ਦਾ ਐਡੀਟਰ ਨਿਊਜ਼, ਬਠਿੰਡਾ —– ਮਾਣਹਾਨੀ ਮਾਮਲੇ ‘ਚ ਕੰਗਨਾ ਰਣੌਤ ਦੀ ਅੱਜ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਬਠਿੰਡਾ ਦੀ ਅਦਾਲਤ ‘ਚ ਪੇਸ਼ੀ ਹੋਵੇਗੀ। ਦੱਸ ਦਈਏ ਕਿ ਪਿਛਲੀ ਸੁਣਵਾਈ ਦੌਰਾਨ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਬਜ਼ੁਰਗ ਔਰਤ ਬਾਰੇ ਕੀਤੀਆਂ ਟਿੱਪਣੀਆਂ ਲਈ ਮੁਆਫ਼ੀ ਮੰਗ ਲਈ ਸੀ।
ਬਠਿੰਡਾ ਅਦਾਲਤ ਵਿੱਚ ਪੇਸ਼ ਹੋ ਕੇ ਕੰਗਨਾ ਰਣੌਤ ਨੇ ਆਪਣੇ ਬਿਆਨ ‘ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਸੀ ਕਿ, “ਹਰ ਮਾਂ, ਭਾਵੇਂ ਪੰਜਾਬ ਦੀ ਹੋਵੇ ਜਾਂ ਹਿਮਾਚਲ ਦੀ, ਮੇਰੇ ਲਈ ਸਤਿਕਾਰਯੋਗ ਹੈ। ਮੈਂ ਕਿਸੇ ਖਾਸ ਵਿਅਕਤੀ ‘ਤੇ ਟਿੱਪਣੀ ਨਹੀਂ ਕੀਤੀ। ਮੈਂ ਸਿਰਫ਼ ਇੱਕ ਮੀਮ ਦੁਬਾਰਾ ਪੋਸਟ ਕੀਤਾ ਹੈ।” ਅਦਾਲਤ ਵਿੱਚ, ਕੰਗਨਾ ਨੇ ਪੀੜਤਾ ਨੂੰ ਕਿਹਾ, “ਜੇਕਰ ਮੇਰੇ ਬਿਆਨ ਨਾਲ ਤੁਹਾਨੂੰ ਦੁੱਖ ਪਹੁੰਚਿਆ ਹੈ ਤਾਂ ਮੈਂ ਮੁਆਫ਼ੀ ਮੰਗਦੀ ਹਾਂ।”

ਪਿਛਲੀ ਸੁਣਵਾਈ ਦੌਰਾਨ ਹੀ ਕੰਗਨਾ ਰਣੌਤ ਨੂੰ ਬਠਿੰਡਾ ਮਾਣਹਾਨੀ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਸੀ। ਕੰਗਨਾ ਨੂੰ 50,000 ਰੁਪਏ ਦਾ ਜ਼ਮਾਨਤ ਬਾਂਡ ਭਰਨ ਤੋਂ ਬਾਅਦ ਜ਼ਮਾਨਤ ਮਿਲੀ ਸੀ। ਜਿਸ ਤੋਂ ਬਾਅਦ ਅਦਾਲਤ ਨੇ ਅੱਜ 24 ਨਵੰਬਰ ਨੂੰ ਦੁਬਾਰਾ ਸੁਣਵਾਈ ਤੈਅ ਕੀਤੀ ਸੀ। ਬਠਿੰਡਾ ਦੀ ਵਿਸ਼ੇਸ਼ ਅਦਾਲਤ ਵਿੱਚ ਸੁਣਵਾਈ ਹੋਵੇਗੀ।
ਅਦਾਲਤੀ ਕਾਰਵਾਈ ਤੋਂ ਬਚਣ ਲਈ ਕੰਗਨਾ ਰਣੌਤ ਨੇ ਇਸ ਕੇਸ ਨੂੰ ਖਾਰਜ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਬਾਅਦ ਵਿੱਚ ਸੁਪਰੀਮ ਕੋਰਟ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਸਨ, ਪਰ ਕਿਸੇ ਵੀ ਅਦਾਲਤ ਤੋਂ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ ਸੀ।
ਇਹ ਮਾਮਲਾ ਸਾਲ 2020-21 ਦੇ ਕਿਸਾਨ ਵਿਰੋਧ ਪ੍ਰਦਰਸ਼ਨਾਂ ਨਾਲ ਜੁੜਿਆ ਹੋਇਆ ਹੈ। ਕੰਗਨਾ ਰਣੌਤ ਨੇ ਬਜ਼ੁਰਗ ਕਿਸਾਨ ਮਹਿੰਦਰ ਕੌਰ ਦੀ ਇੱਕ ਫੋਟੋ ਸਾਂਝੀ ਕਰਕੇ ਟਵਿੱਟਰ (ਹੁਣ X) ‘ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਮਹਿੰਦਰ ਕੌਰ ਨੇ ਕੰਗਨਾ ‘ਤੇ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਅਜਿਹੀਆਂ ਟਿੱਪਣੀਆਂ ਕਾਰਨ ਉਨ੍ਹਾਂ ਦੇ ਸਨਮਾਨ ਨੂੰ ਠੇਸ ਪਹੁੰਚੀ ਹੈ।