ਦਾ ਐਡੀਟਰ ਨਿਊਜ਼, ਮੁੰਬਈ ——- ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦਾ ਦੇਹਾਂਤ ਹੋ ਗਿਆ ਹੈ। 89 ਸਾਲਾ ਅਦਾਕਾਰ ਨੂੰ ਸੋਮਵਾਰ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਨਾ ਹੋਣ ‘ਤੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਉਨ੍ਹਾਂ ਨੇ ਮੰਗਲਵਾਰ ਸਵੇਰੇ ਆਪਣੇ ਆਖਰੀ ਸਾਹ ਲਏ। ਧਰਮਿੰਦਰ ਦਾ ਜਨਮ 8 ਦਸੰਬਰ, 1935 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਸਰਾਲੀ (ਸਾਹਨੇਵਾਲ) ਵਿੱਚ ਹੋਇਆ ਸੀ।
ਦਿਓਲ ਪਰਿਵਾਰ ਦੇ ਨਜ਼ਦੀਕੀ ਸੂਤਰ ਦੇ ਅਨੁਸਾਰ, ਧਰਮਿੰਦਰ ਦੀਆਂ ਧੀਆਂ ਨੂੰ ਪਹਿਲਾਂ ਹੀ ਵਿਦੇਸ਼ ਤੋਂ ਮੁੰਬਈ ਬੁਲਾਇਆ ਜਾ ਚੁੱਕਾ ਹੈ। ਸੰਨੀ ਦਿਓਲ ਨੂੰ ਬੀਤੀ ਰਾਤ ਹਸਪਤਾਲ ਦੇ ਬਾਹਰ ਬਹੁਤ ਭਾਵੁਕ ਦੇਖਿਆ ਗਿਆ ਸੀ, ਜਦੋਂ ਕਿ ਬੌਬੀ ਦਿਓਲ ਵੀ ਅਲਫ਼ਾ ਦੀ ਸ਼ੂਟਿੰਗ ਛੱਡ ਕੇ ਹਸਪਤਾਲ ਪਹੁੰਚੇ। ਇਸ ਤੋਂ ਬਿਨਾਂ ਹੇਮਾ ਮਾਲਿਨੀ ਵੀ ਰਾਤ ਹੀ ਹਸਪਤਾਲ ਪਹੁੰਚ ਗਈ ਸੀ ਅਤੇ ਸੰਨੀ ਦਿਓਲ ਦੇ ਦੋਵੇਂ ਪੁੱਤ ਵੀ ਰਾਤ ਤੋਂ ਹਸਪਤਾਲ ‘ਚ ਸਨ। ਲਗਪਗ ਪੂਰਾ ਦਿਓਲ ਪਰਿਵਾਰ ਹੀ ਹਸਪਤਾਲ ‘ਚ ਉਨ੍ਹਾਂ ਕੋਲ ਮੌਜੂਦ ਸੀ। ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਸਮੇਤ ਕਈ ਬਾਲੀਵੁੱਡ ਹਸਤੀਆਂ ਸੋਮਵਾਰ ਦੇਰ ਰਾਤ ਬ੍ਰੀਚ ਕੈਂਡੀ ਹਸਪਤਾਲ ਪਹੁੰਚੀਆਂ ਸਨ।

ਦੱਸ ਦਈਏ ਕਿ ਧਰਮਿੰਦਰ ਨੇ ਇਸ ਸਾਲ ਦੇ ਸ਼ੁਰੂ ਵਿੱਚ ਕੌਰਨੀਆ ਟ੍ਰਾਂਸਪਲਾਂਟ ਸਰਜਰੀ ਕਰਵਾਈ ਸੀ। ਉਨ੍ਹਾਂ ਦੀ ਖੱਬੀ ਅੱਖ ਦੀ ਪਾਰਦਰਸ਼ੀ ਪਰਤ, ਕੌਰਨੀਆ, ਨੂੰ ਨੁਕਸਾਨ ਪਹੁੰਚਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਕੌਰਨੀਆ ਟ੍ਰਾਂਸਪਲਾਂਟ (ਕੇਰਾਟੋਪਲਾਸਟੀ) ਹੋਇਆ ਸੀ। ਧਰਮਿੰਦਰ ਨੇ 2015 ਅਤੇ 2020 ਦੇ ਵਿਚਕਾਰ ਕਈ ਵਾਰ ਪਿੱਠ ਦਰਦ, ਮਾਸਪੇਸ਼ੀਆਂ ਵਿੱਚ ਖਿਚਾਅ ਅਤੇ ਕਮਜ਼ੋਰੀ ਦੀ ਸ਼ਿਕਾਇਤ ਕੀਤੀ ਸੀ। ਪਿੱਠ ਦਰਦ ਅਤੇ ਥਕਾਵਟ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਸੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ 10 ਨਵੰਬਰ ਅਤੇ ਉਸ ਤੋਂ ਪਹਿਲਾਂ ਧਰਮਿੰਦਰ ਨੂੰ 31 ਅਕਤੂਬਰ ਨੂੰ ਵੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਰਿਪੋਰਟਰ ਵਿੱਕੀ ਲਾਲਵਾਨੀ ਨੇ ਪੋਸਟ ਕੀਤਾ ਸੀ ਕਿ ਧਰਮਿੰਦਰ ਨੂੰ ਸਾਹ ਲੈਣ ਵਿੱਚ ਤਕਲੀਫ਼ ਕਾਰਨ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਦੇ ਸਾਰੇ ਮਹੱਤਵਪੂਰਨ ਮਾਪਦੰਡਾਂ ਵਿੱਚ ਸੁਧਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਕੁਝ ਘੰਟਿਆਂ ਵਿੱਚ ਛੁੱਟੀ ਦੇ ਦਿੱਤੀ ਗਈ ਸੀ।