ਦਾ ਐਡੀਟਰ ਨਿਊਜ਼, ਨਵੀਂ ਦਿੱਲੀ —– ਜਸਟਿਸ ਸੂਰਿਆ ਕਾਂਤ ਨੇ ਸੋਮਵਾਰ ਨੂੰ ਭਾਰਤ ਦੇ 53ਵੇਂ ਚੀਫ਼ ਜਸਟਿਸ (ਸੀਜੇਆਈ) ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕਣ ਤੋਂ ਬਾਅਦ ਚੀਫ਼ ਜਸਟਿਸ ਨੇ ਆਪਣੇ ਆਪਣੇ ਮਾਪਿਆਂ ਦੇ ਪੈਰ ਛੂਹੇ। ਇਸ ਸਮਾਗਮ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਿਲ ਹੋਏ ਸਨ।
ਸਹੁੰ ਚੁੱਕਣ ਤੋਂ ਬਾਅਦ, ਸੀਜੇਆਈ ਸੂਰਿਆ ਕਾਂਤ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਹੋਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸਾਬਕਾ ਸੀਜੇਆਈ ਬੀ.ਆਰ. ਗਵਈ ਨੂੰ ਜੱਫੀ ਪਾਈ। ਬ੍ਰਾਜ਼ੀਲ ਸਮੇਤ ਸੱਤ ਦੇਸ਼ਾਂ ਦੇ ਮੁੱਖ ਜੱਜਾਂ ਅਤੇ ਸੁਪਰੀਮ ਕੋਰਟ ਦੇ ਜੱਜਾਂ ਨੇ ਵੀ ਸਮਾਰੋਹ ਵਿੱਚ ਸ਼ਿਰਕਤ ਕੀਤੀ।

ਭਾਰਤੀ ਨਿਆਂਪਾਲਿਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ, ਇੰਨਾ ਵੱਡਾ ਅੰਤਰਰਾਸ਼ਟਰੀ ਨਿਆਂਇਕ ਵਫ਼ਦ ਕਿਸੇ ਸੀਜੇਆਈ ਦੇ ਸਹੁੰ ਚੁੱਕ ਸਮਾਗਮ ਵਿੱਚ ਮੌਜੂਦ ਸੀ। ਸਮਾਰੋਹ ਵਿੱਚ ਭੂਟਾਨ, ਕੀਨੀਆ, ਮਲੇਸ਼ੀਆ, ਮਾਰੀਸ਼ਸ, ਨੇਪਾਲ ਅਤੇ ਸ਼੍ਰੀਲੰਕਾ ਦੇ ਮੁੱਖ ਜੱਜ ਅਤੇ ਉਨ੍ਹਾਂ ਦੇ ਪਰਿਵਾਰ ਵੀ ਸ਼ਾਮਲ ਸਨ।
ਮੌਜੂਦਾ ਸੀਜੇਆਈ ਬੀਆਰ ਗਵਈ ਦਾ ਕਾਰਜਕਾਲ ਐਤਵਾਰ, 23 ਨਵੰਬਰ ਨੂੰ ਸਮਾਪਤ ਹੋਇਆ। ਜਸਟਿਸ ਸੂਰਿਆ ਕਾਂਤ ਉਨ੍ਹਾਂ ਦੀ ਥਾਂ ਲੈਣਗੇ। ਜਸਟਿਸ ਸੂਰਿਆ ਕਾਂਤ 9 ਫਰਵਰੀ, 2027 ਨੂੰ ਸੇਵਾਮੁਕਤ ਹੋਣਗੇ ਅਤੇ ਉਨ੍ਹਾਂ ਦਾ ਕਾਰਜਕਾਲ ਲਗਭਗ 14 ਮਹੀਨੇ ਦਾ ਹੋਵੇਗਾ।