ਦਾ ਐਡੀਟਰ ਨਿਊਜ, ਪਟਿਆਲਾ —— 1971 ਵਿੱਚ ਜੇਕਰ ਦੇਸ਼ ਵਿੱਚ ਮੋਦੀ ਦੀ ਸਰਕਾਰ ਹੁੰਦੀ ਤਦ ਹੀ ਪਾਕਿਸਤਾਨ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਲੈ ਲਿਆ ਜਾਣਾ ਸੀ ਲੇਕਿਨ ਉਸ ਸਮੇਂ ਕਾਂਗਰਸ ਦੀ ਕਮਜ਼ੋਰ ਸਰਕਾਰ ਨੇ ਕੁਝ ਨਹੀਂ ਕੀਤਾ ਤੇ ਪਾਕਿਸਤਾਨ ਦੇ ਹਜ਼ਾਰਾਂ ਫੌਜੀ ਜਵਾਨਾਂ ਨੂੰ ਜਾਣ ਦਿੱਤਾ ਗਿਆ ਜੋ ਕਿ ਭਾਰਤੀ ਫੌਜ ਸਾਹਮਣੇ ਆਤਮ-ਸਮਰਪਣ ਕਰ ਚੁੱਕੇ ਸਨ, ਇਹ ਪ੍ਰਗਟਾਵਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ਵਿਖੇ ਰੈਲੀ ਨੂੰ ਸੰਬੋਧਨ ਕਰਦਿਆ ਕੀਤਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇੰਡੀਆ ਗੱਠਜੋੜ ਸੰਪ੍ਰਦਾਇਕਤਾ ਫੈਲਾਉਣ ਵਾਲੀ ਧਿਰ ਹੈ ਤੇ ਇਹ ਦੇਸ਼ ਦੇ ਵਿਕਾਸ ਨੂੰ ਰੋਕਣਾ ਚਾਹੁੰਦੇ ਹਨ।
ਪ੍ਰਧਾਨ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਨਾਮ ਲਏ ਬਿਨਾਂ ਕਿਹਾ ਕਿ ਇਹ ਕਾਗਜੀ ਮੁੱਖ ਮੰਤਰੀ ਹੈ ਜੋ ਆਪਣੀ ਮਰਜੀ ਨਾਲ ਕੋਈ ਫੈਸਲਾ ਨਹੀਂ ਲੈ ਸਕਦਾ ਤੇ ਇਸੇ ਕਾਰਨ ਪੰਜਾਬ ਵਿੱਚ ਨਸ਼ਾ, ਗੈਂਗਸਟਰ ਹਨ ਜਿਨ੍ਹਾਂ ’ਤੇ ਸੂਬਾ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਕੁਰਬਾਨੀ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਭਾਜਪਾ ਸਰਕਾਰ ਨੇ ਵੀਰ ਬਾਲ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਤਾਂ ਜੋ ਪੂਰੇ ਦੇਸ਼ ਦੇ ਲੋਕਾਂ ਨੂੰ ਸਾਹਿਬਜਾਦਿਆਂ ਦੀ ਕੁਰਬਾਨੀ ਪ੍ਰਤੀ ਪਤਾ ਲੱਗ ਸਕੇ। ਉਨ੍ਹਾਂ ਕਿਹਾ ਸਭ ਦਾ ਸਾਥ ਸਭ ਦਾ ਵਿਕਾਸ ਦੀ ਭਾਵਨਾ ਹੀ ਭਾਜਪਾ ਦੀ ਪਹਿਚਾਣ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਭਾਵੇਂ ਕਾਂਗਰਸ ਨੂੰ ਵੋਟ ਦਿੱਤੀ ਜਾਵੇ ਜਾਂ ਆਪ ਨੂੰ ਇਨ੍ਹਾਂ ਦੀ ਦੁਕਾਨ ਇੱਕ ਹੀ ਹੈ ਇਸ ਲਈ ਇਨ੍ਹਾਂ ਨੂੰ ਵੋਟ ਪਾਉਣਾ ਆਪਣੀ ਵੋਟ ਖਰਾਬ ਕਰਨਾ ਹੈ। ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਨੇ ਸੀਏਏ ਦੇ ਨਾਮ ਉੱਪਰ ਦੰਗੇ ਕਰਵਾਏ ਹਨ ਤੇ ਇਹ ਕਹਿੰਦੇ ਹਨ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ ਸੀਏਏ ਖਤਮ ਕੀਤੀ ਜਾਵੇਗੀ ਜੋ ਕਿ ਬਿਲਕੁਲ ਗਲਤ ਹੈ ਕਿਉਂਕਿ ਵਿਦੇਸ਼ਾਂ ਵਿੱਚ ਜਿਨ੍ਹਾਂ ਭਾਰਤੀਆਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਮਿਲਣੀ ਜਰੂਰੀ ਹੈ।