ਦਾ ਐਡੀਟਰ ਨਿਊਜ਼ ਵੈਨਕੂਵਰ/ਚੰਡੀਗੜ੍ਹ ———– ਕੈਨੇਡਾ ਦੇ ਸਰੀ ਸ਼ਹਿਰ ਵਿੱਚ ਖਾਲਿਸਤਾਨ ਕਾਰਕੁੰਨ ਹਰਦੀਪ ਸਿੰਘ ਨਿੱਝਰ ਨੂੰ ਕਤਲ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਚੌਥੇ ਨੌਜਵਾਨ ਅਮਨਦੀਪ ਸਿੰਘ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਆਪਣੀ ਗੱਡੀ ਵਿਚ ਇਕ ਪਿਸਟਲ ਨੂੰ ਦਿਖਾ ਰਿਹਾ ਹੈ ਅਤੇ ਅਤੇ ਉਹ ਇੱਕ ਫਾਇਰ ਵੀ ਕਰਦਾ ਹੈ। ਇਸ ਸਬੰਧੀ ਸੀਬੀਸੀ ਨੈਟਵਰਕ ਨਾਲ ਜੁੜੇ ਇੱਕ ਸੂਤਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ, ਜਿਸ ਪਿਸਟਲ ਨੂੰ ਅਮਨਦੀਪ ਸਿੰਘ ਆਪਣੀ ਗੱਡੀ ਵਿੱਚ ਲਹਿਰਾ ਰਿਹਾ ਹੈ ਅਸਲ ਵਿੱਚ ਉਸੇ ਪਿਸਟਲ ਨਾਲ ਹੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਕੀਤੀ ਗਈ ਹੈ। ਦਰਅਸਲ ਕੈਨੇਡੀਅਨ ਰੋਇਲ ਮੌਂਟਰੀਅਲ ਪੁਲਿਸ ਨੇ ਪਹਿਲੀਆਂ ਗ੍ਰਿਫਤਾਰੀਆਂ ਦੇ ਸਮੇਂ ਕਈ ਤਸਵੀਰਾਂ ਜਾਰੀ ਕੀਤੀਆਂ ਸਨ ਜਿਨਾਂ ਵਿੱਚੋਂ ਇੱਕ ਤਸਵੀਰ ਇਸ ਕਤਲ ਕਾਂਡ ਵਿੱਚ ਇਸਤੇਮਾਲ ਕੀਤੇ ਗਏ ਪਿਸਟਲ ਦੀ ਵੀ ਸੀ, ਜਿਸ ਦੇ ਉੱਪਰ ਇੱਕ ਸੱਪ (ਨਾਗ) ਦੀ ਸ਼ਕਲ ਉਕਰੀ ਹੋਈ ਸੀ ਅਤੇ ਪਿਸਟਲ ਜੋ ਕਿ ਬਹੁਤ ਹੀ ਲਾਈਟ ਮਿਲਟਰੀ ਕਲਰ ਦਾ ਸੀ ਅਤੇ ਹੁਣ ਜਿਹੜੀ ਵੀਡੀਓ ਦਾ ਐਡੀਟਰ ਨਿਊਜ਼ ਪਾਸ ਆਈ ਹੈ ਉਸ ਵਿੱਚ ਜਿਹੜਾ ਪਿਸਟਲ ਅਮਨਦੀਪ ਸਿੰਘ ਇਸਤੇਮਾਲ ਕਰ ਰਿਹਾ ਹੈ ਉਸ ਉਪਰ ਵੀ ਇੱਕ ਸੱਪ ਦੀ ਦੀ ਤਸਵੀਰ ਉਕਰੀ ਹੋਈ ਹੈ, ਜੇਕਰ ਸੂਤਰਾਂ ਦੀ ਮੰਨੀਏ ਤਾਂ ਇਹ ਉਹ ਹੀ ਪਿਸਟਲ ਹੈ ਜਿਸ ਨਾਲ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਕੀਤੀ ਗਈ ਹੈ।
ਇਸ ਸਬੰਧੀ ਮਿਲੀ ਹੋਰ ਜਾਣਕਾਰੀ ਅਨੁਸਾਰ ਕੈਨੇਡੀਅਨ ਪੁਲਿਸ ਇਸ ਨੂੰ ਇੱਕ ਵੱਡੇ ਸਬੂਤ ਦੇ ਤੌਰ ‘ਤੇ ਮੰਨ ਰਹੀ ਹੈ ਹਾਲਾਂਕਿ ਇਸ ਤੋਂ ਇਲਾਵਾ ਵੀ ਇਸ ਪਿਸਟਲ ਨਾਲ ਸੰਬੰਧਿਤ ਕਈ ਫੋਰਸਿਕ ਸਬੂਤ ਵੀ ਪੁਲਿਸ ਨੂੰ ਮਿਲ ਚੁੱਕੇ ਹਨ ਅਤੇ ਇਹ ਗੱਲ ਵੀ ਪੱਕੀ ਹੋ ਚੁੱਕੀ ਹੈ ਕਿ ਜਿਹੜਾ ਪਿਸਟਲ ਪੁਲਿਸ ਨੇ ਬਰਾਮਦ ਕੀਤਾ ਸੀ ਉਸ ਪਿਸਟਲ ਨਾਲ ਹੀ ਨਿੱਝਰ ਦੀ ਹੱਤਿਆ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਰ ਬੜੀ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਨੇ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਪਾਸ ਕਈ ਅਹਿਮ ਖੁਲਾਸੇ ਕੀਤੇ ਹਨ ਇਹ ਵੀ ਪਤਾ ਲੱਗਾ ਹੈ ਕਿ ਇਸ ਮਾਮਲੇ ਵਿੱਚ ਆਉਂਦੇ ਕੁਝ ਦਿਨਾਂ ਬਾਅਦ ਅਹਿਮ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਅਮਨਦੀਪ ਸਿੰਘ ਮਲੇਰਕੋਟਲਾ ਨੇੜੇ ਪਿੰਡ ਮਹਿਮਦਪੁਰ (ਜ਼ਿਲ੍ਹਾ ਸੰਗਰੂਰ) ਦਾ ਦੱਸਿਆ ਜਾ ਰਿਹਾ ਹੈ ਪਰ ਇਸ ਦੀ ਪੁਸ਼ਟੀ ਅਜੇ ਤੱਕ ਨਹੀਂ ਹੋਈ ਹੈ।

ਮਹਿੰਗੇ ਵਕੀਲਾਂ ਦੀ ਚਰਚਾ
ਜਿਸ ਦਿਨ ਪਹਿਲੇ ਤਿੰਨ ਗ੍ਰਿਫਤਾਰ ਹੋ ਚੁੱਕੇ ਦੋਸ਼ੀਆਂ ਦੀ ਪੇਸ਼ੀ ਅਦਾਲਤ ਵਿੱਚ ਹੋਈ ਸੀ ਉਸ ਦਿਨ ਜਿਹੜੇ ਵਕੀਲ ਇਹਨਾਂ ਤਿੰਨਾਂ ਵੱਲੋਂ ਪੇਸ਼ ਹੋਏ ਸਨ ਉਹਨਾਂ ਨੂੰ ਦੇਖ ਕੇ ਕੈਨੇਡਾ ਦੇ ਸਿੱਖਾਂ ਵਿੱਚ ਇੱਕ ਅਹਿਮ ਚਰਚਾ ਇਹ ਛਿੜ ਗਈ ਹੈ ਕਿ ਐਨੇ ਮਹਿੰਗੇ ਵਕੀਲ ਕਿਸ ਤਰ੍ਹਾਂ ਇਸ ਮਾਮਲੇ ਵਿੱਚ ਪੇਸ਼ ਹੋਏ ਹਨ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਪੇਸ਼ੀ ਦੇ ਵਕਤ ਜਿਹੜੇ ਵਕੀਲ ਇਹਨਾਂ ਤਿੰਨਾਂ ਵੱਲੋਂ ਪੇਸ਼ ਹੋਏ ਹਨ ਉਹ ਕੈਨੇਡਾ ਦੇ ਸਭ ਤੇ ਮਹਿੰਗੇ ਵਕੀਲਾਂ ਵਿੱਚੋਂ ਮੰਨੇ ਜਾ ਰਹੇ ਹਨ ਅਤੇ ਉਥੇ ਇਹ ਚਰਚਾ ਵੀ ਛੇੜ ਗਈ ਹੈ ਕੇ ਆਖਰਕਾਰ ਇਹਨਾਂ ਦੀ ਏਡੀ ਵੱਡੇ ਪੱਧਰ ਤੇ ਕੌਣ ਮਦਦ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਤਿੰਨ ਵਕੀਲਾਂ ਵਿੱਚੋਂ ਇੱਕ ਵਕੀਲ ਦੀ ਫੀਸ ਤਾਂ ਇੱਕ ਘੰਟੇ ਦੀ 800 ਡਾਲਰ ਦੀ ਹੈ ਜਦ ਕਿ ਇਹਨਾਂ ਦਾ ਪਿਛੋਕੜ ਬਹੁਤ ਹੀ ਸਧਾਰਨ ਪਰਿਵਾਰਾਂ ਦਾ ਹੈ।

ਗੋਲਡੀ ਬਰਾੜ ਦੀ ਖਾਮੋਸ਼ੀ ਨੇ ਖੜੇ ਕੀਤੇ ਸਵਾਲ
ਆਮ ਤੌਰ ਤੇ ਹਰ ਘਟਨਾ ਤੋਂ ਬਾਅਦ ਇੰਡੀਆ ਦਾ ਮੋਸਟ ਵਾਂਟਡ ਗੈਂਗਸਟਰ ਗੋਲਡੀ ਬਰਾੜ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਤੋਂ ਅਕਸਰ ਬਿਆਨ ਦਿੰਦਾ ਰਹਿੰਦਾ ਹੈ ਇਥੋਂ ਤੱਕ ਕਿ ਜਦ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਤਾਂ ਉਸ ਵਕਤ ਗੋਲਡੀ ਬਰਾੜ ਨੇ ਕਈ ਪੋਸਟਾਂ ਪਾਈਆਂ ਸਨ, ਲੇਕਿਨ ਜਿਸ ਦਿਨ ਤੋਂ ਇਸ ਦਾ ਅਤੇ ਲਾਰੈਂਸ ਬਿਸ਼ਨੋਈ ਦਾ ਲਿੰਕ ਇਸ ਕੇਸ ਨਾਲ ਜੁੜਿਆ ਹੈ ਉਸ ਦਿਨ ਤੋਂ ਗੋਲਡੀ ਬਰਾੜ ਦਾ ਕੋਈ ਪਤਾ ਥਾਉ ਨਹੀਂ ਲੱਗ ਰਿਹਾ। ਚਰਚਾ ਤਾਂ ਇਹ ਹੈ ਕਿ ਗੋਲਡੀ ਕੈਨੇਡਾ ਤੇ ਅਮਰੀਕਾ ਛੱਡ ਕੇ ਕਿਸੇ ਹੋਰ ਦੇਸ਼ ਚਲਾ ਗਿਆ ਹੈ। ਗੋਲਡੀ ਬਰਾੜ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਇਹ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਦੇ ਟਾਰਗੇਟ ‘ਤੇ ਵੀ ਆ ਗਿਆ ਹੈ। ਇਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਅਮਰੀਕਾ ਦੀ ਫੈਡਰਲ ਏਜੰਸੀ ਐਫ ਬੀ ਆਈ ਅਤੇ ਸੀਆਈਏ ਕੈਨੇਡਾ ਪੁਲਿਸ ਦੀ ਨਿੱਝਰ ਆਲੇ ਮਾਮਲੇ ਵਿੱਚ ਸਹਿਯੋਗ ਕਰ ਰਹੀ ਹੈ ਅਤੇ ਇਹਨਾਂ ਗ੍ਰਿਫਤਾਰੀਆਂ ਵਿੱਚ ਵੀ ਸੀਆਈਏ ਦਾ ਵੱਡਾ ਹੱਥ ਦੱਸਿਆ ਜਾ ਰਿਹਾ ਹੈ।