ਦਾ ਐਡੀਟਰ ਨਿਊਜ਼, ਚੰਡੀਗੜ੍ਹ ——– ਹਰਿਆਣਾ ਸਰਕਾਰ ਨੇ ਹਰਿਆਣੇ ਵਿੱਚ ਸਾਰੇ ਗੁਰਦੁਆਰਿਆਂ ਦੇ ਅਕਾਊਂਟ ਫਰੀਜ ਕਰ ਦਿੱਤੇ ਹਨ ਜਿਸ ਦੀ ਵਜ੍ਹਾ ਕਰਕੇ ਹਰਿਆਣੇ ਦੇ ਇਤਿਹਾਸਿਕ ਗੁਰਦੁਆਰਿਆਂ ਤੇ ਆਰਥਿਕ ਸੰਕਟ ਛਾ ਗਿਆ ਹੈ ਅਤੇ ਸਿਰਫ ਰੋਜ਼ਾਨਾ ਦਸ ਹਜ਼ਾਰ ਰੁਪਏ ਖਰਚਣ ਦੀ ਇਜਾਜ਼ਤ ਦਿੱਤੀ ਗਈ ਹੈ।
ਹਰਿਆਣਾ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੀ ਗਈ ਚਿੱਠੀ ਵਿੱਚ ਸਾਰੀਆਂ ਬੈਂਕਾਂ ਨੂੰ ਗੁਰਦੁਆਰਿਆਂ ਦੇ ਅਕਾਊਂਟ ਫਰੀਜ ਕਰਨ ਲਈ ਕਿਹਾ ਗਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਕਾਰਵਾਈ ਉਸ ਵਕਤ ਕੀਤੀ ਗਈ ਹੈ ਜਦ ਵਿਸਾਖੀ ਦਾ ਦਿਹਾੜਾ ਸਿਰ ਤੇ ਹੈ ਦੱਸਿਆ ਜਾ ਰਿਹਾ ਹੈ। ਅਕਾਊਂਟ ਬੰਦ ਹੋਣ ਦੀ ਵਜ੍ਹਾ ਕਰਕੇ ਲੱਖਾਂ ਦੀ ਤਾਦਾਦ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਲੰਗਰ ਤਿਆਰ ਕਰਨ ਲਈ ਵੀ ਗੁਰਦੁਆਰਿਆਂ ਵਿੱਚ ਪੈਸੇ ਦੀ ਘਾਟ ਦੱਸੀ ਜਾ ਰਹੀ ਹੈ। ਸਰਕਾਰ ਦਾ ਦੋਸ਼ ਹੈ ਕਿ ਹਰਿਆਣਾ ਪ੍ਰਬੰਧਕ ਮੈਨੇਜਮੈਂਟ ਕਮੇਟੀ ਦੇ ਪ੍ਰਬੰਧਕਾਂ ਨੇ ਗੁਰਦੁਆਰਿਆਂ ਦੇ ਫੰਡਾਂ ਦੀ ਦੁਰਵਰਤੋਂ ਕੀਤੀ ਹੈ ਜਿਸ ਦੀਆਂ ਸ਼ਿਕਾਇਤਾਂ ਉਹਨਾਂ ਨੂੰ ਮਿਲ ਰਹੀਆਂ ਹਨ।


ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਅਜੇ ਵੀ ਵਕਤ ਹੈ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਰਨ ਵਿੱਚ ਆ ਜਾਣ —
ਇਸ ਤੇ ਅਕਾਲੀ ਦਲ ਦੇ ਨੇਤਾ ਕਰਨੈਲ ਸਿੰਘ ਪੀਰ ਮੁਹੰਮਦ ਨੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦਿਆਂ ਕਿਹਾ ਕਿ ਹਰਿਆਣੇ ਦੇ ਮੁੱਖ ਮੰਤਰੀ ਸੈਣੀ ਹੁਣ ਭਜਨ ਲਾਲ ਬਣਨ ਦੀ ਕੋਸ਼ਿਸ਼ ਨਾ ਕਰਨ। ਉਹਨਾਂ ਕਿਹਾ ਕਿ ਬੀਜੇਪੀ ਦਾ ਸਿੱਖਾਂ ਪ੍ਰਤੀ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ ਅਤੇ ਇਸੇ ਵਜ੍ਹਾ ਕਰਕੇ ਹੀ ਬੀਜੇਪੀ ਨੇ ਗੁਰਦੁਆਰਿਆਂ ਤੇ ਕਬਜ਼ਾ ਕੀਤਾ ਹੈ। ਅਕਾਲੀ ਦਲ ਨੇ ਹਰਿਆਣੇ ਦੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਅਜੇ ਵੀ ਵਕਤ ਹੈ ਉਹ ਸ਼੍ਰੋਮਣੀ ਕਮੇਟੀ ਵਿੱਚ ਆ ਜਾਣ।
