– ਭਾਜਪਾ ਘੱਟ ਗਿਣਤੀ ਭਾਈਚਾਰਿਆਂ ਨੂੰ ਬਣਾ ਰਹੀ ਨਿਸ਼ਾਨਾ-ਐੱਸ.ਜੀ.ਪੀ.ਸੀ.ਪ੍ਰਧਾਨ
– ਆਪ ਦੇ ਮੱਕੜਜਾਲ੍ਹ ਨੂੰ ਲੋਕਾਂ ਨੇ ਵੱਢਣਾ ਸ਼ੁਰੂ ਕਰ ਦਿੱਤੈ-ਸਰਬਜੋਤ ਸਾਬੀ
ਦਾ ਐਡੀਟਰ ਨਿਊਜ. ਮੁਕੇਰੀਆ —- ਪੰਜਾਬ ਸਾਡਾ ਆਪਣਾ ਘਰ ਹੈ ਤੇ ਇਸ ਘਰ ਦੀ ਬੇਹਤਰੀ ਤੇ ਵਿਕਾਸ ਲਈ ਅਸੀਂ ਪੂਰੀ ਵਾਹ ਲਾ ਦਿਆਂਗੇ ਕਿਉਂਕਿ ਅਸੀਂ ਇੱਥੇ ਜੰਮੇ ਹਾਂ ਤੇ ਇੱਥੇ ਹੀ ਆਪਣੇ ਲੋਕਾਂ ਵਿੱਚ ਮਰਨਾ ਹੈ ਤੇ ਦੂਜੇ ਪਾਸੇ ਦਿੱਲੀ ਵਾਲੇ ਹਨ ਜਿਨ੍ਹਾਂ ਲਈ ਪੰਜਾਬ ਦੇ ਲੋਕ ਸਿਰਫ ਤੇ ਸਿਰਫ ਨੰਬਰ ਹਨ, ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਥੇ ਮੁਕੇਰੀਆ ਵਿਖੇ ਹਲਕਾ ਇੰਚਾਰਜ ਤੇ ਪਾਰਟੀ ਦੇ ਜਨਰਲ ਸਕੱਤਰ ਸ. ਸਰਬਜੋਤ ਸਿੰਘ ਸਾਬੀ ਵੱਲੋਂ ਕਰਵਾਏ ਗਏ ਵਰਕਰ ਸੰਮੇਲਨ ਦੌਰਾਨ ਕੀਤਾ ਗਿਆ ਜਿਸ ਵਿੱਚ ਹਲਕੇ ਦੇ ਹਜਾਰਾਂ ਲੋਕਾਂ ਨੇ ਹਿੱਸਾ ਲਿਆ ਤੇ ਇਸ ਮੌਕੇ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਪਾਰਟੀ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।

ਇਸ ਸਮੇਂ ਬਾਦਲ ਨੇ ਅੱਗੇ ਕਿਹਾ ਕਿ ਨੈਸ਼ਨਲ ਪਾਰਟੀਆਂ ਦੇ ਰਾਜ ਵਿੱਚ ਹਮੇਸ਼ਾ ਪੰਜਾਬ ਨਾਲ ਧੱਕਾ ਹੋਇਆ, ਸਾਡੇ ਪਾਣੀ ਸਾਡੇ ਕੋਲੋ ਖੋਹ ਲਏ ਗਏ, ਰਾਜਧਾਨੀ ਅੱਜ ਤੱਕ ਸਾਨੂੰ ਨਹੀਂ ਦਿੱਤੀ ਗਈ ਤੇ ਕੇਂਦਰ ਦੀ ਮੌਜੂਦਾ ਭਾਜਪਾ ਸਰਕਾਰ ਨੇ ਆਰ.ਐੱਸ.ਐੱਸ.ਦੇ ਇਸ਼ਾਰੇ ਉੱਪਰ ਸਿੱਖਾਂ ਦੇ ਤਖਤ ਸ਼੍ਰੀ ਹਜ਼ੂਰ ਸਾਹਿਬ, ਤਖਤ ਸ਼੍ਰੀ ਪਟਨਾ ਸਾਹਿਬ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਬਜ਼ਾ ਕਰਕੇ ਸਿੱਖਾਂ ਦੇ ਹਿਰਦੇ ਵਲੂੰਧਰੇ ਹਨ। ਸ. ਬਾਦਲ ਨੇ ਕਿਹਾ ਕਿ ਜਦੋਂ-ਜਦੋਂ ਵੀ ਅਕਾਲੀ ਦਲ ਨੂੰ ਲੋਕਾਂ ਨੇ ਮਜ਼ਬੂਤ ਕੀਤਾ ਤਦ-ਤਦ ਪੰਜਾਬ ਦੇ ਹੱਕਾਂ ਤੇ ਹਿੱਤਾਂ ਉੱਪਰ ਪਾਰਟੀ ਲੀਡਰਸ਼ਿਪ ਨੇ ਪਹਿਰਾ ਦਿੱਤਾ ਲੇਕਿਨ ਜਦੋਂ ਵੀ ਦਿੱਲੀ ਦੀਆਂ ਪਾਰਟੀਆਂ ਪੰਜਾਬ ਵਿੱਚ ਮਜ਼ਬੂਤ ਹੋਈਆਂ ਤਦ ਇਨ੍ਹਾਂ ਨੇ ਪੰਜਾਬ ਦੇ ਹਿੱਤਾਂ ਨਾਲ ਖਿਲਵਾੜ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।
ਉਨ੍ਹਾਂ ਕਿਹਾ ਕਿ 40 ਸਾਲ ਪਹਿਲਾ ਸ਼੍ਰੀ ਦਰਬਾਰ ਸਾਹਿਬ ਉੱਪਰ ਫੌਜਾਂ ਚੜ੍ਹਾਉਣ ਵਾਲੀ ਕਾਂਗਰਸ ਨੂੰ ਕਦੇ ਮੁਆਫ ਨਹੀਂ ਕੀਤਾ ਜਾ ਸਕਦਾ। ਸ. ਬਾਦਲ ਨੇ ਇਸ ਸਮੇਂ ਮੁਕੇਰੀਆ ਵਾਸੀਆਂ ਨੂੰ ਅਪੀਲ ਕੀਤੀ ਕਿ ਪਾਰਟੀ ਉਮੀਦਵਾਰ ਸੋਹਣ ਸਿੰਘ ਠੰਡਲ ਨੂੰ ਵੋਟ ਦਿੱਤੀ ਜਾਵੇ ਤੇ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ। ਇਸ ਸਮੇਂ ਐੱਸ.ਜੀ.ਪੀ.ਸੀ.ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਕੌਮ ਦੇ ਯੋਧੇ 30-30 ਸਾਲਾਂ ਤੋਂ ਜੇਲ੍ਹਾਂ ਵਿੱਚ ਬੈਠੇ ਹੋਏ ਹਨ ਤੇ ਦੂਜੇ ਪਾਸੇ ਨਕਲੀ ਇਨਕਲਾਬੀਆਂ ਦਾ ਡੇਢ ਮਹੀਨੇ ਵਿੱਚ ਹੀ ਧੂੰਆ ਨਿੱਕਲ ਗਿਆ ਹੈ, ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਘੱਟ ਗਿਣਤੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ, ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਹਮੇਸ਼ਾ ਭਾਈਚਾਰਕ ਸਾਂਝ ਦਾ ਪ੍ਰਤੀਕ ਰਹੇ ਅਕਾਲੀ ਦਲ ਦੇ ਹੱਥ ਮਜ਼ਬੂਤ ਕੀਤੇ ਜਾਣ।
ਇਸ ਸਮੇਂ ਸਰਬਜੋਤ ਸਿੰਘ ਸਾਬੀ ਨੇ ਜਿੱਥੇ ਹਲਕਾ ਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਉੱਥੇ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਮੌਜੂਦ ਸਾਰੀ ਲੀਡਰਸ਼ਿਪ ਨੂੰ ਵਿਸ਼ਵਾਸ਼ ਦਿਵਾਇਆ ਕਿ ਵਿਧਾਨ ਸਭਾ ਹਲਕਾ ਮੁਕੇਰੀਆ ਅਕਾਲੀ ਦਲ ਨੂੰ ਵੱਡੀ ਲੀਡ ਨਾਲ ਜਿਤਾਵੇਗਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਇੰਨਾ ਗੁੰਮਰਾਹਕੁੰਨ ਪ੍ਰਚਾਰ ਕੀਤਾ ਗਿਆ ਕਿ ਸਭ ਉਨ੍ਹਾਂ ਦੇ ਜਾਲ ਵਿੱਚ ਫਸ ਗਏ ਲੇਕਿਨ ਹੁਣ ਲੋਕਾਂ ਨੇ ਉਸ ਜਾਲ ਨੂੰ ਵੱਢਣਾ ਸ਼ੁਰੂ ਕਰ ਦਿੱਤਾ ਹੈ। ਸਰਬਜੋਤ ਸਾਬੀ ਨੇ ਕਿਹਾ ਕਿ ਅਕਾਲੀ ਦਲ ਪੂਰੀ ਮਜ਼ਬੂਤੀ ਨਾਲ ਉੱਭਰ ਰਿਹਾ ਹੈ ਤੇ ਇਹੀ ਕਾਰਨ ਹੈ ਕਿ ਸਾਰੀਆਂ ਵਿਰੋਧੀ ਸਿਆਸੀ ਧਿਰਾਂ ਦੇ ਨਿਸ਼ਾਨੇ ਸਾਡੇ ਵੱਲ ਹਨ।
ਇਸ ਮੌਕੇ ਸੋਹਣ ਸਿੰਘ ਠੰਡਲ ਵੱਲੋਂ ਕਿਹਾ ਗਿਆ ਕਿ ਜੇਕਰ ਲੋਕਾਂ ਨੇ ਸੇਵਾ ਬਖਸ਼ੀ ਤਾਂ ਲੋਕ ਸਭਾ ਵਿੱਚ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾਵੇਗਾ। ਇਸ ਮੌਕੇ ਜਤਿੰਦਰ ਸਿੰਘ ਲਾਲੀ ਬਾਜਵਾ, ਰਵਿੰਦਰ ਸਿੰਘ ਚੱਕ, ਅਨਿਲ ਠਾਕੁਰ ਮਾਨਸਰ, ਸੋਨੂੰ ਟੇਰਕੀਆਣਾ, ਜਸਵਿੰਦਰ ਸਿੰਘ ਬਿੱਟੂ, ਇੰਦਰਜੀਤ ਸਿੰਘ ਕੰਗ., ਸੌਦਾਗਰ ਸਿੰਘ ਚਨੌਰ, ਕਿਰਪਾਲ ਸਿੰਘ ਗੇਰਾ, ਲਖਵਿੰਦਰ ਸਿੰਘ ਟਿੰਮੀ, ਲਖਬੀਰ ਸਿੰਘ ਰੰਧਾਵਾ, ਹਰਭਜਨ ਸਿੰਘ ਮਹਿੰਦੀਪੁਰ, ਬਲਦੇਵ ਸਿੰਘ ਕੌਲਪੁਰ, ਗੁਰਦੀਪ ਸਿੰਘ ਗੇਰਾ, ਰਸ਼ਪਾਲ ਸਿੰਘ ਰੰਗਾ, ਆਸਾ ਸਿੰਘ ਕੌਲੀਆਂ, ਭਾਈ ਅਮਰੀਕ ਸਿੰਘ, ਬੀਬੀ ਸੁਰਜੀਤ ਕੌਰ, ਮਨਮੋਹਨ ਸਿੰਘ, ਅਵਤਾਰ ਸਿੰਘ ਪੋਤਾ, ਬਲਬੀਰ ਸਿੰਘ ਨੌਸ਼ਹਿਰਾ, ਬੀਬੀ ਕੁਲਵੰਤ ਕੌਰ, ਚੀਫ ਨਿਰਮਲ ਸਿੰਘ ਆਦਿ ਵੀ ਮੌਜੂਦ ਸਨ।