ਦਾ ਐਡੀਟਰ ਨਿਊਜ਼, ਚੰਡੀਗੜ੍ਹ —- ਦਾ ਐਡੀਟਰ ਨਿਊਜ਼ ਦੇ ਵੱਡੇ ਖੁਲਾਸੇ ਤੋਂ ਬਾਅਦ ਹਰਕਤ ‘ਚ ਆਈ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐਸ ਆਈ ਟੀ ਨੇ ਇਸ ਮਾਮਲੇ ‘ਚ ਭਗੌੜੇ ਡੇਰਾ ਸਿਰਸਾ ਦੇ ਮੈਂਬਰ ਪ੍ਰਦੀਪ ਕਲੇਰ ਨੂੰ ਅਯੁੱਧਿਆ ਦੇ ਇਲਾਕੇ ‘ਚੋਂ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਦਾ ਐਡੀਟਰ ਨਿਊਜ਼ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਪ੍ਰਦੀਪ ਕਲੇਰ ਅਯੁੱਧਿਆ ‘ਚ ਲੰਗਰ ਵਰਤਾ ਰਿਹਾ ਹੈ ਅਤੇ ਉਸ ਦੀਆਂ ਲੰਗਰ ਵਰਤਾਉਂਦੇ ਦੀਆਂ ਯੂਪੀ ਦੇ ਮੰਤਰੀ ਨੇ ਤਸਵੀਰਾਂ ਖੁਦ ਸ਼ੇਅਰ ਕੀਤੀਆਂ ਸੀ। ਇਸ ਖੁਲਾਸੇ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕਰ ਰਹੀ ਸਿਟ ਸਰਗਰਮ ਹੋ ਗਈ ਅਤੇ ਸਿਟ ਦੇ ਮੁਖੀ ADGP SPS ਪਰਮਾਰ, ਜਲੰਧਰ ਦਿਹਾਤੀ ਦੇ SSP ਮੁਖਵਿੰਦਰ ਸਿੰਘ ਭੁੱਲਰ ਫਰੀਦਕੋਟ ਦੇ SSP ਹਰਜੀਤ ਸਿੰਘ ਵੱਲੋਂ ਯੂਪੀ ਅਤੇ ਦਿੱਲੀ ‘ਚ ਟੀਮਾਂ ਭੇਜੀਆਂ ਗਈਆਂ ਸਨ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਟੀਮ ਨੇ ਪ੍ਰਦੀਪ ਕਲੇਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪਤਾ ਲੱਗਾ ਹੈ ਇਸ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਣਕਾਰੀ ਵੀ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਸਿਟ ਨੂੰ ਵਧਾਈ ਵੀ ਦਿੱਤੀ ਹੈ। ਪਤਾ ਲੱਗਾ ਹੈ ਕਿ ਇਸ ਮਾਮਲੇ ‘ਚ ਪੁਲਿਸ ਪਾਰਟੀ ਨੇ ਪਿਛਲੇ ਕਈ ਦਿਨਾਂ ਤੋਂ ਪ੍ਰਦੀਪ ਕਲੇਰ ਦੀ ਪੈੜ ਨੱਪ ਰਹੀ ਸੀ। ਪ੍ਰਦੀਪ ਕਲੇਰ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਬੇਅਦਬੀ ਕਾਂਡ ਦੀਆਂ ਅਹਿਮ ਪਰਤਾਂ ਖੁੱਲ੍ਹਣਗੀਆਂ। ਇਸ ਗ੍ਰਿਫਤਾਰੀ ਨੂੰ ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ ਦੇ ਤੌਰ ‘ਤੇ ਦੇਖਿਆ ਜਾ ਸਕਦਾ ਹੈ।