ਦਾ ਐਡੀਟਰ ਨਿਊਜ਼ ਜਲੰਧਰ —— ਸੁਖਬੀਰ ਬਾਦਲ ਨੇ ਅੱਜ ਇਹ ਐਲਾਨ ਕੀਤਾ ਕਿ ਜਦ ਅਕਾਲੀ ਸਰਕਾਰ ਆਏਗੀ ਪੰਜਾਬ ਨਾਲ ਹੋਏ ਸਾਰੇ ਪਾਣੀਆਂ ਦੇ ਸਮਝੌਤੇ ਰੱਦ ਕੀਤੇ ਜਾਣਗੇ ਚਾਹੇ ਉਹ ਹਰਿਆਣੇ ਜਾਂ ਫਿਰ ਰਾਜਸਥਾਨ ਦੇ ਨਾਲ ਹੋਣ। ਉਹਨਾਂ ਕਿਹਾ ਕਿ ਕੇਂਦਰ ਨੇ ਪੰਜਾਬ ਦੇ ਪਾਣੀਆਂ ਦਾ ਹੱਕ ਮਾਰਿਆ ਹੈ ਅਤੇ ਉਹਨਾਂ ਆਰਐਸਐਸ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਤਖਤ ਸ਼੍ਰੀ ਪਟਨਾ ਸਾਹਿਬ ਅਤੇ ਤਖਤ ਸ਼੍ਰੀ ਹਜੂਰ ਸਾਹਿਬ ਤੇ ਆਰਐਸਐਸ ਕਬਜ਼ਾ ਕਰਨ ਦੇ ਰੌਅ ਵਿੱਚ ਹੈ।
ਅੱਜ ਪੰਜਾਬ ਦੇ ਜਲੰਧਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਈ ਕਾਂਗਰਸੀ ਅਤੇ ‘ਆਪ’ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਸੁਖਬੀਰ ਬਾਦਲ ਨੇ ਪਾਣੀਆਂ ਦੇ ਮੁੱਦੇ ‘ਤੇ ਬੋਲਦੇ ਹੋਏ ਕਿਹਾ ਕਿ ਕਿਹਾ- ਪੰਜਾਬ ਦੇ ਦਰਿਆਈ ਪਾਣੀ ‘ਤੇ ਸਿਰਫ਼ ਪੰਜਾਬ ਦਾ ਹੀ ਹੱਕ ਹੈ। ਬਾਦਲ ਨੇ ਕਿਹਾ ਕਿ ਜਿਸ ਸੂਬੇ ‘ਚੋਂ ਪਾਣੀ ਲੰਘਦਾ ਹੁੰਦਾ ਹੈ ਪਾਣੀ ‘ਤੇ ਹੱਕ ਉਸ ਹੀ ਸੂਬੇ ਦਾ ਹੁੰਦਾ ਹੈ। ਪਰ ਪੰਜਾਬ ਦਾ ਪਾਣੀ ਦੂਜੇ ਰਾਜਾਂ ਨੂੰ ਭੇਜਿਆ ਜਾ ਰਿਹਾ ਹੈ। ਇਹ ਪੰਜਾਬ ਦੇ ਲੋਕਾਂ ਨਾਲ ਕਾਂਗਰਸ ਪਾਰਟੀ ਨੇ ਬਹੁਤ ਵੱਡਾ ਧੋਖਾ ਕੀਤਾ ਹੈ। ਜੋ ਪਾਣੀ ਦੂਜੇ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ, ਉਸ ਪਾਣੀ ‘ਤੇ ਸਿਰਫ਼ ਸਾਡਾ ਹੱਕ ਹੈ।

ਬਾਦਲ ਨੇ ਕਿਹਾ ਕਿ ਪਰ ਉਦੋਂ ਦੀ ਕਾਂਗਰਸ ਸਰਕਾਰ ਨੇ ਰਾਜਸਥਾਨ ਨੂੰ ਖੁਸ਼ ਕਰਨਾ ਸੀ ਅਤੇ ਅੱਧਾ ਪਾਣੀ ਰਾਜਸਥਾਨ ਨੂੰ ਦੇ ਦਿੱਤਾ। ਜੋ ਪੰਜਾਬ ਕੋਲ ਅੱਧਾ ਪਾਣੀ ਬਚਿਆ ਉਸ ਦਾ ਅੱਧਾ ਪਾਣੀ ਹਰਿਆਣਾ ਨੂੰ ਦੇ ਦਿੱਤਾ। ਹੁਣ ਜਿਸ ਤੋਂ ਬਾਅਦ ਪੰਜਾਬ ਨੂੰ ਸਿਰਫ਼ 25 ਫ਼ੀਸਦੀ ਪਾਣੀ ਮਿਲ ਰਿਹਾ ਹੈ। ਇਸ ਨਾਲ ਪੰਜਾਬੀਆਂ ਨੂੰ ਹੀ ਦੁੱਖ ਪਹੁੰਚ ਰਿਹਾ ਹੈ। ਪਰ ਜਦੋਂ ਪੰਜਾਬ ‘ਚ ਹੜ੍ਹ ਆਉਂਦੇ ਨੇ ਤਾਂ ਕਿ ਇਹ ਸੂਬੇ ਆਪਾਂ ਨੂੰ ਮੁਆਵਜ਼ਾ ਦਿੰਦੇ ਨੇ ? ਨੁਕਸਾਨ ਆਪਾਂ ਝੱਲੀਏ ਤੇ ਆਨੰਦ ਉਹ ਮਾਨਣ। ਇਸੇ ਤਾਂ ਹਰਿਆਣਾ ‘ਚੋਂ ਯਮਨਾ ਲੰਘਦੀ ਹੈ ਕਿ ਉਹ ਉਸ ਦਾ ਪਾਣੀ ਸਾਨੂੰ ਦਿੰਦੇ ਨੇ। ਬਾਦਲ ਨੇ ਕਿਹਾ- ਪੰਜਾਬ ਵਿੱਚ ਸਾਡੀ ਸਰਕਾਰ ਬਣੀ ਤਾਂ ਪੰਜਾਬ ਦਾ ਪਾਣੀ ਬਚਾਵਾਂਗੇ, ਰਾਜਸਥਾਨ ਅਤੇ ਹਰਿਆਣਾ ਦੇ ਨਾਲ ਕੀਤੇ ਗਏ ਸਾਰੇ ਹੀ ਐਗਰੀਮੈਂਟ ਰੱਦ ਕੀਤੇ ਜਾਣਗੇ।
ਇਸ ਦੌਰਾਨ ਉਨ੍ਹਾਂ ਦੇ ਨਾਲ ਜਲੰਧਰ ਤੋਂ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇ.ਪੀ ਵੀ ਮੌਜੂਦ ਸਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ‘ਆਪ’ ਅਤੇ ਕਾਂਗਰਸ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ- ਹਰ ਪਾਰਟੀ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਪੰਜਾਬ ਵਿੱਚ ਚਾਰ ਮੁੱਖ ਪਾਰਟੀਆਂ ਚੋਣ ਲੜ ਰਹੀਆਂ ਹਨ। ਪਰ ਪੰਜਾਬ ਦੀ ਆਵਾਜ਼ ਬੁਲੰਦ ਕਰਨ ਲਈ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਅੱਗੇ ਆਇਆ ਹੈ। ਬਾਕੀ ਪਾਰਟੀਆਂ ਪੰਜਾਬ ਲਈ ਨਹੀਂ ਸਗੋਂ ਆਪਣੇ ਲਈ ਕੰਮ ਕਰ ਰਹੀਆਂ ਹਨ। ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਹੈ ਜੋ ਚਾਹੁੰਦੀ ਹੈ ਪੰਜਾਬ ਵਿੱਚ ਭਾਈਚਾਰਕ ਸਾਂਝ ਬਣੀ ਰਹੇ। ਇਸ ਨਾਲ ਪੰਜਾਬ ਤਰੱਕੀ ਕਰੇਗਾ।