ਦਾ ਐਡੀਟਰ ਨਿਊਜ਼, ਚੰਡੀਗੜ੍ਹ —– ਪੰਜਾਬ ‘ਚ ਕਾਰਾਂ ਤੇ ਮੋਟਰ ਗੱਡੀਆਂ ‘ਚ ਪਿਛਲੀ ਸੀਟ ‘ਤੇ ਬੈਠਣ ਵਾਲਿਆਂ ਲਈ ਵੀ ਸੀਟ ਬੈਲਟ ਲਾਜ਼ਮੀ ਹੋ ਗਈ ਹੈ। ਇਸ ਸਬੰਧੀ ਪੰਜਾਬ ਦੇ ਏਡੀਜੀਪੀ ਟ੍ਰੈਫਿਕ ਦੇ ਵਲੋਂ ਸਾਰੇ ਐਸਐਸਪੀਜ਼ ਤੇ ਪੁਲਿਸ ਕਮਿਸ਼ਨਰਜ਼ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਇਸ ਸੰਬੰਧੀ ਏਡੀਜੀਪੀ ਟ੍ਰੈਫਿਕ ਏਐਸ ਰਾਏ ਨੇ ਦੱਸਿਆ ਕਿ, ਭਾਰਤ ਸਰਕਾਰ ਪਹਿਲਾਂ ਹੀ ਇਸ ਸਬੰਧੀ ਫ਼ੈਸਲਾ ਕਰ ਚੁੱਕੀ ਹੈ ਅਤੇ ਭਾਰਤ ਸਰਕਾਰ ਦੇ ਫ਼ੈਸਲੇ ਨੂੰ ਹੀ ਅਸੀਂ ਸਟੇਟ ਲਾਗੂ ਕਰ ਰਹੇ ਹਾਂ। ਜਿਸ ਨੂੰ ਸੂਬੇ ‘ਚ ਹੁਣ ਲਾਗੂ ਕਰਨ ਦਾ ਹੁਕਮ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਜਾਰੀ ਕੀਤਾ ਗਿਆ ਹੈ।
ਜਾਰੀ ਹੁਕਮਾਂ ਵਿਚ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਲਿਖਿਆ ਗਿਆ ਹੈ ਕਿ, ਆਪਣੇ ਅਧੀਨ ਤਾਇਨਾਤ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜਾਂ ਨੂੰ ਹਦਾਇਤ ਕਰੋ ਕਿ ਉਹ ਆਮ ਪਬਲਿਕ ਨੂੰ ਅਤੇ ਆਪਣੇ ਕਮਿਸ਼ਨਰੇਟ/ਜ਼ਿਲ੍ਹਾ ਵਿੱਚ ਚਲ ਰਹੀਆਂ ਪੀ ਸੀ.ਆਰ ਮੁੱਖ-ਅਫਸਰ ਥਾਣਾ, ਚੌਕੀਆਂ, ਅਧਿਕਾਰੀਆਂ ਦੀਆਂ ਗੱਡੀਆਂ ਦੇ ਡਰਾਇਵਰਾਂ ਨੂੰ ਮੀਟਿੰਗ ਕਰਕੇ ਦੱਸਿਆ ਜਾਵੇ ਕਿ ਜਦੋਂ ਵੀ ਉਹ ਗੱਡੀ ਚਲਾਉਣਗੇ ਤਾਂ ਸੀਟ ਬੈਲਟ ਲਗਾਕੇ ਹੀ ਗੱਡੀ ਚਲਾਉਣਗੇ।
ਜਾਰੀ ਹੁਕਮਾਂ ਵਿਚ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਲਿਖਿਆ ਗਿਆ ਹੈ ਕਿ, ਜੇਕਰ ਕੋਈ ਗੰਨਮੈਨ ਡਰਾਇਵਰ ਦੇ ਸਾਈਡ ਵਾਲੀ ਸੀਟ ਤੇ ਬੈਠਦਾ ਹੈ ਤਾਂ ਉਹ ਵੀ ਸੀਟ ਬੈਲਟ ਲਗਾਕੇ ਬੈਠੇਗਾ। ਇਸ ਤੋਂ ਇਲਾਵਾ ਕੋਈ ਵੀ ਅਧਿਕਾਰੀ ਸਰਕਾਰੀ ਗੱਡੀ ਵਿੱਚ / ਆਮ ਪਬਲਿਕ ਦਾ ਵਿਅਕਤੀ ਆਪਣੇ ਚਾਰ ਪਹੀਆ ਵਾਹਨ ਵਿੱਚ ਪਿਛਲੀ ਸੀਟ ਤੇ ਬੈਠਦਾ ਹੈ ਤਾਂ ਉਹ ਵੀ ਸੀਟ ਬੈਲਟ ਲਗਾਕੇ ਬੈਠੇਗਾ।
ਟ੍ਰੈਫਿਕ ਐਜੂਕੇਸ਼ਨ ਸੇਲ ਵੱਲੋਂ ਲਗਾਏ ਜਾ ਰਹੇ ਸੈਮੀਨਾਰਾਂ ਵਿੱਚ ਇਸ ਦਾ ਸੁਨੇਹਾ ਆਮ ਪਬਲਿਕ ਵਿੱਚ ਹਰ ਰੋਜ ਦਿੱਤਾ ਜਾਵੇ ਅਤੇ ਇਹ ਵੀ ਕਿਹਾ ਜਾਵੇ ਕਿ ਇਹ ਰੋਡ ਸੇਫਟੀ ਮਹੀਨਾ ਖਤਮ ਹੋਣ ਉਪਰੰਤ ਕੋਈ ਵੀ ਸਰਕਾਰੀ ਜਾਂ ਗੈਰ-ਸਰਕਾਰੀ ਡਰਾਈਵਰ/ਅਧਿਕਾਰੀ ਅੱਗੇ ਜਾਂ ਪਿੱਛੇ ਸੀਟ ਬੈਲਟ ਦੀ ਵਰਤੋਂ ਨਹੀਂ ਕਰਦਾ ਤਾਂ ਉਸਦੇ ਖਿਲਾਫ ਮੋਟਰ ਵਹੀਕਲ ਐਕਟ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।