱਲੋਂ ਘਰ ਵਿੱਚੋਂ ਕਰੀਬ 15,000/- ਰੁਪਏ ਨਗਦ ਤੇ ਕੁਝ ਸਮਾਨ ਦੀ ਲੁੱਟ ਕੀਤੀ ਗਈ ਅਤੇ ਇਸ ਘਟਨਾ ਦੌਰਾਨ ਕ੍ਰਿਸ਼ਨ ਕੁਮਾਰ ਉਰਫ ਨੀਟਾ ਦੇ ਸੱਟਾਂ ਲੱਗਣ ਕਾਰਨ ਮੌਤ ਹੋ ਗਈ ਸੀ।

ਮ੍ਰਿਤਕ ਕ੍ਰਿਸ਼ਨ ਕੁਮਾਰ ਉਰਫ ਨੀਟਾ ਦੇ ਰਿਸ਼ਤੇਦਾਰ ਜਤਿੰਦਰ ਕੁਮਾਰ ਉੇਰਫ ਕਾਕਾ ਪੁੱਤਰ ਮਦਨ ਲਾਲ ਵਾਸੀ ਵਾਰਡ ਨੰਬਰ 07 ਟੋਹਾਣਾ (ਹਰਿਆਣਾ) ਦੇ ਬਿਆਨ ਪਰ ਮੁਕੱਦਮਾ ਨੰਬਰ 03 ਮਿਤੀ 03.01.2026 ਅ/ਧ 103(1),3(5) ਭਾਰਤੀ ਨਿਆਂ ਸੰਹਿਤਾ (302, 34 ਆਈ ਪੀ ਸੀ) ਥਾਣਾ ਲਹਿਰਾ ਵਿਖੇ ਤਿੰਨ ਨਾ ਮਾਲੂਮ ਵਿਅਕਤੀਆਂ ਵਿਰੁੱਧ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਮਾਮਲੇ ਦੀ ਜਾਂਚ ਲਈ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਅਗਵਾਈ ਹੇਠ ਦਲਜੀਤ ਸਿੰਘ ਵਿਰਕ ਉਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ, ਰਣਬੀਰ ਸਿੰਘ ਉਪ ਕਪਤਾਨ ਪੁਲਿਸ ਸਬ ਡਵੀਜਨ ਲਹਿਰਾ ਦੀ ਨਿਗਰਾਨੀ ਹੇਠ ਇੰਚਾਰਜ ਸੀ.ਆਈ.ਏ ਅਤੇ ਮੁੱਖ ਅਫਸਰ ਥਾਣਾ ਲਹਿਰਾ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਟੈਕਨੀਕਲ ਢੰਗ ਨਾਲ ਤਫਤੀਸ਼ ਅਮਲ ਵਿੱਚ ਲਿਆਉਂਦੇ ਹੋਏ ਮਿਤੀ 06 ਜਨਵਰੀ 2026 ਨੂੰ ਸੁਲਝਾ ਕੇ ਦੋਸ਼ੀਆਂ ਅਕਾਸਦੀਪ ਸ਼ਰਮਾ (23)ਉਰਫ ਲੱਕੀ ਪੁੱਤਰ ਟਿੰਕੂ ਸ਼ਰਮਾ ਪੁੱਤਰ ਰੁਲਦੂ ਰਾਮ ਵਾਸੀ ਲਹਿਰਾ, ਮਨਪ੍ਰੀਤ ਸਿੰਘ (25)ਉਰਫ ਬੀਰੂ ਪੁੱਤਰ ਪੱਪੂ ਸਿੰਘ ਉਰਫ ਰਾਜੂ ਪੁੱਤਰ ਸੋਹਣ ਲਾਲ ਵਾਸੀ ਖਾਈ ਬਸਤੀ ਲਹਿਰਾ ਅਤੇ ਸਨੀ ਕੁਮਾਰ (21)ਉਰਫ ਮੰਗਲ ਪੁੱਤਰ ਰਾਜਿੰਦਰ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਲਹਿਰਾ ਨੂੰ ਗ੍ਰਿਫਤਾਰ ਕਰਕੇ ਜੁਰਮ 331(8), 309(4) ਭਾਰਤੀ ਨਿਆਂ ਸੰਹਿਤਾ (460, 392 ਆਈ ਪੀ ਸੀ) ਦਾ ਵਾਧਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪਹਿਲੀ ਨਜ਼ਰੇ ਇਹ ਮਾਮਲਾ ਪੈਸਿਆਂ ਦੇ ਆਪਸੀ ਲੈਣ ਦੇਣ ਨਾਲ ਸਬੰਧਤ ਲੱਗਦਾ ਹੈ ਅਤੇ ਮਨਪ੍ਰੀਤ ਸਿੰਘ ਤੋਂ ਬਿਨਾ ਦੋਵੇਂ ਦੋਸ਼ੀ ਅਪਰਾਧੀ ਕਿਸਮ ਦੇ ਵਿਅਕਤੀ ਹਨ। ਜਿੰਨਾ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਹੋਏ ਕ੍ਰਿਸ਼ਨ ਕੁਮਾਰ ਦਾ ਕਤਲ ਕੀਤਾ ਗਿਆ। ਦੋਸ਼ੀਆਂ ਦੀ ਪੁੱਛਗਿਛ ਜਾਰੀ ਹੈ ਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।